ਤਾਜਾ ਖਬਰਾਂ
ਕੈਨੇਡਾ ਵਿੱਚ ਇੱਕ ਪੰਜਾਬੀ ਮੂਲ ਦੇ ਟਰੱਕ ਡ੍ਰਾਈਵਰ ਦੀ ਲਾਪਰਵਾਹੀ ਨੇ ਇੱਕ ਹੱਸਦੇ-ਖੇਡਦੇ ਪਰਿਵਾਰ ਨੂੰ ਉਜਾੜ ਦਿੱਤਾ ਹੈ। 29 ਸਾਲਾ ਕੈਨੇਡੀਅਨ ਨਾਗਰਿਕ ਬਲਜੀਤ ਸਿੰਘ ਨੇ ਅਦਾਲਤ ਵਿੱਚ ਕਬੂਲ ਕੀਤਾ ਹੈ ਕਿ ਹਾਦਸੇ ਵੇਲੇ ਉਸਦਾ ਧਿਆਨ ਸੜਕ ਦੀ ਬਜਾਏ ਆਪਣੇ ਮੋਬਾਈਲ ਫ਼ੋਨ ’ਤੇ ਸੀ, ਜਿਸ ਕਾਰਨ ਇੱਕ ਔਰਤ ਅਤੇ ਉਸਦੇ ਮਾਸੂਮ ਪੁੱਤਰ ਦੀ ਜਾਨ ਚਲੀ ਗਈ।
ਇਹ ਘਟਨਾ 19 ਜੁਲਾਈ 2022 ਦੀ ਰਾਤ ਨੂੰ ਕਿਊਬੈਕ ਦੇ ਬ੍ਰੋਸਾਰਡ ਇਲਾਕੇ ਵਿੱਚ ਹਾਈਵੇਅ 30 ’ਤੇ ਵਾਪਰੀ ਸੀ। ਬਲਜੀਤ ਸਿੰਘ ਦਾ ਤੇਜ਼ ਰਫ਼ਤਾਰ ਟਰੱਕ ਇੱਕ ਕਾਰ ਨਾਲ ਜਾ ਟਕਰਾਇਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਵਿੱਚ ਸਵਾਰ ਮਹਿਲਾ ਅਤੇ ਉਸਦੇ ਪੁੱਤਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਪਰਿਵਾਰ ਦਾ ਮੁਖੀ (ਪਤੀ) ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸ ਦੀਆਂ ਕਈ ਹੱਡੀਆਂ ਟੁੱਟ ਗਈਆਂ ਸਨ।
21 ਅਪ੍ਰੈਲ ਨੂੰ ਹੋਈ ਅਦਾਲਤੀ ਸੁਣਵਾਈ ਦੌਰਾਨ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ। ਪੁਲਿਸ ਵੱਲੋਂ ਜ਼ਬਤ ਕੀਤੇ ਗਏ ਟਰੱਕ ਦੇ ਡੈਸ਼ਕੈਮ ਫੁਟੇਜ ਵਿੱਚ ਸਾਫ਼ ਦੇਖਿਆ ਗਿਆ ਕਿ ਹਾਦਸੇ ਤੋਂ ਤੁਰੰਤ ਪਹਿਲਾਂ ਬਲਜੀਤ ਸਿੰਘ ਆਪਣੇ ਫ਼ੋਨ ’ਤੇ 'ਲੂਡੋ' ਖੇਡ ਰਿਹਾ ਸੀ। ਮੋਬਾਈਲ ਗੇਮ ਵਿੱਚ ਮਸ਼ਗੂਲ ਹੋਣ ਕਾਰਨ ਉਸ ਨੂੰ ਸਾਹਮਣੇ ਆ ਰਹੀ ਕਾਰ ਦਾ ਪਤਾ ਨਹੀਂ ਲੱਗਿਆ ਅਤੇ ਇਹ ਖੂਨੀ ਹਾਦਸਾ ਵਾਪਰ ਗਿਆ।
ਬਲਜੀਤ ਸਿੰਘ ਨੇ ਅਦਾਲਤ ਵਿੱਚ ਆਪਣੀ ਗਲਤੀ ਮੰਨਦਿਆਂ 'ਖ਼ਤਰਨਾਕ ਡ੍ਰਾਈਵਿੰਗ' ਕਾਰਨ ਹੋਈਆਂ ਮੌਤਾਂ ਦਾ ਗੁਨਾਹ ਕਬੂਲ ਕਰ ਲਿਆ ਹੈ।
ਪੀਲ ਪੁਲਿਸ ਨੇ ਦੱਸਿਆ ਕਿ ਸੀਸੀਟੀਵੀ ਅਤੇ ਡੈਸ਼ਕੈਮ ਫੁਟੇਜ ਨੂੰ ਸਬੂਤ ਵਜੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।
ਪੁਲਿਸ ਨੇ ਫਿਲਹਾਲ ਇਸ ਵੀਡੀਓ ਨੂੰ ਜਨਤਕ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ, ਕਿਉਂਕਿ ਮਾਮਲਾ ਅਜੇ ਕਾਨੂੰਨੀ ਪ੍ਰਕਿਰਿਆ ਅਧੀਨ ਹੈ।
ਇਸ ਘਟਨਾ ਨੇ ਕੈਨੇਡਾ ਵਿੱਚ ਸੜਕੀ ਸੁਰੱਖਿਆ ਨਿਯਮਾਂ ਅਤੇ ਡ੍ਰਾਈਵਿੰਗ ਦੌਰਾਨ ਮੋਬਾਈਲ ਦੀ ਵਰਤੋਂ ਦੇ ਗੰਭੀਰ ਖ਼ਤਰਿਆਂ ਨੂੰ ਲੈ ਕੇ ਇੱਕ ਵਾਰ ਫਿਰ ਵੱਡੀ ਬਹਿਸ ਛੇੜ ਦਿੱਤੀ ਹੈ। ਅਦਾਲਤ ਵੱਲੋਂ ਜਲਦ ਹੀ ਇਸ ਮਾਮਲੇ ਵਿੱਚ ਬਲਜੀਤ ਸਿੰਘ ਨੂੰ ਸਜ਼ਾ ਸੁਣਾਈ ਜਾਣ ਦੀ ਉਮੀਦ ਹੈ।
Get all latest content delivered to your email a few times a month.