ਤਾਜਾ ਖਬਰਾਂ
ਕੈਨੇਡਾ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ 2 ਮਿਲੀਅਨ ਡਾਲਰ ਮੁੱਲ ਦੀ ਗਾਂਜੇ ਦੀ ਖੇਪ ਚੋਰੀ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਇਸ ਕਾਰਵਾਈ ਦੌਰਾਨ ਪੁਲਿਸ ਨੇ ਚੋਰੀ ਹੋਇਆ ਟ੍ਰੇਲਰ ਬਰਾਮਦ ਕਰਕੇ ਭਾਰਤੀ ਮੂਲ ਨਾਲ ਸੰਬੰਧਿਤ 5 ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਵਿੱਚ ਮਨਵੀਰ ਸਿੰਘ (21), ਸਰਬਜੀਤ ਸਿੰਘ (32), ਦਿਲਖਾਬ ਸਿੰਘ (21), ਜਸਕਵਾਨ ਮੱਲ੍ਹੀ (23) ਜੋ ਕਿ ਬਰੈਂਪਟਨ ਦੇ ਰਹਿਣ ਵਾਲੇ ਹਨ, ਅਤੇ ਕਰਨ ਕੁਮਾਰ (25) ਜੋ ਹੈਮਿਲਟਨ ਨਾਲ ਸੰਬੰਧਿਤ ਹੈ, ਸ਼ਾਮਲ ਹਨ।
ਯੌਰਕ ਰੀਜਨਲ ਪੁਲਿਸ ਦੇ ਅਨੁਸਾਰ, ਇਹ ਕਾਰਵਾਈ ਆਟੋ/ਕਾਰਗੋ ਥੈਫਟ ਯੂਨਿਟ (ACTU) ਦੀ ਜਾਂਚ ਤੋਂ ਬਾਅਦ ਕੀਤੀ ਗਈ। 15 ਅਪ੍ਰੈਲ 2026 ਨੂੰ ਪੁਲਿਸ ਟੀਮ ਮਿਸੀਸਾਗਾ ਦੇ ਮੈਕਲਾਫਲਿਨ ਰੋਡ ਅਤੇ ਹਾਈਵੇਅ 401 ਦੇ ਨੇੜੇ ਜਾਂਚ ਕਰ ਰਹੀ ਸੀ, ਜਿੱਥੇ ਉਨ੍ਹਾਂ ਨੂੰ ਇੱਕ ਟ੍ਰੇਲਰ ਮਿਲਿਆ ਜੋ ਨਿਆਗਰਾ ਖੇਤਰ ਤੋਂ ਚੋਰੀ ਹੋਣ ਦੀ ਰਿਪੋਰਟ ਸੀ।
ਜਾਂਚ ਵਿੱਚ ਸਾਹਮਣੇ ਆਇਆ ਕਿ ਟ੍ਰੇਲਰ ਵਿੱਚ ਵੱਡੀ ਮਾਤਰਾ ਵਿੱਚ ਗਾਂਜੇ ਦੇ ਉਤਪਾਦ ਲੋਡ ਸਨ, ਜੋ ਵੱਖ-ਵੱਖ ਡਿਸਪੈਂਸਰੀਆਂ ਨੂੰ ਸਪਲਾਈ ਲਈ ਭੇਜੇ ਜਾ ਰਹੇ ਸਨ। ਮੌਕੇ ‘ਤੇ ਮੌਜੂਦ ਕੁਝ ਵਿਅਕਤੀਆਂ ‘ਤੇ ਸ਼ੱਕ ਹੋਣ ‘ਤੇ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਅਤੇ ਤਫਤੀਸ਼ ਦੌਰਾਨ ਇਹਨਾਂ ਨੂੰ ਚੋਰੀ ਨਾਲ ਜੋੜਿਆ ਗਿਆ।
ਤਲਾਸ਼ੀ ਦੌਰਾਨ ਦੋ ਗੈਰ-ਕਾਨੂੰਨੀ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ ਕਰਦਿਆਂ ਕਿਹਾ ਹੈ ਕਿ ਇਸ ਮਾਮਲੇ ਨਾਲ ਹੋਰ ਪੀੜਤ ਵੀ ਜੁੜੇ ਹੋ ਸਕਦੇ ਹਨ। ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵੀ ਇਸ ਘਟਨਾ ਬਾਰੇ ਜਾਣਕਾਰੀ ਹੈ ਤਾਂ ਉਹ ਪੁਲਿਸ ਨਾਲ ਸੰਪਰਕ ਕਰਨ।
Editor in Chief
ਕੱਪੜ ਛਾਣ
Get all latest content delivered to your email a few times a month.