IMG-LOGO
ਹੋਮ ਪੰਜਾਬ: ‘ਆਪ’ ਮੰਤਰੀ ਸੰਜੀਵ ਅਰੋੜਾ ਨੇ ਹਾਈਕੋਰਟ ਦਾ ਖੜਕਾਇਆ ਦਰਵਾਜ਼ਾ, ਈਡੀ...

‘ਆਪ’ ਮੰਤਰੀ ਸੰਜੀਵ ਅਰੋੜਾ ਨੇ ਹਾਈਕੋਰਟ ਦਾ ਖੜਕਾਇਆ ਦਰਵਾਜ਼ਾ, ਈਡੀ ਗ੍ਰਿਫ਼ਤਾਰੀ ਨੂੰ ਦੱਸਿਆ ਸਿਆਸੀ ਬਦਲਾਖੋਰੀ

Admin User - May 13, 2026 10:01 PM
IMG

ਆਮ ਆਦਮੀ ਪਾਰਟੀ ਦੇ ਮੰਤਰੀ ਸੰਜੀਵ ਅਰੋੜਾ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਕੀਤੀ ਗ੍ਰਿਫ਼ਤਾਰੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੰਦਿਆਂ ਇਸਨੂੰ “ਸਿਆਸੀ ਬਦਲਾਖੋਰੀ” ਕਰਾਰ ਦਿੱਤਾ ਹੈ। ਅਰੋੜਾ ਨੇ ਦਲੀਲ ਦਿੱਤੀ ਕਿ ਪੰਜਾਬ ਵਿੱਚ ਚੱਲ ਰਹੀ ਭਾਜਪਾ ਅਤੇ ‘ਆਪ’ ਵਿਚਾਲੇ ਸਿਆਸੀ ਟਕਰਾਅ ਦੇ ਮਾਹੌਲ ਵਿੱਚ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਉਨ੍ਹਾਂ ਨਾਲ ਵੀ ਉਹੀ ਸਲੂਕ ਹੋਣਾ ਚਾਹੀਦਾ ਹੈ ਜੋ ਹਾਲ ਹੀ ਵਿੱਚ ਕੁਝ ਭਾਜਪਾ ਸੰਸਦ ਮੈਂਬਰਾਂ ਨੂੰ ਅਦਾਲਤ ਵੱਲੋਂ ਦਿੱਤੀ ਸੁਰੱਖਿਆ ਦੇ ਰੂਪ ਵਿੱਚ ਕੀਤਾ ਗਿਆ ਸੀ।

ਚੀਫ਼ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਸੰਜੀਵ ਬੇਰੀ ਦੀ ਡਿਵੀਜ਼ਨ ਬੈਂਚ ਅੱਗੇ ਸੁਣਵਾਈ ਦੌਰਾਨ ਸੰਜੀਵ ਅਰੋੜਾ ਦੇ ਵਕੀਲ ਅਤੇ ਸੀਨੀਅਰ ਐਡਵੋਕੇਟ ਪੁਨੀਤ ਬਾਲੀ ਨੇ ਕਿਹਾ ਕਿ ਈਡੀ ਦੀ ਪੂਰੀ ਕਾਰਵਾਈ ਇੱਕ ਸੋਚੀ-ਸਮਝੀ ਸਿਆਸੀ ਸਾਜ਼ਿਸ਼ ਦਾ ਹਿੱਸਾ ਹੈ। ਉਨ੍ਹਾਂ ਦਲੀਲ ਦਿੱਤੀ ਕਿ ਹਾਈ ਕੋਰਟ ਪਹਿਲਾਂ ਵੀ ਸਿਆਸੀ ਬਦਲਾਖੋਰੀ ਦੇ ਮਾਮਲਿਆਂ ਵਿੱਚ ਦਖਲ ਦੇ ਚੁੱਕੀ ਹੈ ਅਤੇ ਹੁਣ ਅਰੋੜਾ ਨੂੰ ਵੀ ਬਰਾਬਰੀ ਦੇ ਅਧਿਕਾਰ ਤਹਿਤ ਰਾਹਤ ਮਿਲਣੀ ਚਾਹੀਦੀ ਹੈ।

ਪੁਨੀਤ ਬਾਲੀ ਨੇ ਅਦਾਲਤ ਵਿੱਚ ਇਹ ਵੀ ਕਿਹਾ ਕਿ ਪੰਜਾਬ ਵਿੱਚ ਸਿਆਸੀ ਵਿਰੋਧੀਆਂ ਨੂੰ ਟਾਰਗੇਟ ਕਰਨ ਦੀ ਰਵਾਇਤ ਵੱਧ ਰਹੀ ਹੈ। ਉਨ੍ਹਾਂ ਭਾਜਪਾ ਵਿੱਚ ਸ਼ਾਮਲ ਹੋਏ ਸੰਸਦ ਮੈਂਬਰਾਂ ਸੰਦੀਪ ਪਾਠਕ, ਰਾਜਿੰਦਰ ਗੁਪਤਾ ਅਤੇ ਅਸ਼ੋਕ ਮਿੱਤਲ ਦੇ ਮਾਮਲਿਆਂ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਕਿ ਸੱਤਾਧਾਰੀ ਧਿਰ ਨਾਲ ਜੁੜਨ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਕਾਰਵਾਈ ਦੀ ਰਫ਼ਤਾਰ ਹੌਲੀ ਪੈ ਗਈ, ਜਦਕਿ ਸੰਜੀਵ ਅਰੋੜਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਅਰੋੜਾ ਦੇ ਵਕੀਲ ਨੇ ਈਡੀ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ‘ਹੈਂਪਟਨ ਸਕਾਈ ਰਿਐਲਟੀ ਲਿਮਟਿਡ’ ਨਾਲ ਜੁੜੀਆਂ ਸਾਰੀਆਂ ਲੈਣ-ਦੇਣ ਬੈਂਕਿੰਗ ਚੈਨਲਾਂ ਅਤੇ ਚੈੱਕ ਭੁਗਤਾਨਾਂ ਰਾਹੀਂ ਹੋਈਆਂ ਸਨ ਅਤੇ ਹਰ ਬਰਾਮਦ ਕਸਟਮ ਕਲੀਅਰੈਂਸ ਤੋਂ ਬਾਅਦ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਸਿਰਫ਼ ਇਸ ਆਧਾਰ ‘ਤੇ ਕਿਸੇ ਨੂੰ ਫਸਾਇਆ ਨਹੀਂ ਜਾ ਸਕਦਾ ਕਿ ਕਿਸੇ ਵਿਕਰੇਤਾ ਦਾ ਜੀਐਸਟੀ ਨੰਬਰ ਗੈਰ-ਸਰਗਰਮ ਸੀ।

