ਤਾਜਾ ਖਬਰਾਂ
ਪੰਜਾਬ ਵਿੱਚ ਮਾੜੇ ਅਨਸਰਾਂ ਅਤੇ ਨਾਜਾਇਜ਼ ਹਥਿਆਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਮੋਹਾਲੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਐਸ.ਏ.ਐਸ. ਨਗਰ ਦੇ ਸੀਨੀਅਰ ਕਪਤਾਨ ਪੁਲਿਸ ਹਰਮਨਦੀਪ ਸਿੰਘ ਹਾਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀ.ਆਈ.ਜੀ. ਰੋਪੜ ਰੇਂਜ ਨਾਨਕ ਸਿੰਘ IPS ਦੇ ਦਿਸ਼ਾ-ਨਿਰਦੇਸ਼ਾਂ ਹੇਠ CIA ਸਟਾਫ ਵੱਲੋਂ ਕਾਰਵਾਈ ਕਰਦਿਆਂ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਉਨ੍ਹਾਂ ਕੋਲੋਂ 6 ਨਾਜਾਇਜ਼ ਹਥਿਆਰ, ਵੱਖ-ਵੱਖ ਬੋਰ ਦੇ ਜਿੰਦਾ ਕਾਰਤੂਸ ਅਤੇ ਇੱਕ ਵਰਨਾ ਕਾਰ ਬਰਾਮਦ ਕੀਤੀ ਹੈ।
ਪੁਲਿਸ ਮੁਤਾਬਕ 29 ਅਪ੍ਰੈਲ 2026 ਨੂੰ CIA ਸਟਾਫ ਦੀ ਟੀਮ ਪਿੰਡ ਨਿਆਂ ਸ਼ਹਿਰ ਬਡਾਲਾ ਨੇੜੇ ਗਸ਼ਤ ਕਰ ਰਹੀ ਸੀ। ਇਸ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਵਿਕਾਸ ਉਰਫ ਲੱਕੀ ਨਾਮਕ ਨੌਜਵਾਨ, ਜਿਸ ਖ਼ਿਲਾਫ਼ ਪਹਿਲਾਂ ਵੀ ਲੜਾਈ-ਝਗੜੇ ਅਤੇ ਨਾਜਾਇਜ਼ ਅਸਲੇ ਦੇ ਕੇਸ ਦਰਜ ਹਨ, ਆਪਣੇ ਸਾਥੀਆਂ ਸਮੇਤ ਹਥਿਆਰਾਂ ਨਾਲ ਘੁੰਮ ਰਿਹਾ ਹੈ। ਸੂਚਨਾ ਦੇ ਆਧਾਰ ’ਤੇ ਥਾਣਾ ਸਦਰ ਖਰੜ ਵਿੱਚ ਆਰਮਜ਼ ਐਕਟ ਤਹਿਤ ਕੇਸ ਦਰਜ ਕਰਕੇ ਕਾਰਵਾਈ ਕੀਤੀ ਗਈ।
ਪੁਲਿਸ ਨੇ ਵਿਕਾਸ ਉਰਫ ਲੱਕੀ ਨੂੰ ਉਸਦੇ ਪਿੰਡ ਬਡਾਲੀ ਨੇੜੇ ਕਾਰ ਨੰਬਰ PB10-DX-1001 ਵਰਨਾ ਸਮੇਤ ਕਾਬੂ ਕੀਤਾ। ਜਾਂਚ ਦੌਰਾਨ ਉਸਦੇ ਸਾਥੀ ਅਨੀਸ਼ ਕੁਮਾਰ ਉਰਫ ਹਨੀ ਬੌਕਸਰ ਅਤੇ ਪ੍ਰਦੀਪ ਸਿੰਘ ਉਰਫ ਬਿੱਲੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਅਨੀਸ਼ ਉੱਤੇ ਪਹਿਲਾਂ ਵੀ ਅੰਮ੍ਰਿਤਸਰ, ਫਰੀਦਕੋਟ ਅਤੇ ਮੋਹਾਲੀ ਵਿੱਚ ਅਸਲਾ ਅਤੇ ਲੜਾਈ-ਝਗੜੇ ਦੇ ਕੇਸ ਦਰਜ ਹਨ, ਜਦਕਿ ਪ੍ਰਦੀਪ ਖ਼ਿਲਾਫ਼ ਪਹਿਲਾਂ ਕੋਈ ਕੇਸ ਦਰਜ ਨਹੀਂ ਸੀ।
ਪੁਲਿਸ ਨੇ ਦੋਸ਼ੀਆਂ ਕੋਲੋਂ 3 ਪਿਸਟਲ .32 ਬੋਰ, ਇੱਕ ਪਿਸਟਲ .30 ਬੋਰ, ਇੱਕ .45 ਬੋਰ ਪਿਸਟਲ ਅਤੇ ਇੱਕ .12 ਬੋਰ ਪਿਸਤੌਲ ਸਮੇਤ ਜਿੰਦਾ ਕਾਰਤੂਸ ਅਤੇ ਖਾਲੀ ਖੋਲ ਬਰਾਮਦ ਕੀਤੇ ਹਨ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਇਹ ਹਥਿਆਰ ਉਹ ਮੇਰਠ (ਉੱਤਰ ਪ੍ਰਦੇਸ਼) ਤੋਂ ਲਿਆਏ ਸਨ।
ਇਸ ਮਾਮਲੇ ਵਿੱਚ ਇੱਕ ਹੋਰ ਦੋਸ਼ੀ ਸਾਜਨ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫਤਾਰ ਮੁਲਜ਼ਮਾਂ ਦੇ ਹੋਰ ਸਾਥੀਆਂ ਦੀ ਭਾਲ ਜਾਰੀ ਹੈ ਅਤੇ ਹੋਰ ਹਥਿਆਰ ਬਰਾਮਦ ਹੋਣ ਦੀ ਸੰਭਾਵਨਾ ਹੈ।
Get all latest content delivered to your email a few times a month.