ਤਾਜਾ ਖਬਰਾਂ
ਧਰਮਸ਼ਾਲਾ ਦੇ ਐਚਪੀਸੀਏ ਸਟੇਡੀਅਮ ਵਿੱਚ ਖੇਡੇ ਜਾ ਰਹੇ IPL 2026 ਦੇ ਮੁਕਾਬਲੇ ਵਿੱਚ ਪੰਜਾਬ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਸਾਹਮਣੇ 201 ਦੌੜਾਂ ਦਾ ਮਜ਼ਬੂਤ ਟੀਚਾ ਰੱਖ ਦਿੱਤਾ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਪੰਜਾਬ ਦੀ ਟੀਮ ਨੇ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ‘ਤੇ 200 ਦੌੜਾਂ ਬਣਾਈਆਂ।
ਪੰਜਾਬ ਲਈ ਓਪਨਰ ਪ੍ਰਭਸਿਮਰਨ ਸਿੰਘ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 57 ਦੌੜਾਂ ਦੀ ਤੇਜ਼ ਪਾਰੀ ਖੇਡੀ ਅਤੇ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿਵਾਈ। ਇਸ ਤੋਂ ਇਲਾਵਾ ਅਜ਼ਮਤੁੱਲਾ ਉਮਰਜ਼ਈ ਨੇ ਅੰਤਲੇ ਓਵਰਾਂ ਵਿੱਚ ਧਮਾਕੇਦਾਰ ਅੰਦਾਜ਼ ਵਿੱਚ ਸਿਰਫ਼ 17 ਗੇਂਦਾਂ ‘ਤੇ 38 ਦੌੜਾਂ ਜੋੜੀਆਂ। ਜ਼ੇਵੀਅਰ ਬਾਰਟਲੇਟ ਨੇ ਵੀ ਅੰਤ ਵਿੱਚ ਤੇਜ਼ ਹੱਥ ਦਿਖਾਉਂਦਿਆਂ 7 ਗੇਂਦਾਂ ‘ਤੇ ਨਾਬਾਦ 18 ਦੌੜਾਂ ਬਣਾਈਆਂ, ਜਿਸ ਨਾਲ ਪੰਜਾਬ 200 ਦੇ ਅੰਕੜੇ ਤੱਕ ਪਹੁੰਚਣ ਵਿੱਚ ਕਾਮਯਾਬ ਰਿਹਾ।
ਇੱਕ ਸਮੇਂ ਪੰਜਾਬ ਵੱਡੇ ਸਕੋਰ ਵੱਲ ਵਧਦੀ ਦਿਖਾਈ ਦੇ ਰਹੀ ਸੀ, ਪਰ ਮੱਧਲੇ ਓਵਰਾਂ ਵਿੱਚ ਲਗਾਤਾਰ ਵਿਕਟਾਂ ਡਿੱਗਣ ਕਾਰਨ ਟੀਮ ਦਬਾਅ ਹੇਠ ਆ ਗਈ। ਹਾਲਾਂਕਿ ਉਮਰਜ਼ਈ ਅਤੇ ਬਾਰਟਲੇਟ ਦੀ ਤੇਜ਼ ਬੱਲੇਬਾਜ਼ੀ ਨੇ ਅੰਤ ਵਿੱਚ ਸਕੋਰ ਨੂੰ ਮਜ਼ਬੂਤੀ ਦਿੱਤੀ।
ਮੁੰਬਈ ਇੰਡੀਅਨਜ਼ ਵੱਲੋਂ ਸ਼ਾਰਦੁਲ ਠਾਕੁਰ ਸਭ ਤੋਂ ਕਾਮਯਾਬ ਗੇਂਦਬਾਜ਼ ਸਾਬਤ ਹੋਇਆ, ਜਿਸਨੇ ਚਾਰ ਮਹੱਤਵਪੂਰਨ ਵਿਕਟਾਂ ਹਾਸਲ ਕੀਤੀਆਂ। ਦੀਪਕ ਚਾਹਰ ਨੇ ਵੀ ਦੋ ਵਿਕਟਾਂ ਆਪਣੇ ਨਾਮ ਕੀਤੀਆਂ। ਹੁਣ ਮੁੰਬਈ ਨੂੰ ਜਿੱਤ ਲਈ 201 ਦੌੜਾਂ ਦਾ ਟੀਚਾ ਹਾਸਲ ਕਰਨਾ ਹੋਵੇਗਾ।
Get all latest content delivered to your email a few times a month.