ਤਾਜਾ ਖਬਰਾਂ
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਕੈਨੇਡਾ ਦੇ ਸੂਬੇ ਓਂਟਾਰੀਓ ਵਿੱਚ ਇੱਕ ਬਜ਼ੁਰਗ ਸਿੱਖ ਵਿਅਕਤੀ ‘ਤੇ ਹੋਏ ਨਸਲੀ ਹਮਲੇ ਦੀ ਘੋਰ ਨਿੰਦਾ ਕੀਤੀ ਹੈ। ਉਨ੍ਹਾਂ ਇਸ ਘਟਨਾ ਨੂੰ ਮਨੁੱਖੀ ਮੂਲਿਆਂ ਦੇ ਖ਼ਿਲਾਫ਼ ਦੱਸਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਹਿੰਸਾ ਸਿਰਫ਼ ਇੱਕ ਵਿਅਕਤੀ ‘ਤੇ ਹਮਲਾ ਨਹੀਂ, ਸਗੋਂ ਪੂਰੇ ਸਮਾਜਿਕ ਤਾਣੇ-ਬਾਣੇ ਨੂੰ ਨੁਕਸਾਨ ਪਹੁੰਚਾਉਂਦੀ ਹੈ।
ਉਨ੍ਹਾਂ ਕਿਹਾ ਕਿ ਕੈਨੇਡਾ ਵਰਗੇ ਬਹੁ-ਸੱਭਿਆਚਾਰਕ ਦੇਸ਼ ਵਿੱਚ ਅਜਿਹੀਆਂ ਘਟਨਾਵਾਂ ਚਿੰਤਾਜਨਕ ਹਨ, ਜਿੱਥੇ ਸਿੱਖ ਭਾਈਚਾਰੇ ਨੇ ਦਹਾਕਿਆਂ ਤੋਂ ਆਪਣੀ ਮਿਹਨਤ, ਇਮਾਨਦਾਰੀ ਅਤੇ ਸੇਵਾ ਭਾਵਨਾ ਨਾਲ ਵੱਡਾ ਯੋਗਦਾਨ ਪਾਇਆ ਹੈ। 19ਵੀਂ ਸਦੀ ਤੋਂ ਲੈ ਕੇ ਅੱਜ ਤੱਕ ਸਿੱਖਾਂ ਨੇ ਖੇਤੀਬਾੜੀ, ਉਦਯੋਗ ਅਤੇ ਹੋਰ ਖੇਤਰਾਂ ਵਿੱਚ ਆਪਣੀ ਮਜ਼ਬੂਤ ਹਿਸੇਦਾਰੀ ਨਿਭਾਈ ਹੈ ਅਤੇ ਦੇਸ਼ ਦੀ ਤਰੱਕੀ ਵਿੱਚ ਭਾਗੀਦਾਰ ਬਣੇ ਹਨ।
ਸਿੰਘ ਸਾਹਿਬ ਨੇ ਕਿਹਾ ਕਿ ਕਿਸੇ ਵੀ ਨੌਜਵਾਨ ਵੱਲੋਂ ਇੱਕ ਬਜ਼ੁਰਗ ਨੂੰ ਧਮਕਾਉਣਾ ਅਤੇ ਨਸਲੀ ਟਿੱਪਣੀਆਂ ਕਰਨਾ ਬਿਲਕੁਲ ਅਸਵੀਕਾਰਯੋਗ ਹੈ ਅਤੇ ਇਹ ਕੈਨੇਡਾ ਦੇ “ਵਿਭਿੰਨਤਾ ਵਿੱਚ ਏਕਤਾ” ਦੇ ਮੂਲ ਸਿਧਾਂਤ ਦੇ ਖ਼ਿਲਾਫ਼ ਹੈ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਨਫ਼ਰਤੀ ਅਪਰਾਧਾਂ ਨੂੰ ਸਖ਼ਤੀ ਨਾਲ ਲਿਆ ਜਾਣਾ ਚਾਹੀਦਾ ਹੈ ਅਤੇ ਇਸ ਮਾਮਲੇ ਨੂੰ ਸਿਰਫ਼ ਆਮ ਕੁੱਟਮਾਰ ਵਜੋਂ ਨਾ ਦੇਖਿਆ ਜਾਵੇ।
ਉਨ੍ਹਾਂ ਓਂਟਾਰੀਓ ਪੁਲਿਸ ਅਤੇ ਸੂਬਾਈ ਸਰਕਾਰ ਨੂੰ ਅਪੀਲ ਕੀਤੀ ਕਿ ਦੋਸ਼ੀਆਂ ਖ਼ਿਲਾਫ਼ “ਹੇਟ ਕ੍ਰਾਈਮ” ਤਹਿਤ ਕਾਰਵਾਈ ਕਰਕੇ ਕੜੀ ਸਜ਼ਾ ਦਿੱਤੀ ਜਾਵੇ, ਤਾਂ ਜੋ ਅਗਾਂਹ ਤੋਂ ਅਜਿਹੀਆਂ ਘਟਨਾਵਾਂ ‘ਤੇ ਰੋਕ ਲੱਗ ਸਕੇ। ਨਾਲ ਹੀ, ਉਨ੍ਹਾਂ ਸਿੱਖਿਆ ਸੰਸਥਾਵਾਂ ਅਤੇ ਸਮਾਜਿਕ ਸੰਗਠਨਾਂ ਨੂੰ ਵੀ ਅਪੀਲ ਕੀਤੀ ਕਿ ਵੱਖ-ਵੱਖ ਸੱਭਿਆਚਾਰਾਂ ਬਾਰੇ ਜਾਗਰੂਕਤਾ ਵਧਾਈ ਜਾਵੇ, ਤਾਂ ਜੋ ਨਵੀਂ ਪੀੜ੍ਹੀ ਵਿੱਚ ਸਹਿਨਸ਼ੀਲਤਾ ਅਤੇ ਸਤਿਕਾਰ ਦੀ ਭਾਵਨਾ ਪੈਦਾ ਹੋਵੇ।
ਅੰਤ ਵਿੱਚ, ਉਨ੍ਹਾਂ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਆਪਣੇ ਦੂਤਾਵਾਸਾਂ ਰਾਹੀਂ ਕੈਨੇਡਾ ਸਰਕਾਰ ਨਾਲ ਸੰਪਰਕ ਕਰਕੇ ਉੱਥੇ ਰਹਿੰਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਇਸ ਤਰ੍ਹਾਂ ਦੀਆਂ ਨਸਲੀ ਘਟਨਾਵਾਂ ‘ਤੇ ਕਾਬੂ ਪਾਇਆ ਜਾਵੇ।
Get all latest content delivered to your email a few times a month.