ਚੰਡੀਗੜ੍ਹ ਪੁਲਿਸ ਨੇ ਪੰਜਾਬ ਵਿੱਚ ਇੱਕ ਸੰਭਾਵਿਤ ਕਤਲ ਦੀ ਸਾਜ਼ਿਸ਼ ਨੂੰ ਸਮੇਂ ਸਿਰ ਨਾਕਾਮ ਕਰਦੇ ਹੋਏ 12ਵੀਂ ਜਮਾਤ ਦੇ ਇੱਕ ਨਾਬਾਲਗ ਨੂੰ ਕਾਬੂ ਕੀਤਾ ਹੈ। ਇਸ ਮਾਮਲੇ ਨੇ ਇਹ ਵੀ ਬੇਨਕਾਬ ਕੀਤਾ ਹੈ ਕਿ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਅਪਰਾਧ ਦੀ ਦੁਨੀਆ ਵੱਲ ਧੱਕ ਰਹੇ ਹਨ।
ਪੁਲਿਸ ਮੁਤਾਬਕ, ਨਾਬਾਲਗ ਤਰਨਤਾਰਨ ਦੇ ਪੱਟੀ ਇਲਾਕੇ ਵਿੱਚ ਇੱਕ ਕਤਲ ਨੂੰ ਅੰਜਾਮ ਦੇਣ ਜਾ ਰਿਹਾ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਉਹ ਵਿਦੇਸ਼ ਬੈਠੇ ਗੈਂਗਸਟਰ ਪ੍ਰਭ ਦਾਸੂਵਾਲ ਅਤੇ ਗੁਰਵਿੰਦਰ ਸਿੰਘ ਉਰਫ਼ ਅਫਰੀਦੀ ਟੂਟਾਵਾਲਾ ਦੇ ਸੰਪਰਕ ਵਿੱਚ ਸੀ। ਚੰਡੀਗੜ੍ਹ ਪੁਲਿਸ ਦੇ ਆਪ੍ਰੇਸ਼ਨ ਸੈੱਲ ਨੇ 6 ਮਈ ਨੂੰ ਭਰੋਸੇਯੋਗ ਸੂਚਨਾ ਅਤੇ ਤਕਨੀਕੀ ਜਾਂਚ ਦੇ ਆਧਾਰ ‘ਤੇ ਉਸਨੂੰ ਰੋਕ ਕੇ ਪੁੱਛਗਿੱਛ ਕੀਤੀ।
ਜਾਂਚ ਦੌਰਾਨ ਪਤਾ ਲੱਗਿਆ ਕਿ ਨੌਜਵਾਨ ਕੁਝ ਮਹੀਨੇ ਪਹਿਲਾਂ ਇੰਸਟਾਗ੍ਰਾਮ ਰਾਹੀਂ ਗੈਂਗਸਟਰਾਂ ਦੇ ਸੰਪਰਕ ਵਿੱਚ ਆਇਆ ਸੀ। ਬਾਅਦ ਵਿੱਚ ਗੱਲਬਾਤ ਟੈਲੀਗ੍ਰਾਮ ਐਪ ‘ਤੇ ਸ਼ਿਫਟ ਕਰ ਦਿੱਤੀ ਗਈ, ਜਿੱਥੇ ਇਨਕ੍ਰਿਪਟਡ ਮੈਸੇਜਿੰਗ ਰਾਹੀਂ ਉਸਨੂੰ ਨਿਰਦੇਸ਼ ਦਿੱਤੇ ਜਾਂਦੇ ਸਨ। ਪੁਲਿਸ ਦਾ ਕਹਿਣਾ ਹੈ ਕਿ ਇਲਾਕੇ ਦੇ ਕੁਝ ਨੌਜਵਾਨਾਂ ਨਾਲ ਹੋਏ ਝਗੜੇ ਅਤੇ ਬਦਲੇ ਦੀ ਭਾਵਨਾ ਦਾ ਫਾਇਦਾ ਚੁੱਕਦਿਆਂ ਗਿਰੋਹ ਨੇ ਉਸਨੂੰ ਆਪਣੇ ਪ੍ਰਭਾਵ ਹੇਠ ਲਿਆ।
