IMG-LOGO
ਹੋਮ ਪੰਜਾਬ: PSEB 12ਵੀਂ ਦੇ ਨਤੀਜੇ: ਆਰਟਸ ਦੇ ਮੁਕਾਬਲੇ ਸਾਇੰਸ ਤੇ ਕਾਮਰਸ...

PSEB 12ਵੀਂ ਦੇ ਨਤੀਜੇ: ਆਰਟਸ ਦੇ ਮੁਕਾਬਲੇ ਸਾਇੰਸ ਤੇ ਕਾਮਰਸ ਦਾ ਰਿਹਾ ਦਬਦਬਾ; ਮੈਰਿਟ ਸੂਚੀ ਵਿੱਚ ਸਾਇੰਸ ਦੇ ਵਿਦਿਆਰਥੀਆਂ ਨੇ ਮਾਰੀ ਬਾਜ਼ੀ

Admin User - May 14, 2026 02:58 PM
IMG

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹਾਲ ਹੀ ਵਿੱਚ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ ਨੇ ਸਿੱਖਿਆ ਜਗਤ ਵਿੱਚ ਚਰਚਾ ਛੇੜ ਦਿੱਤੀ ਹੈ। ਅੰਕੜਿਆਂ ਮੁਤਾਬਕ, ਜਿਸ 'ਹਿਊਮੈਨਿਟੀਜ਼' (ਆਰਟਸ) ਸਟ੍ਰੀਮ ਨੂੰ ਸਭ ਤੋਂ ਸੁਖਾਲਾ ਮੰਨਿਆ ਜਾਂਦਾ ਹੈ, ਉਸ ਦਾ ਨਤੀਜਾ ਸਾਇੰਸ ਅਤੇ ਕਾਮਰਸ ਦੇ ਮੁਕਾਬਲੇ ਕਾਫੀ ਫਾਡੀ ਰਿਹਾ ਹੈ। ਜਿੱਥੇ ਕਾਮਰਸ ਅਤੇ ਸਾਇੰਸ ਦੇ ਨਤੀਜੇ 98 ਫੀਸਦੀ ਤੋਂ ਪਾਰ ਰਹੇ, ਉੱਥੇ ਹੀ ਹਿਊਮੈਨਿਟੀਜ਼ ਦਾ ਨਤੀਜਾ ਮਹਿਜ਼ 87.74 ਫੀਸਦੀ ਤੱਕ ਸਿਮਟ ਗਿਆ।


ਸਾਲ 2026 ਦੇ ਨਤੀਜਿਆਂ ਵਿੱਚ ਕਾਮਰਸ ਸਟ੍ਰੀਮ 98.78% ਅਤੇ ਸਾਇੰਸ 98.47% ਪਾਸ ਪ੍ਰਤੀਸ਼ਤਤਾ ਨਾਲ ਸਭ ਤੋਂ ਅੱਗੇ ਰਹੇ। ਇਸ ਦੇ ਉਲਟ, ਵੋਕੇਸ਼ਨਲ ਸਟ੍ਰੀਮ ਦਾ ਨਤੀਜਾ 87.80% ਅਤੇ ਹਿਊਮੈਨਿਟੀਜ਼ ਦਾ 87.74% ਰਿਹਾ। ਮੈਰਿਟ ਸੂਚੀ ਦੀ ਗੱਲ ਕਰੀਏ ਤਾਂ ਕੁੱਲ 278 ਵਿਦਿਆਰਥੀਆਂ ਵਿੱਚੋਂ 148 ਵਿਦਿਆਰਥੀ (ਲਗਭਗ 53.2%) ਇਕੱਲੇ ਸਾਇੰਸ ਗਰੁੱਪ ਨਾਲ ਸਬੰਧਤ ਹਨ। ਹਿਊਮੈਨਿਟੀਜ਼ ਗਰੁੱਪ ਦੇ 82 ਅਤੇ ਕਾਮਰਸ ਦੇ 44 ਵਿਦਿਆਰਥੀ ਇਸ ਵਾਰ ਮੈਰਿਟ ਵਿੱਚ ਥਾਂ ਬਣਾ ਸਕੇ ਹਨ।


