ਤਾਜਾ ਖਬਰਾਂ
ਚੰਡੀਗੜ੍ਹ, 4 ਮਈ (ਮਨਪ੍ਰੀਤ):- ਚੰਡੀਗੜ੍ਹ ਪੁਲਿਸ ਦੀ ਕਰਾਈਮ ਬ੍ਰਾਂਚ ਨੇ ਚਮਨਪ੍ਰੀਤ ਸਿੰਘ ਉਰਫ਼ ਚੀਨੀ ਦੇ ਸਨਸਨੀਖੇਜ਼ ਕਤਲ ਕਾਂਡ ਦੀ ਗੁੱਥੀ ਸੁਲਝਾਉਂਦਿਆਂ ਸੈਕਟਰ 35 ਦੀ ਰਹਿਣ ਵਾਲੀ ਮੁੱਖ ਸਾਜ਼ਿਸ਼ਕਰਤਾ ਅਮਰੀਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਮਰੀਨ ਨੇ ਪ੍ਰਾਪਰਟੀ ਦੇ ਵਿਵਾਦ ਕਾਰਨ ਬਦਨਾਮ ਗੈਂਗਸਟਰ ਲੱਕੀ ਪਟਿਆਲ ਨੂੰ ਸੁਪਾਰੀ ਦੇ ਕੇ 18 ਮਾਰਚ 2026 ਨੂੰ ਇੱਕ ਜਿਮ ਦੀ ਪਾਰਕਿੰਗ ਦੇ ਬਾਹਰ ਚਮਨਪ੍ਰੀਤ ਦਾ ਗੋਲੀਆਂ ਮਾਰ ਕੇ ਕਤਲ ਕਰਵਾਇਆ ਸੀ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅਮਰੀਨ ਦੀ ਨਿਊ ਚੰਡੀਗੜ੍ਹ ਵਿੱਚ ਖਰੀਦੀ ਗਈ ਇੱਕ ਪ੍ਰਾਪਰਟੀ ਨੂੰ ਲੈ ਕੇ ਚਮਨਪ੍ਰੀਤ ਨਾਲ ਪੁਰਾਣੀ ਰੰਜਿਸ਼ ਸੀ। ਅਮਰੀਨ ਦਾ ਦੋਸ਼ ਸੀ ਕਿ ਚਮਨਪ੍ਰੀਤ ਨੇ ਇਸ ਸੌਦੇ ਦੌਰਾਨ ਉਸ ਨਾਲ ਧੋਖਾਧੜੀ ਕੀਤੀ ਅਤੇ ਪ੍ਰਾਪਰਟੀ ਬਹੁਤ ਮਹਿੰਗੇ ਭਾਅ ਵੇਚੀ। ਇਸ ਤੋਂ ਇਲਾਵਾ ਉਸ ਨੇ ਪ੍ਰਾਪਰਟੀ ਦਾ ਕਬਜ਼ਾ ਵੀ ਨਹੀਂ ਦਿੱਤਾ ਜਿਸ ਕਾਰਨ ਅਮਰੀਨ ਨੂੰ ਭਾਰੀ ਵਿੱਤੀ ਨੁਕਸਾਨ ਹੋਇਆ। ਇਸੇ ਰੰਜਿਸ਼ ਤਹਿਤ ਚਮਨਪ੍ਰੀਤ ਨੂੰ ਸਬਕ ਸਿਖਾਉਣ ਦੀ ਨੀਅਤ ਨਾਲ ਅਮਰੀਨ ਨੇ ਗੈਂਗਸਟਰ ਲੱਕੀ ਪਟਿਆਲ ਦੀ ਮਦਦ ਲਈ। ਇਸ ਕਤਲ ਦੀ ਸਾਜ਼ਿਸ਼ ਸਾਲ 2025 ਵਿੱਚ ਘੜੀ ਜਾਣੀ ਸ਼ੁਰੂ ਹੋਈ ਸੀ। ਵਿਵਾਦ ਨੂੰ ਸੁਲਝਾਉਣ ਲਈ ਪਹਿਲਾਂ ਮੀਟਿੰਗਾਂ ਹੋਈਆਂ ਪਰ ਜਦੋਂ ਗੱਲ ਨਾ ਬਣੀ ਤਾਂ ਅਮਰੀਨ ਨੇ ਮੁਹਾਲੀ ਦੇ ਪਿੰਡ ਕੈਂਬਾਲਾ ਦੇ ਰਹਿਣ ਵਾਲੇ ਪ੍ਰਾਪਰਟੀ ਡੀਲਰ ਹਰਸ਼ਪ੍ਰੀਤ ਸਿੰਘ ਬੈਂਸ ਨਾਲ ਸੰਪਰਕ ਕੀਤਾ।
ਹਰਸ਼ਪ੍ਰੀਤ ਨੇ ਵਿਚੋਲੇ ਵਜੋਂ ਕੰਮ ਕਰਦਿਆਂ ਐਨਕ੍ਰਿਪਟਿਡ ਐਪਸ ਰਾਹੀਂ ਅਮਰੀਨ ਦਾ ਸੰਪਰਕ ਲੱਕੀ ਪਟਿਆਲ ਨਾਲ ਕਰਵਾਇਆ। ਅਮਰੀਨ ਲਗਾਤਾਰ ਲੱਕੀ ਪਟਿਆਲ ਨਾਲ ਗੱਲਬਾਤ ਕਰਦੀ ਰਹੀ ਅਤੇ ਉਸਨੇ ਇਸ ਕਤਲ ਬਦਲੇ ਇੱਕ ਵੱਡੀ ਰਕਮ ਦੇਣ ਦਾ ਵਾਅਦਾ ਕੀਤਾ। ਇਸ ਮਾਮਲੇ ਵਿੱਚ ਜਾਂਚ ਨੇ ਉਦੋਂ ਰਫ਼ਤਾਰ ਫੜੀ ਜਦੋਂ 29 ਅਪ੍ਰੈਲ 2026 ਨੂੰ ਮਲੋਆ ਸਥਿਤ ਸਤਿਸੰਗ ਭਵਨ ਨੇੜੇ ਨਾਕਾਬੰਦੀ ਦੌਰਾਨ ਕਰਾਈਮ ਬ੍ਰਾਂਚ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ 27 ਸਾਲਾ ਹਰਸ਼ਪ੍ਰੀਤ ਸਿੰਘ ਨੂੰ ਕਾਬੂ ਕਰ ਲਿਆ। ਪੁਲਿਸ ਨੇ ਉਸ ਕੋਲੋਂ ਇੱਕ ਇੰਪੋਰਟਿਡ .45 ਬੋਰ ਦਾ ਪਿਸਤੌਲ ਅਤੇ ਦੋ ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਜਾਂਚ ਦੌਰਾਨ ਇਹ ਹੈਰਾਨੀਜਨਕ ਖੁਲਾਸਾ ਹੋਇਆ ਕਿ ਹਰਸ਼ਪ੍ਰੀਤ ਕੋਲੋਂ ਬਰਾਮਦ ਹੋਇਆ ਹਥਿਆਰ ਅਸਲ ਵਿੱਚ ਅਮਰੀਨ ਦੇ ਨਾਂ 'ਤੇ ਰਜਿਸਟਰਡ ਸੀ। ਪੁਲਿਸ ਨੇ ਹਰਸ਼ਪ੍ਰੀਤ ਖਿਲਾਫ ਅਸਲਾ ਐਕਟ ਦੀਆਂ ਧਾਰਾਵਾਂ 25-54-59 ਤਹਿਤ ਮਾਮਲਾ ਦਰਜ ਕੀਤਾ ਹੈ।
ਸੌਦਾ ਤੈਅ ਹੋਣ ਤੋਂ ਬਾਅਦ ਲੱਕੀ ਪਟਿਆਲ ਨੇ ਇਸ ਕਤਲ ਨੂੰ ਅੰਜਾਮ ਦੇਣ ਦਾ ਪੂਰਾ ਪ੍ਰਬੰਧ ਕੀਤਾ। ਉਸਨੇ ਆਪਣੇ ਵੱਖ-ਵੱਖ ਮਾਡਿਊਲਾਂ ਰਾਹੀਂ ਸ਼ੂਟਰਾਂ ਰਾਜਨ ਉਰਫ ਪਿਊਸ਼ ਪਹਿਲਵਾਨ ਅਤੇ ਪ੍ਰੀਤਮ ਨੂੰ ਹਥਿਆਰ, ਇੱਕ ਮੋਟਰਸਾਈਕਲ ਅਤੇ ਪੈਸੇ ਮੁਹੱਈਆ ਕਰਵਾਏ। ਨਿਰਦੇਸ਼ਾਂ ਮੁਤਾਬਕ ਇਨ੍ਹਾਂ ਦੋਵਾਂ ਸ਼ੂਟਰਾਂ ਨੇ 18 ਮਾਰਚ ਨੂੰ ਚਮਨਪ੍ਰੀਤ ਸਿੰਘ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮੁੱਖ ਸਾਜ਼ਿਸ਼ਕਰਤਾ ਅਮਰੀਨ ਅਤੇ ਵਿਚੋਲੇ ਹਰਸ਼ਪ੍ਰੀਤ ਦੀ ਗ੍ਰਿਫ਼ਤਾਰੀ ਨਾਲ ਚੰਡੀਗੜ੍ਹ ਪੁਲਿਸ ਨੇ ਇੱਕ ਸਥਾਨਕ ਪ੍ਰਾਪਰਟੀ ਵਿਵਾਦ ਦੀਆਂ ਤਾਰਾਂ ਸੰਗਠਿਤ ਅਪਰਾਧਿਕ ਗਿਰੋਹ ਨਾਲ ਜੁੜੀਆਂ ਹੋਣ ਦਾ ਸਫਲਤਾਪੂਰਵਕ ਪਰਦਾਫਾਸ਼ ਕੀਤਾ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਹੋਰ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਹਥਿਆਰਾਂ ਅਤੇ ਫੰਡਿੰਗ ਦਾ ਪ੍ਰਬੰਧ ਕਰਨ ਵਾਲੇ ਹੋਰ ਸੰਭਾਵਿਤ ਸਾਥੀਆਂ ਦੀ ਪਛਾਣ ਕੀਤੀ ਜਾ ਸਕੇ।
Get all latest content delivered to your email a few times a month.