ਤਾਜਾ ਖਬਰਾਂ
ਪੰਜਾਬ ਦੀ ਪੇਂਡੂ ਆਰਥਿਕਤਾ ਨੂੰ ਹੁਲਾਰਾ ਦੇਣ ਅਤੇ ਡੇਅਰੀ ਕਿਸਾਨਾਂ ਦੀ ਆਮਦਨ ਵਧਾਉਣ ਦੇ ਮਕਸਦ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਨੇ ਇੱਕ ਅਹਿਮ ਫੈਸਲਾ ਲਿਆ ਹੈ। ਮਿਲਕਫੈੱਡ ਪੰਜਾਬ (ਵੇਰਕਾ) ਨੇ ਆਪਣੇ ਨਾਲ ਜੁੜੇ ਲੱਖਾਂ ਕਿਸਾਨਾਂ ਲਈ ਦੁੱਧ ਦੀ ਖ਼ਰੀਦ ਕੀਮਤ ਵਿੱਚ 20 ਰੁਪਏ ਪ੍ਰਤੀ ਕਿਲੋਗ੍ਰਾਮ ਫੈਟ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਹ ਨਵੀਆਂ ਕੀਮਤਾਂ 1 ਮਈ, 2026 ਤੋਂ ਲਾਗੂ ਹੋਣਗੀਆਂ।
ਸਰਕਾਰੀ ਸੂਤਰਾਂ ਅਨੁਸਾਰ, ਮਿਲਕਫੈੱਡ ਦੇ ਇਸ ਫੈਸਲੇ ਨਾਲ ਸਿੱਧੇ ਤੌਰ 'ਤੇ ਵੇਰਕਾ ਨਾਲ ਜੁੜੇ 2.5 ਲੱਖ ਡੇਅਰੀ ਕਿਸਾਨਾਂ ਦੀ ਜੇਬ ਵਿੱਚ ਵਧੇਰੇ ਪੈਸਾ ਆਵੇਗਾ। ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਲਏ ਗਏ ਇਸ ਕਦਮ ਦਾ ਮੁੱਖ ਉਦੇਸ਼ ਪੰਜਾਬ ਦੇ ਸਹਿਕਾਰੀ ਡੇਅਰੀ ਢਾਂਚੇ ਨੂੰ ਮਜ਼ਬੂਤ ਕਰਨਾ ਅਤੇ ਪੇਂਡੂ ਖੇਤਰਾਂ ਵਿੱਚ ਆਰਥਿਕ ਸਥਿਰਤਾ ਲਿਆਉਣਾ ਹੈ।
ਮਿਲਕਫੈੱਡ ਦੇ ਇਸ ਫੈਸਲੇ ਦਾ ਅਸਰ ਸਿਰਫ਼ ਵੇਰਕਾ ਤੱਕ ਹੀ ਸੀਮਤ ਨਹੀਂ ਰਹੇਗਾ। ਮਾਹਿਰਾਂ ਦਾ ਮੰਨਣਾ ਹੈ ਕਿ ਉੱਤਰੀ ਭਾਰਤ ਦੀ ਇਸ ਮੋਹਰੀ ਸਹਿਕਾਰੀ ਸੰਸਥਾ ਵੱਲੋਂ ਕੀਮਤਾਂ ਵਧਾਉਣ ਮਗਰੋਂ, ਦੁੱਧ ਖ਼ਰੀਦਣ ਵਾਲੀਆਂ ਨਿੱਜੀ ਕੰਪਨੀਆਂ ਨੂੰ ਵੀ ਮਜਬੂਰਨ ਆਪਣੇ ਭਾਅ ਵਧਾਉਣੇ ਪੈਣਗੇ। ਇਸ ਨਾਲ ਪੰਜਾਬ ਦੇ ਲਗਭਗ 30 ਲੱਖ ਦੁੱਧ ਉਤਪਾਦਕਾਂ ਨੂੰ ਫਾਇਦਾ ਹੋਵੇਗਾ ਅਤੇ ਸੂਬੇ ਦੀ ਪੇਂਡੂ ਆਰਥਿਕਤਾ ਵਿੱਚ ਹਰ ਮਹੀਨੇ ਕਰੀਬ 100 ਕਰੋੜ ਰੁਪਏ ਦਾ ਵਾਧੂ ਯੋਗਦਾਨ ਪਵੇਗਾ।
ਮਿਲਕਫੈੱਡ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਡੇਅਰੀ ਫਾਰਮਿੰਗ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ। ਖ਼ਰੀਦ ਕੀਮਤਾਂ ਵਿੱਚ ਇਹ ਵਾਧਾ ਪਸ਼ੂਪਾਲਕਾਂ ਨੂੰ ਉਤਸ਼ਾਹਿਤ ਕਰੇਗਾ ਅਤੇ ਡੇਅਰੀ ਫਾਰਮਿੰਗ ਨੂੰ ਹੋਰ ਲਾਹੇਵੰਦ ਧੰਦਾ ਬਣਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ। ਮਾਨ ਸਰਕਾਰ ਦੇ ਇਸ ਫੈਸਲੇ ਨੂੰ ਖੇਤੀਬਾੜੀ ਖੇਤਰ ਵਿੱਚ ਵੱਡੀ ਰਾਹਤ ਵਜੋਂ ਦੇਖਿਆ ਜਾ ਰਿਹਾ ਹੈ।
Get all latest content delivered to your email a few times a month.