ਤਾਜਾ ਖਬਰਾਂ
ਪੰਜ ਰਾਜਾਂ ਦੇ ਚੋਣ ਨਤੀਜਿਆਂ ਤੋਂ ਪਹਿਲਾਂ ਹੀ ਆਮ ਜਨਤਾ ਅਤੇ ਕਾਰੋਬਾਰੀਆਂ ਨੂੰ ਮਹਿੰਗਾਈ ਨੇ ਵੱਡਾ ਝਟਕਾ ਦਿੱਤਾ ਹੈ। ਤੇਲ ਕੰਪਨੀਆਂ ਵੱਲੋਂ 19 ਕਿਲੋਗ੍ਰਾਮ ਵਾਲੇ ਵਪਾਰਕ ਐਲਪੀਜੀ (LPG) ਸਿਲੰਡਰ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ। ਦਿੱਲੀ ਵਿੱਚ ਵਪਾਰਕ ਸਿਲੰਡਰ ਦੀ ਕੀਮਤ ਵਿੱਚ 993 ਰੁਪਏ ਦਾ ਵਾਧਾ ਹੋਇਆ ਹੈ, ਜਿਸ ਨਾਲ ਹੁਣ ਇੱਕ ਸਿਲੰਡਰ ਦੀ ਕੀਮਤ 3071.50 ਰੁਪਏ ਤੱਕ ਪਹੁੰਚ ਗਈ ਹੈ।
ਕਾਰੋਬਾਰੀਆਂ ਲਈ ਬੁਰੀ ਖ਼ਬਰ ਦੇ ਦਰਮਿਆਨ ਘਰੇਲੂ ਉਪਭੋਗਤਾਵਾਂ ਲਈ ਰਾਹਤ ਵਾਲੀ ਗੱਲ ਇਹ ਰਹੀ ਕਿ 14.2 ਕਿਲੋਗ੍ਰਾਮ ਵਾਲੇ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਦਿੱਲੀ ਵਿੱਚ ਘਰੇਲੂ ਸਿਲੰਡਰ ਅਜੇ ਵੀ 913 ਰੁਪਏ ਦੀ ਪੁਰਾਣੀ ਦਰ 'ਤੇ ਹੀ ਮਿਲੇਗਾ, ਜਿਸ ਨਾਲ ਮੱਧ ਵਰਗ ਦੇ ਰਸੋਈ ਬਜਟ ਨੂੰ ਫਿਲਹਾਲ ਕੋਈ ਵਾਧੂ ਸੇਕ ਨਹੀਂ ਲੱਗਿਆ।
ਦੇਸ਼ ਭਰ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਵਪਾਰਕ ਸਿਲੰਡਰ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ:
ਕੋਲਕਾਤਾ: ਸਭ ਤੋਂ ਵੱਧ 994 ਰੁਪਏ ਦਾ ਵਾਧਾ, ਹੁਣ ਕੀਮਤ ₹3,202 ਹੋ ਗਈ ਹੈ।
ਮੁੰਬਈ: 993 ਰੁਪਏ ਦੇ ਵਾਧੇ ਨਾਲ ਨਵੀਂ ਕੀਮਤ ₹3,024 ਤੱਕ ਪਹੁੰਚੀ।
ਚੇਨਈ: ਇੱਥੇ ਸਿਲੰਡਰ ਹੁਣ ₹3,237 ਵਿੱਚ ਮਿਲੇਗਾ।
ਆਰਥਿਕ ਮਾਹਿਰਾਂ ਦਾ ਮੰਨਣਾ ਹੈ ਕਿ ਵਪਾਰਕ ਗੈਸ ਦੀਆਂ ਕੀਮਤਾਂ ਵਿੱਚ ਹੋਏ ਇਸ ਬੇਤਹਾਸ਼ਾ ਵਾਧੇ ਦਾ ਸਿੱਧਾ ਅਸਰ ਹੋਟਲ ਅਤੇ ਰੈਸਟੋਰੈਂਟ ਉਦਯੋਗ 'ਤੇ ਪਵੇਗਾ। ਹੋਟਲ ਮਾਲਕਾਂ ਦਾ ਕਹਿਣਾ ਹੈ ਕਿ ਇੰਨੀ ਵੱਡੀ ਮਾਤਰਾ ਵਿੱਚ ਖਰਚ ਵਧਣ ਕਾਰਨ ਉਨ੍ਹਾਂ ਕੋਲ ਖਾਣ-ਪੀਣ ਦੀਆਂ ਵਸਤੂਆਂ ਦੇ ਰੇਟ ਵਧਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚੇਗਾ। ਆਉਣ ਵਾਲੇ ਦਿਨਾਂ ਵਿੱਚ ਰੈਸਟੋਰੈਂਟਾਂ ਦੇ ਮੇਨੂ ਕਾਰਡ ਵਿੱਚ ਵਾਧਾ ਹੋਣਾ ਤੈਅ ਮੰਨਿਆ ਜਾ ਰਿਹਾ ਹੈ, ਜਿਸ ਨਾਲ ਆਮ ਆਦਮੀ ਦੀ ਜੇਬ ਹੋਰ ਢਿੱਲੀ ਹੋਵੇਗੀ।
Get all latest content delivered to your email a few times a month.