ਜ਼ਿਲ੍ਹਿਆਂ ਦੇ ਮੁਕਾਬਲੇ ਵਿੱਚ ਅੰਮ੍ਰਿਤਸਰ ਨੇ 96% ਨਤੀਜੇ ਨਾਲ ਆਪਣਾ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ। ਦੂਜੇ ਪਾਸੇ ਲੁਧਿਆਣਾ ਜ਼ਿਲ੍ਹਾ 87.04% ਨਤੀਜੇ ਨਾਲ ਸੂਬੇ ਵਿੱਚ ਸਭ ਤੋਂ ਆਖਰੀ (23ਵੇਂ) ਸਥਾਨ 'ਤੇ ਪਹੁੰਚ ਗਿਆ ਹੈ।

ਸਕੂਲਾਂ ਦੀ ਕਾਰਗੁਜ਼ਾਰੀ ਇਸ ਪ੍ਰਕਾਰ ਰਹੀ:


ਪ੍ਰਾਈਵੇਟ ਸਕੂਲ: ਇਨ੍ਹਾਂ ਦੇ ਨਤੀਜਿਆਂ ਵਿੱਚ ਹਲਕਾ ਵਾਧਾ ਹੋਇਆ ਅਤੇ ਇਹ 92.68% ਰਿਹਾ।


ਸਰਕਾਰੀ ਸਕੂਲ: ਸਰਕਾਰੀ ਸਕੂਲਾਂ ਦੇ ਨਤੀਜੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ, ਜੋ ਕਿ ਪਿਛਲੇ ਸਾਲ ਦੇ 91.81% ਤੋਂ ਘਟ ਕੇ 91.41% ਰਹਿ ਗਿਆ ਹੈ।


ਸਕੂਲ ਆਫ ਐਮਿਨੈਂਸ: ਸਰਕਾਰ ਦੇ ਅਹਿਮ ਪ੍ਰੋਜੈਕਟ 'ਸਕੂਲ ਆਫ ਐਮਿਨੈਂਸ' ਦੇ ਮਹਿਜ਼ 3 ਵਿਦਿਆਰਥੀ ਹੀ ਟਾਪ-50 ਦੀ ਸੂਚੀ ਵਿੱਚ ਆਪਣੀ ਜਗ੍ਹਾ ਬਣਾ ਸਕੇ ਹਨ।


13 ਮਈ 2026 ਨੂੰ ਜਾਰੀ ਕੀਤੇ ਗਏ ਨਤੀਜਿਆਂ ਵਿੱਚ ਧੀਆਂ ਨੇ ਇੱਕ ਵਾਰ ਫਿਰ ਮੁੰਡਿਆਂ ਨੂੰ ਪਛਾੜ ਦਿੱਤਾ ਹੈ। ਕੁੜੀਆਂ ਦੀ ਪਾਸ ਪ੍ਰਤੀਸ਼ਤਤਾ 94.73% ਰਹੀ, ਜਦਕਿ ਮੁੰਡਿਆਂ ਦੀ ਪ੍ਰਤੀਸ਼ਤਤਾ 88.52% ਦਰਜ ਕੀਤੀ ਗਈ। ਹੈਰਾਨੀਜਨਕ ਗੱਲ ਇਹ ਰਹੀ ਕਿ ਇਸ ਵਾਰ ਤਿੰਨੇ ਟਾਪਰਾਂ ਨੇ 500 ਵਿੱਚੋਂ 500 ਪੂਰੇ ਅੰਕ ਹਾਸਲ ਕੀਤੇ ਹਨ, ਜਦਕਿ ਪਿਛਲੇ ਸਾਲ ਸਿਰਫ਼ ਇੱਕ ਵਿਦਿਆਰਥੀ ਨੇ ਇਹ ਉਪਲਬਧੀ ਹਾਸਲ ਕੀਤੀ ਸੀ।


ਭਾਵੇਂ ਕਿ ਹਿਊਮੈਨਿਟੀਜ਼ ਗਰੁੱਪ ਵਿੱਚ ਵਿਦਿਆਰਥੀਆਂ ਦੀ ਫੇਲ੍ਹ ਹੋਣ ਦੀ ਦਰ ਸਭ ਤੋਂ ਵੱਧ ਹੈ, ਪਰ ਮੈਰਿਟ ਵਿੱਚ ਦੂਜੇ, ਤੀਜੇ ਅਤੇ ਚੌਥੇ ਸਥਾਨ 'ਤੇ ਇਸੇ ਗਰੁੱਪ ਦੇ ਵਿਦਿਆਰਥੀਆਂ ਦਾ ਹੋਣਾ ਇੱਕ ਰਾਹਤ ਭਰੀ ਖ਼ਬਰ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.