ਮਾਰਚ ਮਹੀਨੇ ਵਿੱਚ ਉਸਨੂੰ ਖੇਮਕਰਨ ਬੁਲਾਇਆ ਗਿਆ, ਜਿੱਥੇ ਉਹ ਕਥਿਤ ਗੈਂਗ ਮੈਂਬਰ ਲਵ ਭੱਟੀ ਅਤੇ ਅਮਨ ਸ਼ਰਮਾ ਨਾਲ ਰਿਹਾ। ਇਸ ਦੌਰਾਨ ਪਰਿਵਾਰ ਨੂੰ ਉਸਦੀ ਕੋਈ ਜਾਣਕਾਰੀ ਨਹੀਂ ਸੀ ਅਤੇ ਘਰਵਾਲਿਆਂ ਨੇ ਉਸਦੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਸੀ।
ਪੁਲਿਸ ਮੁਤਾਬਕ, ਖੇਮਕਰਨ ਵਿੱਚ ਉਸਨੂੰ ਅਮਰਕੋਟ ਬੱਸ ਸਟਾਪ ਨੇੜੇ ਇੱਕ ਡਾਕਟਰ ਦੀ ਦੁਕਾਨ ‘ਤੇ ਫਾਇਰਿੰਗ ਕਰਨ ਲਈ ਕਿਹਾ ਗਿਆ ਸੀ, ਪਰ ਹਥਿਆਰ ਚਲਾਉਣ ਦਾ ਅਨੁਭਵ ਨਾ ਹੋਣ ਕਰਕੇ ਉਸਨੇ ਇਨਕਾਰ ਕਰ ਦਿੱਤਾ। ਬਾਅਦ ਵਿੱਚ ਇਹ ਵਾਰਦਾਤ ਹੋਰ ਗੈਂਗ ਮੈਂਬਰਾਂ ਵੱਲੋਂ ਕੀਤੀ ਗਈ।
ਚੰਡੀਗੜ੍ਹ ਦੇ ਡੀਜੀਪੀ ਸਾਗਰ ਪ੍ਰੀਤ ਹੁੱਡਾ ਨੇ ਕਿਹਾ ਕਿ ਇਹ ਮਾਮਲਾ ਦਰਸਾਉਂਦਾ ਹੈ ਕਿ ਵਿਦੇਸ਼ੀ ਗੈਂਗਸਟਰ ਕਿਵੇਂ ਨੌਜਵਾਨਾਂ ਦੀਆਂ ਨਿੱਜੀ ਰੰਜਿਸ਼ਾਂ ਨੂੰ ਹਥਿਆਰ ਬਣਾ ਕੇ ਉਨ੍ਹਾਂ ਨੂੰ ਕਾਂਟ੍ਰੈਕਟ ਕਿਲਿੰਗ ਵੱਲ ਧੱਕ ਰਹੇ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੁਲਿਸ ਸੰਗਠਿਤ ਅਪਰਾਧ ਖ਼ਿਲਾਫ਼ ਜ਼ੀਰੋ ਟੋਲਰੈਂਸ ਨੀਤੀ ‘ਤੇ ਕੰਮ ਕਰ ਰਹੀ ਹੈ ਅਤੇ ਕਿਸੇ ਵੀ ਗੈਂਗ ਨੂੰ ਨੌਜਵਾਨਾਂ ਦੀ ਜ਼ਿੰਦਗੀ ਬਰਬਾਦ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਨਾਬਾਲਗ ਹੋਣ ਦੇ ਚਲਦੇ ਪੁਲਿਸ ਨੇ ਉਸਨੂੰ ਮਾਪਿਆਂ ਦੇ ਹਵਾਲੇ ਕਰ ਦਿੱਤਾ ਹੈ ਅਤੇ ਪਰਿਵਾਰ ਨੂੰ ਕੌਂਸਲਿੰਗ ਅਤੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।