ਤਾਜਾ ਖਬਰਾਂ
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਦੇ ਹਾਲੀਆ ਬਿਆਨਾਂ 'ਤੇ ਤਿੱਖਾ ਸ਼ਬਦੀ ਹਮਲਾ ਕਰਦਿਆਂ ਕਿਹਾ ਹੈ ਕਿ ਤੇਲ ਅਤੇ ਖਾਦਾਂ ਦੀ ਵਰਤੋਂ ਘਟਾਉਣ ਦੀ ਅਪੀਲ ਅਸਲ ਵਿੱਚ ਸਰਕਾਰ ਦੀਆਂ ਪ੍ਰਸ਼ਾਸਨਿਕ ਨਾਕਾਮੀਆਂ ਨੂੰ ਲੁਕਾਉਣ ਦਾ ਇੱਕ ਜ਼ਰੀਆ ਹੈ। ਪੰਧੇਰ ਅਨੁਸਾਰ, ਸਰਕਾਰ ਦੇਸ਼ ਹਿੱਤ ਦੇ ਨਾਂ 'ਤੇ ਜਜ਼ਬਾਤੀ ਮਾਹੌਲ ਸਿਰਜ ਰਹੀ ਹੈ ਤਾਂ ਜੋ ਆਪਣੀ ਕਮਜ਼ੋਰ ਵਿਦੇਸ਼ ਨੀਤੀ ਅਤੇ ਆਰਥਿਕ ਕੁਪ੍ਰਬੰਧਾਂ 'ਤੇ ਪਰਦਾ ਪਾਇਆ ਜਾ ਸਕੇ।
ਪੰਧੇਰ ਨੇ ਇਲਜ਼ਾਮ ਲਾਇਆ ਕਿ ਰੂਸ ਤੋਂ ਸਸਤਾ ਤੇਲ ਅਤੇ ਖਾਦਾਂ ਲੈਣ ਦਾ ਬਦਲ ਹੋਣ ਦੇ ਬਾਵਜੂਦ, ਭਾਰਤ ਸਰਕਾਰ ਨੇ ਅਮਰੀਕਾ ਦੇ ਦਬਾਅ ਹੇਠ ਆ ਕੇ ਵੱਖਰੇ ਫੈਸਲੇ ਲਏ। ਉਨ੍ਹਾਂ ਕਿਹਾ ਕਿ ਇਨ੍ਹਾਂ ਗਲਤ ਨੀਤੀਆਂ ਕਾਰਨ ਹੀ ਅੱਜ ਦੇਸ਼ ਤੇਲ ਅਤੇ ਖਾਦਾਂ ਦੇ ਗੰਭੀਰ ਸੰਕਟ ਵਿੱਚ ਫਸ ਗਿਆ ਹੈ। ਕਿਸਾਨ ਆਗੂ ਨੇ ਸਵਾਲ ਕੀਤਾ ਕਿ ਜੇਕਰ ਕੇਂਦਰ ਨੂੰ ਇਸ ਸੰਕਟ ਦਾ ਪਹਿਲਾਂ ਹੀ ਅੰਦਾਜ਼ਾ ਸੀ, ਤਾਂ ਦੇਸ਼ ਵਿੱਚ ਤੇਲ ਅਤੇ ਖਾਦਾਂ ਦੇ ਲੋੜੀਂਦੇ ਰਿਜ਼ਰਵ (ਭੰਡਾਰ) ਕਿਉਂ ਨਹੀਂ ਬਣਾਏ ਗਏ।
ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ 'ਜੈ ਜਵਾਨ, ਜੈ ਕਿਸਾਨ' ਨਾਅਰੇ ਦਾ ਹਵਾਲਾ ਦਿੰਦਿਆਂ ਪੰਧੇਰ ਨੇ ਕਿਹਾ ਕਿ ਇੱਕ ਸਮੇਂ ਦੇਸ਼ ਨੂੰ ਅੰਨ ਭੰਡਾਰਾਂ ਦੀ ਲੋੜ ਸੀ ਤਾਂ ਕਿਸਾਨਾਂ ਨੂੰ ਖਾਦਾਂ ਤੇ ਦਵਾਈਆਂ ਵਰਤਣ ਲਈ ਉਤਸ਼ਾਹਿਤ ਕੀਤਾ ਗਿਆ ਸੀ। ਪਰ ਹੁਣ ਜੇਕਰ ਸਰਕਾਰ ਇਨ੍ਹਾਂ ਦੀ ਵਰਤੋਂ ਘਟਾਉਣ ਦੀ ਗੱਲ ਕਰ ਰਹੀ ਹੈ, ਤਾਂ ਇਹ ਸਪੱਸ਼ਟ ਹੈ ਕਿ ਸਰਕਾਰ ਗਲਤ ਦਿਸ਼ਾ ਵੱਲ ਜਾ ਰਹੀ ਹੈ। ਉਨ੍ਹਾਂ ਖ਼ਦਸ਼ਾ ਜਤਾਇਆ ਕਿ ਆਉਣ ਵਾਲੇ ਦਿਨਾਂ ਵਿੱਚ ਤੇਲ ਅਤੇ ਖਾਦਾਂ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋ ਸਕਦਾ ਹੈ, ਜਿਸ ਲਈ ਲੋਕਾਂ ਨੂੰ ਪਹਿਲਾਂ ਹੀ ਮਾਨਸਿਕ ਤੌਰ 'ਤੇ ਤਿਆਰ ਕੀਤਾ ਜਾ ਰਿਹਾ ਹੈ।
ਪੰਧੇਰ ਨੇ ਦਾਅਵਾ ਕੀਤਾ ਕਿ ਸਰਕਾਰ ਦੀਆਂ ਨੀਤੀਆਂ ਕਾਰਨ ਆਮ ਜਨਤਾ 'ਤੇ ਮਹਿੰਗਾਈ ਦਾ ਵੱਡਾ ਬੋਝ ਪੈਣਾ ਤੈਅ ਹੈ। ਉਨ੍ਹਾਂ ਕੋਵਿਡ-19 ਦੌਰਾਨ ਲਾਈਆਂ ਗਈਆਂ ਪਾਬੰਦੀਆਂ 'ਤੇ ਵੀ ਸਵਾਲ ਚੁੱਕੇ ਅਤੇ ਕਿਹਾ ਕਿ ਹੁਣ ਮੁੜ ਨਵੇਂ ਵਾਇਰਸਾਂ ਦਾ ਬਹਾਨਾ ਬਣਾ ਕੇ ਲੋਕਾਂ ਦੀਆਂ ਗਤੀਵਿਧੀਆਂ 'ਤੇ ਰੋਕ ਲਗਾਉਣ ਦੀ ਤਿਆਰੀ ਹੋ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਬਹੁਤ ਸਾਰੇ ਫੈਸਲੇ ਜਨਤਾ ਦੀ ਸਹਿਮਤੀ ਲਏ ਬਿਨਾਂ ਹੀ ਥੋਪੇ ਜਾ ਰਹੇ ਹਨ।
Get all latest content delivered to your email a few times a month.