IMG-LOGO
ਹੋਮ ਪੰਜਾਬ: ਕੈਲਗਰੀ 'ਚ ਗਰਜਿਆ ਦਿਲਜੀਤ ਦੋਸਾਂਝ: ਵਿਰੋਧ ਕਰਨ ਵਾਲਿਆਂ ਨੂੰ ਸਟੇਜ...

ਕੈਲਗਰੀ 'ਚ ਗਰਜਿਆ ਦਿਲਜੀਤ ਦੋਸਾਂਝ: ਵਿਰੋਧ ਕਰਨ ਵਾਲਿਆਂ ਨੂੰ ਸਟੇਜ ਤੋਂ ਦਿੱਤਾ ਠੋਕਵਾਂ ਜਵਾਬ; ਕਿਹਾ– ‘ਪੰਜਾਬ ਦੀ ਗੱਲ ਕਰਨੀ ਨਹੀਂ ਛੱਡਾਂਗਾ, ਜਿੰਨੇ ਝੰਡੇ ਦਿਖਾਉਣੇ ਦਿਖਾਓ’

Admin User - May 02, 2026 10:15 AM
IMG

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਆਪਣੇ ‘ਵਰਲਡ ਟੂਰ’ ਦੇ ਹਿੱਸੇ ਵਜੋਂ ਕੈਲਗਰੀ ਵਿੱਚ ਹੋਏ ਕੰਸਰਟ ਦੌਰਾਨ ਅੱਜ ਬੇਹੱਦ ਗੁੱਸੇ ਵਿੱਚ ਨਜ਼ਰ ਆਏ। ਸ਼ੋਅ ਦੌਰਾਨ ਕੁਝ ਲੋਕਾਂ ਵੱਲੋਂ ਪੋਸਟਰ ਅਤੇ ਝੰਡੇ ਦਿਖਾ ਕੇ ਕੀਤੇ ਜਾ ਰਹੇ ਵਿਰੋਧ ਦਾ ਦਿਲਜੀਤ ਨੇ ਸਟੇਜ ਤੋਂ ਹੀ ਕਰਾਰਾ ਜਵਾਬ ਦਿੱਤਾ। ਸਿੱਧੂ ਮੂਸੇਵਾਲਾ ਦੇ ਅੰਦਾਜ਼ ਵਿੱਚ ਪੱਟ 'ਤੇ ਥਾਪੀ ਮਾਰਦਿਆਂ ਦਿਲਜੀਤ ਨੇ ਸਪੱਸ਼ਟ ਕੀਤਾ ਕਿ ਉਹ ਪੰਜਾਬ ਦੇ ਮੁੱਦਿਆਂ 'ਤੇ ਹਮੇਸ਼ਾ ਖੜ੍ਹੇ ਰਹਿਣਗੇ ਅਤੇ ਸ਼ੋਅ ਦੇ ਮਾਹੌਲ ਨੂੰ ਖ਼ਰਾਬ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।


ਦਿਲਜੀਤ ਨੇ ਵਿਰੋਧ ਕਰ ਰਹੇ ਖਾਲਿਸਤਾਨੀ ਸਮਰਥਕਾਂ ਨੂੰ ਵੰਗਾਰਦਿਆਂ ਕਿਹਾ, "ਜਿੰਨੇ ਮੈਦਾਨ ਵਿੱਚ ਆਉਣਾ ਹੈ ਆ ਜਾਵੇ, ਮੈਂ ਚੁੱਕ ਕੇ ਬਾਹਰ ਸੁੱਟ ਦਿਆਂਗਾ।" ਉਨ੍ਹਾਂ ਸਵਾਲ ਉਠਾਇਆ ਕਿ ਵਿਰੋਧ ਕਰਨ ਵਾਲੇ ਇਹ ਦੱਸਣ ਕਿ ਉਨ੍ਹਾਂ ਨੇ ਪੰਜਾਬ ਲਈ ਕੀ ਕੀਤਾ ਹੈ? ਦਿਲਜੀਤ ਨੇ ਭਾਵੁਕ ਹੁੰਦਿਆਂ ਕਿਹਾ ਕਿ ਜਦੋਂ ਪੰਜਾਬ ਵਿੱਚ ਹੜ੍ਹ ਆਏ ਸਨ, ਤਾਂ ਉਹ ਛੇ ਮਹੀਨੇ ਮੈਦਾਨ ਵਿੱਚ ਡਟੇ ਰਹੇ ਅਤੇ ਲੋਕਾਂ ਦੇ ਘਰ ਬਣਵਾਏ। ਇੱਥੋਂ ਤੱਕ ਕਿ ਉਨ੍ਹਾਂ ਨੇ ਲੋਕਾਂ ਦੀ ਮਦਦ ਲਈ ਆਪਣਾ ਆਸਟ੍ਰੇਲੀਆ ਟੂਰ ਤੱਕ ਰੱਦ ਕਰ ਦਿੱਤਾ ਸੀ।