ਅਦਾਲਤ ਵਿੱਚ ਇਹ ਵੀ ਦਲੀਲ ਦਿੱਤੀ ਗਈ ਕਿ ਗੁਰੂਗ੍ਰਾਮ ਪੁਲਿਸ ਵੱਲੋਂ ਦਰਜ ਐਫਆਈਆਰ ਦੀ ਕਾਪੀ ਤੱਕ ਮੁਲਜ਼ਮ ਨੂੰ ਨਹੀਂ ਦਿੱਤੀ ਗਈ ਅਤੇ ਨਾ ਹੀ ਇਸਨੂੰ ਸਮੇਂ ਸਿਰ ਪੋਰਟਲ ‘ਤੇ ਅਪਲੋਡ ਕੀਤਾ ਗਿਆ। ਪੁਨੀਤ ਬਾਲੀ ਨੇ ਦਾਅਵਾ ਕੀਤਾ ਕਿ ਰਾਤ 1:50 ਵਜੇ ਬਿਨਾਂ ਮੁੱਢਲੀ ਜਾਂਚ ਤੋਂ ਐਫਆਈਆਰ ਦਰਜ ਕਰ ਲਈ ਗਈ ਅਤੇ ਉਸੇ ਆਧਾਰ ‘ਤੇ ਈਡੀ ਨੇ ਪੀਐਮਐਲਏ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ, ਜੋ ਕਾਨੂੰਨੀ ਤੌਰ ‘ਤੇ ਗਲਤ ਹੈ।

ਸੰਜੀਵ ਅਰੋੜਾ ਨੇ ਆਪਣੀ ਗ੍ਰਿਫ਼ਤਾਰੀ ਦੀ ਪ੍ਰਕਿਰਿਆ ‘ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਦੇ ਵਕੀਲ ਨੇ ਕਿਹਾ ਕਿ ਅਰੋੜਾ ਨੂੰ ਸਵੇਰੇ 7 ਵਜੇ ਹਿਰਾਸਤ ਵਿੱਚ ਲਿਆ ਗਿਆ, ਪਰ ਗ੍ਰਿਫ਼ਤਾਰੀ ਦੇ ਕਾਰਨ ਸ਼ਾਮ 4 ਵਜੇ ਦੱਸੇ ਗਏ। ਇਸ ਤੋਂ ਇਲਾਵਾ ਗੁਰੂਗ੍ਰਾਮ ਅਦਾਲਤ ਵੱਲੋਂ ਦਿੱਤਾ ਰਿਮਾਂਡ ਹੁਕਮ ਵੀ ਬਿਨਾਂ ਯੋਗ ਤਰੀਕੇ ਨਾਲ ਦਲੀਲਾਂ ਸੁਣੇ “ਮਸ਼ੀਨੀ ਢੰਗ” ਨਾਲ ਪਾਸ ਕੀਤਾ ਗਿਆ।

ਈਡੀ ਨੇ ਸੰਜੀਵ ਅਰੋੜਾ ਨੂੰ 9 ਮਈ ਨੂੰ ਗ੍ਰਿਫ਼ਤਾਰ ਕੀਤਾ ਸੀ। ਏਜੰਸੀ ਦਾ ਦੋਸ਼ ਹੈ ਕਿ ‘ਹੈਂਪਟਨ ਸਕਾਈ ਰਿਐਲਟੀ ਲਿਮਟਿਡ’ ਨੇ ਫੇਮਾ ਨਿਯਮਾਂ ਦੀ ਉਲੰਘਣਾ ਕਰਦਿਆਂ ਕਥਿਤ ਤੌਰ ‘ਤੇ ਬਿਨਾਂ ਅਸਲ ਮਾਲ ਆਵਾਜਾਈ ਦੇ ਜਾਲਸਾਜ਼ੀ ਵਾਲੀਆਂ ਬਰਾਮਦਾਂ ਦਰਸਾਈਆਂ। ਦੂਜੇ ਪਾਸੇ ਅਰੋੜਾ ਪੱਖ ਇਸਨੂੰ ਪੂਰੀ ਤਰ੍ਹਾਂ ਸਿਆਸੀ ਮਕਸਦ ਨਾਲ ਕੀਤੀ ਕਾਰਵਾਈ ਦੱਸ ਰਿਹਾ ਹੈ।

ਹਾਈ ਕੋਰਟ ਨੇ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਮਾਮਲੇ ਦੀ ਅਗਲੀ ਸੁਣਵਾਈ 14 ਮਈ ਲਈ ਮੁਲਤਵੀ ਕਰ ਦਿੱਤੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.