ਤਾਜਾ ਖਬਰਾਂ
ਸਿਟੀ ਬਿਊਟੀਫੁਲ ਚੰਡੀਗੜ੍ਹ ਇੱਕ ਵਾਰ ਫਿਰ ਗੈਂਗਸਟਰਵਾਦ ਅਤੇ ਬੇਰਹਿਮੀ ਕਾਰਨ ਦਹਿਲ ਗਿਆ ਹੈ। ਮੰਗਲਵਾਰ ਸ਼ਾਮ ਨੂੰ ਡਡਵਾ ਇਲਾਕੇ ਵਿੱਚ 20 ਸਾਲਾ ਸੂਰਜ ਦਾ ਪੰਜ ਨੌਜਵਾਨਾਂ ਨੇ ਸ਼ਰੇਆਮ ਚਾਕੂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਸੂਰਜ, ਜੋ ਕਿ ਇੱਕ ਥੀਏਟਰ ਕੰਪਨੀ ਵਿੱਚ ਕੰਮ ਕਰਦਾ ਸੀ, ਆਪਣੀ ਡਿਊਟੀ ਖ਼ਤਮ ਕਰਕੇ ਮੋਟਰਸਾਈਕਲ 'ਤੇ ਘਰ ਪਰਤ ਰਿਹਾ ਸੀ ਜਦੋਂ ਰਸਤੇ ਵਿੱਚ ਹਮਲਾਵਰਾਂ ਨੇ ਉਸ ਨੂੰ ਘੇਰ ਲਿਆ। ਇਸ ਵਾਰਦਾਤ ਤੋਂ ਬਾਅਦ ਸ਼ਹਿਰ ਵਿੱਚ ਸੁਰੱਖਿਆ ਪ੍ਰਬੰਧਾਂ 'ਤੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ।
ਘਟਨਾ ਦੀ ਇੱਕ ਰੌਂਗਟੇ ਖੜ੍ਹੇ ਕਰਨ ਵਾਲੀ 55 ਸੈਕਿੰਡ ਦੀ ਵੀਡੀਓ ਸਾਹਮਣੇ ਆਈ ਹੈ। ਵੀਡੀਓ ਵਿੱਚ ਹਮਲਾਵਰ ਸੂਰਜ ਨੂੰ ਵਾਲਾਂ ਤੋਂ ਫੜ ਕੇ ਖਿੱਚਦੇ ਅਤੇ ਉਸ ਦੇ ਪੇਟ, ਪਿੱਠ ਅਤੇ ਛਾਤੀ ਵਿੱਚ ਵਾਰ-ਵਾਰ ਚਾਕੂ ਮਾਰਦੇ ਦਿਖਾਈ ਦੇ ਰਹੇ ਹਨ। ਇੰਨਾ ਹੀ ਨਹੀਂ, ਡਿੱਗੇ ਹੋਏ ਸੂਰਜ ਦੇ ਮੂੰਹ 'ਤੇ ਲੱਤਾਂ ਵੀ ਮਾਰੀਆਂ ਗਈਆਂ। ਸੂਰਜ ਆਪਣੀ ਜਾਨ ਬਚਾਉਣ ਲਈ ਹਮਲਾਵਰਾਂ ਅੱਗੇ ਤਰਲੇ ਪਾਉਂਦਾ ਰਿਹਾ, ਪਰ ਮੁਲਜ਼ਮਾਂ ਨੇ ਰਹਿਮ ਨਹੀਂ ਦਿਖਾਇਆ। ਕਿਸੇ ਤਰ੍ਹਾਂ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਉਹ ਥੋੜ੍ਹੀ ਦੂਰੀ 'ਤੇ ਡਿੱਗ ਗਿਆ, ਜਿੱਥੇ ਹਮਲਾਵਰਾਂ ਨੇ ਉਸ ਨੂੰ ਮੁੜ ਚਾਕੂਆਂ ਨਾਲ ਭੁੰਨ ਦਿੱਤਾ।
ਮ੍ਰਿਤਕ ਦੇ ਪਿਤਾ ਮੁਕੇਸ਼ ਨੇ ਭਰੇ ਮਨ ਨਾਲ ਲੋਕਾਂ ਦੀ ਬੇਰੁਖੀ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦਾ ਪੁੱਤਰ ਮੌਤ ਨਾਲ ਲੜ ਰਿਹਾ ਸੀ, ਤਾਂ ਲੋਕ ਛੱਤਾਂ ਤੋਂ ਮੋਬਾਈਲ ਫੋਨਾਂ ਰਾਹੀਂ ਵੀਡੀਓ ਰਿਕਾਰਡ ਕਰ ਰਹੇ ਸਨ, ਪਰ ਕਿਸੇ ਨੇ ਵੀ ਅੱਗੇ ਆ ਕੇ ਉਸ ਦੀ ਮਦਦ ਨਹੀਂ ਕੀਤੀ। ਸੂਰਜ ਦੇ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ। ਸੂਰਜ ਅਤੇ ਉਸ ਦਾ ਜੁੜਵਾਂ ਭਰਾ ਧੀਰਜ ਪਰਿਵਾਰ ਦਾ ਸਹਾਰਾ ਸਨ, ਪਰ ਇਸ ਕਤਲ ਨੇ ਉਨ੍ਹਾਂ ਦੇ ਸੁਪਨੇ ਚਕਨਾਚੂਰ ਕਰ ਦਿੱਤੇ ਹਨ।
ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਡਡਵਾ ਪੁਲਿਸ, ਇੰਡਸਟਰੀਅਲ ਏਰੀਆ ਪੁਲਿਸ ਅਤੇ ਸੀਨੀਅਰ ਅਧਿਕਾਰੀ ਫੋਰੈਂਸਿਕ ਮਾਹਿਰਾਂ ਸਮੇਤ ਮੌਕੇ 'ਤੇ ਪਹੁੰਚੇ। ਸੈਕਟਰ 36 ਸਥਿਤ ਲੈਬ ਦੀ ਟੀਮ ਨੇ ਮੌਕੇ ਤੋਂ ਖੂਨ ਦੇ ਨਮੂਨੇ ਅਤੇ ਹੋਰ ਸਬੂਤ ਇਕੱਠੇ ਕੀਤੇ ਹਨ। ਪੁਲਿਸ ਨੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਵੀਡੀਓ ਦੀ ਮਦਦ ਨਾਲ ਕੁਝ ਮੁਲਜ਼ਮਾਂ ਦੀ ਪਛਾਣ ਹੋ ਚੁੱਕੀ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਚੰਡੀਗੜ੍ਹ ਵਿੱਚ ਇਸ ਸਾਲ ਇਹ 9ਵਾਂ ਕਤਲ ਹੈ, ਜਿਸ ਨੇ ਸ਼ਹਿਰ ਦੀ ਅਮਨ-ਕਾਨੂੰਨ ਦੀ ਸਥਿਤੀ 'ਤੇ ਵੱਡਾ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ, ਪਰ ਇਸ ਘਟਨਾ ਨੇ ਸ਼ਹਿਰ ਵਾਸੀਆਂ ਦੇ ਮਨਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ।
Get all latest content delivered to your email a few times a month.