ਦਿਲਜੀਤ ਨੇ ਬਿਨਾਂ ਨਾਮ ਲਏ ‘ਕੌਣ ਬਣੇਗਾ ਕਰੋੜਪਤੀ’ (KBC) ਅਤੇ ‘ਜਿੰਮੀ ਫੈਲਨ’ ਦੇ ਸ਼ੋਅ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਵੱਡੇ ਪਲੇਟਫਾਰਮਾਂ 'ਤੇ ਆਪਣੀ ਫਿਲਮ ਦੀ ਪ੍ਰੋਮੋਸ਼ਨ ਕਰਨ ਨਹੀਂ, ਸਗੋਂ ਪੰਜਾਬ ਦੀ ਗੱਲ ਕਰਨ ਗਏ ਸਨ। ਉਨ੍ਹਾਂ ਕਿਹਾ, "ਜਦੋਂ ਨੈਸ਼ਨਲ ਮੀਡੀਆ ਸਾਡੀ ਆਵਾਜ਼ ਨਹੀਂ ਸੁਣ ਰਿਹਾ ਸੀ, ਤਾਂ ਮੈਂ ਉੱਥੇ ਜਾ ਕੇ ਪੰਜਾਬ ਲਈ ਫੰਡ ਇਕੱਠਾ ਕੀਤਾ। ਜਿੰਮੀ ਦੇ ਸ਼ੋਅ ਵਿੱਚ ਵੀ ਮੈਂ ਕਾਮਾਗਾਟਾਮਾਰੂ ਵਰਗੀ ਇਤਿਹਾਸਕ ਘਟਨਾ ਦਾ ਜ਼ਿਕਰ ਕੀਤਾ ਤਾਂ ਜੋ ਦੁਨੀਆ ਸਾਡਾ ਇਤਿਹਾਸ ਜਾਣ ਸਕੇ।"


ਅਦਾਕਾਰ ਨੇ ਸਖ਼ਤ ਲਹਿਜੇ ਵਿੱਚ ਕਿਹਾ ਕਿ ਉਨ੍ਹਾਂ ਦੇ ਸ਼ੋਅ ਵਿੱਚ ਬੱਚੇ ਅਤੇ ਬਜ਼ੁਰਗ ਵੀ ਪਰਿਵਾਰਾਂ ਸਮੇਤ ਆਉਂਦੇ ਹਨ। ਜੇਕਰ ਕੋਈ ਅਨੁਸ਼ਾਸਨਹੀਣਤਾ ਕਰੇਗਾ ਜਾਂ ਮਾਹੌਲ ਖ਼ਰਾਬ ਕਰੇਗਾ, ਤਾਂ ਉਸ ਨੂੰ ਤੁਰੰਤ ਬਾਹਰ ਕੱਢ ਦਿੱਤਾ ਜਾਵੇਗਾ। ਉਨ੍ਹਾਂ ਕਿਹਾ, "ਮੈਨੂੰ ਝੰਡਿਆਂ ਦੀ ਪਰਵਾਹ ਨਹੀਂ, ਤੁਸੀਂ ਰੋਜ਼ ਦਿਖਾਓ, ਪਰ ਜੇ ਪੰਜਾਬ ਦੀ ਗੱਲ ਕਰਨ ਕਰਕੇ ਮੇਰਾ ਵਿਰੋਧ ਹੁੰਦਾ ਹੈ, ਤਾਂ ਮੈਂ ਇਸ ਲਈ ਹਮੇਸ਼ਾ ਤਿਆਰ ਹਾਂ।"


ਦਿਲਜੀਤ ਨੇ ਅੰਤ ਵਿੱਚ ਕਿਹਾ ਕਿ ਉਨ੍ਹਾਂ ਦਾ ਮਕਸਦ ਸਿਰਫ਼ ਆਪਣੇ ਲੋਕਾਂ ਦੀ ਸੇਵਾ ਕਰਨਾ ਹੈ, ਕਿਸੇ ਨੂੰ ਖ਼ੁਸ਼ ਕਰਨਾ ਨਹੀਂ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਹਰ ਕੌਮਾਂਤਰੀ ਪਲੇਟਫਾਰਮ 'ਤੇ ਪੰਜਾਬ ਦੀ ਗੱਲ ਕਰਦੇ ਰਹਿਣਗੇ, ਚਾਹੇ ਇਸ ਲਈ ਉਨ੍ਹਾਂ ਨੂੰ ਕਿੰਨਾ ਵੀ ਵਿਰੋਧ ਕਿਉਂ ਨਾ ਸਹਿਣਾ ਪਵੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.