IMG-LOGO
ਹੋਮ ਪੰਜਾਬ: ਮਾਛੀਵਾੜਾ 'ਚ ਗੈਂਗਵਾਰ: ਨਸ਼ਾ ਤਸਕਰਾਂ ਦਾ ਵਿਰੋਧ ਕਰਨ ਵਾਲੇ ਨੌਜਵਾਨ...

ਮਾਛੀਵਾੜਾ 'ਚ ਗੈਂਗਵਾਰ: ਨਸ਼ਾ ਤਸਕਰਾਂ ਦਾ ਵਿਰੋਧ ਕਰਨ ਵਾਲੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਹਥਿਆਰਾਂ ਨਾਲ ਲੈਸ 30 ਹਮਲਾਵਰਾਂ ਨੇ ਮਚਾਇਆ ਤਾਂਡਵ

Admin User - May 02, 2026 01:19 PM
IMG

ਮਾਛੀਵਾੜਾ ਦੇ ਰਤੀਪੁਰ ਰੋਡ ਇਲਾਕੇ ਵਿੱਚ ਅੱਜ ਉਸ ਵੇਲੇ ਖ਼ੂਨ ਦੀ ਹੋਲੀ ਖੇਡੀ ਗਈ, ਜਦੋਂ ਨਸ਼ਾ ਤਸਕਰਾਂ ਦਾ ਵਿਰੋਧ ਕਰਨ ਵਾਲੇ ਇੱਕ ਨੌਜਵਾਨ ਗਗਨਦੀਪ ਸਿੰਘ ਉਰਫ਼ ਬਿੱਲਾ (30) ਨੂੰ ਦਰਜਨਾਂ ਹਮਲਾਵਰਾਂ ਨੇ ਘੇਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਵਾਰਦਾਤ ਦੌਰਾਨ ਇੱਕ ਹੋਰ ਨੌਜਵਾਨ ਗੰਭੀਰ ਜ਼ਖ਼ਮੀ ਹੋਇਆ ਹੈ, ਜਿਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਲੁਧਿਆਣਾ ਰੈਫ਼ਰ ਕੀਤਾ ਗਿਆ ਹੈ। ਘਟਨਾ ਸਥਾਨ 'ਤੇ ਖਿਲਰਿਆ ਖ਼ੂਨ ਅਤੇ ਟੁੱਟੀ ਹੋਈ ਕਾਰ ਹਮਲੇ ਦੀ ਭਿਆਨਕਤਾ ਦੀ ਗਵਾਹੀ ਭਰ ਰਹੇ ਸਨ।


ਜਾਣਕਾਰੀ ਮੁਤਾਬਕ ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਨਤੀਜਾ ਹੈ। ਦੋਵਾਂ ਧਿਰਾਂ ਵਿਚਾਲੇ ਫ਼ੋਨ 'ਤੇ ਤਕਰਾਰ ਹੋਈ, ਜਿਸ ਤੋਂ ਬਾਅਦ ਹਮਲਾਵਰਾਂ ਨੇ ਗਗਨਦੀਪ ਅਤੇ ਉਸ ਦੇ ਸਾਥੀ ਮਨੀ ਨੂੰ ਕਾਲੋਨੀ ਵਿੱਚ ਬੁਲਾਇਆ। ਜਿਵੇਂ ਹੀ ਉਹ ਉੱਥੇ ਪਹੁੰਚੇ, ਪਹਿਲਾਂ ਤੋਂ ਹੀ ਤੇਜ਼ਧਾਰ ਹਥਿਆਰਾਂ ਨਾਲ ਲੈਸ 30 ਤੋਂ ਵੱਧ ਨੌਜਵਾਨਾਂ ਨੇ ਉਨ੍ਹਾਂ 'ਤੇ ਟੁੱਟ ਕੇ ਹਮਲਾ ਕਰ ਦਿੱਤਾ। ਗਗਨਦੀਪ ਨੂੰ ਗੰਭੀਰ ਹਾਲਤ ਵਿੱਚ ਸਮਰਾਲਾ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।


ਮ੍ਰਿਤਕ ਦੇ ਪਿਤਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪਿੰਡ ਵਿੱਚ ਨਸ਼ਿਆਂ ਦੇ ਕੋਹੜ ਨੂੰ ਖ਼ਤਮ ਕਰਨਾ ਚਾਹੁੰਦਾ ਸੀ। ਕੁਝ ਦਿਨ ਪਹਿਲਾਂ ਹੀ ਗਗਨਦੀਪ ਨੇ ਪਿੰਡ ਵਿੱਚ ਚਿੱਟਾ ਵੇਚਣ ਵਾਲੇ ਕੁਝ ਲੋਕਾਂ ਨੂੰ ਫੜ ਕੇ ਪੁਲਿਸ ਹਵਾਲੇ ਕੀਤਾ ਸੀ, ਜਿਸ ਕਾਰਨ ਤਸਕਰ ਉਸ ਨਾਲ ਖਾਰ ਖਾਣ ਲੱਗ ਪਏ ਸਨ। ਪਿਤਾ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਪੁੱਤਰ ਨੂੰ ਵਿਦੇਸ਼ੀ ਨੰਬਰਾਂ ਤੋਂ ਵੀ ਧਮਕੀਆਂ ਮਿਲ ਰਹੀਆਂ ਸਨ ਅਤੇ ਅੱਜ ਸਾਜ਼ਿਸ਼ ਤਹਿਤ ਉਸ ਦਾ ਕਤਲ ਕਰਕੇ ਨਸ਼ਿਆਂ ਵਿਰੁੱਧ ਉੱਠਦੀ ਆਵਾਜ਼ ਨੂੰ ਦਬਾ ਦਿੱਤਾ ਗਿਆ ਹੈ।


ਪਿੰਡ ਹੇਡੋਂ ਬੇਟ ਵਿੱਚ ਗਗਨਦੀਪ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਸੱਥਾਂ ਵਿੱਚ ਸੰਨਾਟਾ ਪਸਰ ਗਿਆ। ਗਗਨਦੀਪ ਸਿਰਫ਼ ਇੱਕ ਨੌਜਵਾਨ ਹੀ ਨਹੀਂ, ਸਗੋਂ ਇਲਾਕੇ ਦਾ ਇੱਕ ਸਰਗਰਮ ਸਮਾਜ ਸੇਵੀ ਸੀ, ਜਿਸ ਨੇ ਦਿੱਲੀ ਦੇ ਸ਼ੰਭੂ ਬਾਰਡਰ 'ਤੇ ਕਿਸਾਨੀ ਸੰਘਰਸ਼ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ ਸੀ। ਦੋਸਤਾਂ ਮੁਤਾਬਕ ਉਹ ਹਰ ਲੋਕ-ਹਿੱਤ ਦੇ ਕੰਮ ਵਿੱਚ ਮੋਹਰੀ ਹੁੰਦਾ ਸੀ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.