ਤਾਜਾ ਖਬਰਾਂ
ਮਲੋਟ ਨੈਸ਼ਨਲ ਹਾਈਵੇਅ 'ਤੇ ਸਥਿਤ ਲੇਬਰ ਚੌਂਕ ਵਿੱਚ ਅੱਜ ਸਵੇਰੇ ਉਸ ਵੇਲੇ ਚੀਖ-ਚਿਹਾੜਾ ਮਚ ਗਿਆ, ਜਦੋਂ ਇੱਕ ਬੇਕਾਬੂ ਤੇਜ਼ ਰਫ਼ਤਾਰ ਟਰਾਲੇ ਨੇ ਸ਼ੈੱਡ ਵਿੱਚ ਬੈਠੇ ਮਜ਼ਦੂਰਾਂ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਇਸ ਭਿਆਨਕ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇੱਕ ਹੋਰ ਮਜ਼ਦੂਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਘਟਨਾ ਤੋਂ ਬਾਅਦ ਇਲਾਕੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ, ਇਹ ਹਾਦਸਾ ਅੱਜ ਸਵੇਰੇ ਕਰੀਬ 8 ਵਜੇ ਵਾਪਰਿਆ। ਜੀ.ਟੀ. ਰੋਡ 'ਤੇ ਮਜ਼ਦੂਰਾਂ ਦੇ ਬੈਠਣ ਲਈ ਬਣੇ ਸ਼ੈੱਡ ਵਿੱਚ ਕੁਝ ਵਿਅਕਤੀ ਰੋਜ਼ਾਨਾ ਵਾਂਗ ਕੰਮ ਦੀ ਉਡੀਕ ਕਰ ਰਹੇ ਸਨ। ਇਸੇ ਦੌਰਾਨ ਇੱਕ ਬੇਕਾਬੂ ਟਰਾਲਾ ਸਿੱਧਾ ਸ਼ੈੱਡ ਵਿੱਚ ਜਾ ਵੜਿਆ। ਟਾਇਰਾਂ ਹੇਠ ਫਸਣ ਕਾਰਨ ਦੋ ਮਜ਼ਦੂਰਾਂ ਦੀਆਂ ਮੌਕੇ 'ਤੇ ਹੀ ਜਾਨਾਂ ਚਲੀਆਂ ਗਈਆਂ। ਜ਼ਖ਼ਮੀ ਵਿਅਕਤੀ ਨੂੰ ਤੁਰੰਤ ਮਲੋਟ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਰੈਫ਼ਰ ਕਰ ਦਿੱਤਾ ਹੈ।
ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਦੂਜੇ ਪਾਸੇ, ਆਪਣੇ ਸਾਥੀਆਂ ਦੀ ਮੌਤ ਤੋਂ ਭੜਕੇ ਮਜ਼ਦੂਰਾਂ ਨੇ ਪ੍ਰਸ਼ਾਸਨ ਵਿਰੁੱਧ ਜੀ.ਟੀ. ਰੋਡ 'ਤੇ ਧਰਨਾ ਲਗਾ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਦੋਸ਼ੀ ਡਰਾਈਵਰ ਵਿਰੁੱਧ ਸਖ਼ਤ ਕਾਰਵਾਈ ਅਤੇ ਪੀੜਤ ਪਰਿਵਾਰਾਂ ਲਈ ਇਨਸਾਫ਼ ਦੀ ਮੰਗ ਕੀਤੀ।
Get all latest content delivered to your email a few times a month.