ਤਾਜਾ ਖਬਰਾਂ
ਗੁਰਦਾਸਪੁਰ: ਬਲਾਕ ਕਾਹਨੂੰਵਾਨ ਦੇ ਪਿੰਡ ਝੰਡਾ ਲੁਬਾਣਾ ਵਿੱਚ ਉਸ ਵੇਲੇ ਮਾਤਮ ਪਸਰ ਗਿਆ, ਜਦੋਂ ਇੱਕ 15 ਸਾਲਾ ਸਕੂਲੀ ਵਿਦਿਆਰਥੀ ਨੇ ਸਕੂਲ ਪ੍ਰਬੰਧਕਾਂ ਦੀ ਕਥਿਤ ਵਧੀਕੀ ਤੋਂ ਪ੍ਰੇਸ਼ਾਨ ਹੋ ਕੇ ਮੌਤ ਨੂੰ ਗਲੇ ਲਗਾ ਲਿਆ। ਮ੍ਰਿਤਕ ਨਵਜੋਤ ਸਿੰਘ ਕਸਬਾ ਦਸੂਹਾ ਦੇ ਇੱਕ ਨਾਮੀ ਨਿੱਜੀ ਸਕੂਲ ਵਿੱਚ ਪੜ੍ਹਦਾ ਸੀ। ਇਸ ਮੰਦਭਾਗੀ ਘਟਨਾ ਤੋਂ ਬਾਅਦ ਜਿੱਥੇ ਇਲਾਕੇ ਵਿੱਚ ਭਾਰੀ ਰੋਸ ਹੈ, ਉੱਥੇ ਹੀ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਚੁੱਕਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ 27 ਅਪ੍ਰੈਲ ਨੂੰ ਸਕੂਲ ਵਿੱਚ ਕਿਸੇ ਮਾਮੂਲੀ ਗ਼ਲਤੀ ਦੇ ਚਲਦਿਆਂ ਪ੍ਰਬੰਧਕਾਂ ਵੱਲੋਂ ਨਵਜੋਤ ਸਿੰਘ ਨੂੰ ਸਖ਼ਤ ਸਜ਼ਾ ਦਿੱਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਲਗਾਤਾਰ ਦੋ ਪੀਰੀਅਡ ਕੜਕਦੀ ਧੁੱਪ ਵਿੱਚ ਖੜ੍ਹਾ ਰੱਖਿਆ ਗਿਆ, ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਕਾਫੀ ਪਰੇਸ਼ਾਨ ਹੋ ਗਿਆ। ਇਸੇ ਨਾਮੋਸ਼ੀ ਦੇ ਚਲਦਿਆਂ ਨਵਜੋਤ ਨੇ ਘਰ ਆ ਕੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਕਈ ਦਿਨਾਂ ਤੱਕ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜਨ ਤੋਂ ਬਾਅਦ ਅਖ਼ੀਰ ਉਹ ਦਮ ਤੋੜ ਗਿਆ।
ਪਰਿਵਾਰ ਨੇ ਬੇਹੱਦ ਗ਼ਮਗੀਨ ਮਾਹੌਲ ਵਿੱਚ ਨਵਜੋਤ ਸਿੰਘ ਦੇ ਸਿਹਰੇ ਸਜਾ ਕੇ ਉਸ ਦਾ ਅੰਤਿਮ ਸੰਸਕਾਰ ਕੀਤਾ। ਸਸਕਾਰ ਮੌਕੇ ਪਹੁੰਚੇ ਉਸ ਦੇ ਜਮਾਤੀਆਂ ਅਤੇ ਹੋਰ ਵਿਦਿਆਰਥੀਆਂ ਨੇ ਸਕੂਲ ਪ੍ਰਬੰਧਕਾਂ ਦੇ ਵਤੀਰੇ ਬਾਰੇ ਕਈ ਖੁਲਾਸੇ ਕੀਤੇ। ਵਿਦਿਆਰਥੀਆਂ ਨੇ ਇਲਜ਼ਾਮ ਲਾਇਆ ਕਿ ਸਕੂਲ ਵਿੱਚ ਅਕਸਰ ਬੱਚਿਆਂ ਨਾਲ ਅਜਿਹੀਆਂ ਵਧੀਕੀਆਂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਵਜੋਤ ਦੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਦੋਸ਼ੀ ਪ੍ਰਬੰਧਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਭੈਣੀ ਮੀਆਂ ਖਾਨ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਬਿਆਨਾਂ ਅਤੇ ਮੁੱਢਲੀ ਜਾਂਚ ਦੇ ਆਧਾਰ 'ਤੇ ਸਕੂਲ ਪ੍ਰਬੰਧਕਾਂ ਵਿਰੁੱਧ ਢੁਕਵੀਂਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਹੁਣ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਉਸ ਦਿਨ ਸਕੂਲ ਵਿੱਚ ਅਸਲ ਵਿੱਚ ਕੀ ਵਾਪਰਿਆ ਸੀ।
Get all latest content delivered to your email a few times a month.