ਤਾਜਾ ਖਬਰਾਂ
ਰਾਸ਼ਟਰੀ ਜਾਂਚ ਏਜੰਸੀ (NIA) ਨੂੰ ਨਾਰਕੋ-ਟੈਰਰ ਮਾਮਲੇ ਵਿੱਚ ਵੱਡੀ ਕਾਮਯਾਬੀ ਮਿਲੀ ਹੈ। ਏਜੰਸੀ ਨੇ ਹਿਜ਼ਬੁਲ ਮੁਜਾਹਿਦੀਨ ਨਾਲ ਜੁੜੇ ਕਥਿਤ ਤਸਕਰ ਅਤੇ ਮੁੱਖ ਮੁਲਜ਼ਮ ਇਕਬਾਲ ਸਿੰਘ ਉਰਫ਼ ਸ਼ੇਰਾ ਨੂੰ ਪੁਰਤਗਾਲ ਤੋਂ ਗ੍ਰਿਫ਼ਤਾਰ ਕਰਕੇ ਭਾਰਤ ਲਿਆਇਆ ਹੈ। ਦਿੱਲੀ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ NIA ਨੇ ਉਸਦਾ ਦੋ ਦਿਨਾਂ ਦਾ ਰਿਮਾਂਡ ਹਾਸਲ ਕਰ ਲਿਆ ਹੈ। ਹੁਣ ਜਾਂਚ ਟੀਮ ਉਸ ਤੋਂ ਪੰਜਾਬ ਅਤੇ ਪਾਕਿਸਤਾਨ ਨਾਲ ਜੁੜੇ ਡਰੱਗ ਅਤੇ ਅੱਤਵਾਦੀ ਨੈੱਟਵਰਕ ਬਾਰੇ ਡੂੰਘਾਈ ਨਾਲ ਪੁੱਛਗਿੱਛ ਕਰੇਗੀ।
ਇਕਬਾਲ ਸ਼ੇਰਾ ਦਾ ਨਾਮ ਅੰਮ੍ਰਿਤਸਰ ਦੇ ਅਟਾਰੀ ਸਰਹੱਦ ‘ਤੇ ਫੜੀ ਗਈ 532 ਕਿਲੋ ਹੈਰੋਇਨ ਦੀ ਸਭ ਤੋਂ ਵੱਡੀ ਖੇਪ ਨਾਲ ਜੁੜਿਆ ਹੋਇਆ ਹੈ। ਜਾਂਚ ਏਜੰਸੀ ਮੁਤਾਬਕ ਇਹ ਹੈਰੋਇਨ ਪਾਕਿਸਤਾਨ ਤੋਂ ਭੇਜੀ ਗਈ ਸੀ ਅਤੇ ਇਸ ਦੀ ਤਸਕਰੀ ਰਾਹੀਂ ਕਮਾਇਆ ਗਿਆ ਪੈਸਾ ਅੱਤਵਾਦੀ ਗਤੀਵਿਧੀਆਂ ਲਈ ਵਰਤਿਆ ਜਾਂਦਾ ਸੀ। NIA ਦਾ ਦਾਅਵਾ ਹੈ ਕਿ ਸ਼ੇਰਾ ਪਾਕਿਸਤਾਨ ਵਿੱਚ ਬੈਠੇ ਹਿਜ਼ਬੁਲ ਮੁਜਾਹਿਦੀਨ ਦੇ ਹੈਂਡਲਰਾਂ ਨਾਲ ਸਿੱਧੇ ਸੰਪਰਕ ਵਿੱਚ ਸੀ ਅਤੇ ਪੰਜਾਬ ਵਿੱਚ ਆਪਣੇ ਗਿਰੋਹ ਰਾਹੀਂ ਨਸ਼ੇ ਦੀ ਸਪਲਾਈ ਕਰਵਾਉਂਦਾ ਸੀ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਹ ਹਵਾਲਾ ਰਾਹੀਂ ਕਰੋੜਾਂ ਰੁਪਏ ਦੀ ਰਕਮ ਪਾਕਿਸਤਾਨ ਅਤੇ ਜੰਮੂ-ਕਸ਼ਮੀਰ ਵਿੱਚ ਮੌਜੂਦ ਅੱਤਵਾਦੀ ਤੱਤਾਂ ਤੱਕ ਪਹੁੰਚਾਉਂਦਾ ਸੀ। ਏਜੰਸੀ ਅਨੁਸਾਰ ਇਸ ਪੈਸੇ ਦੀ ਵਰਤੋਂ ਭਾਰਤ ਵਿਰੋਧੀ ਗਤੀਵਿਧੀਆਂ ਅਤੇ ਅੱਤਵਾਦ ਨੂੰ ਫੰਡ ਕਰਨ ਲਈ ਕੀਤੀ ਜਾਂਦੀ ਸੀ।
ਅੰਮ੍ਰਿਤਸਰ ਦਾ ਰਹਿਣ ਵਾਲਾ ਸ਼ੇਰਾ ਸਾਲ 2020 ਵਿੱਚ ਕੇਸ ਦਰਜ ਹੋਣ ਤੋਂ ਬਾਅਦ ਭਾਰਤ ਤੋਂ ਫਰਾਰ ਹੋ ਗਿਆ ਸੀ। ਉਸ ਦੇ ਖ਼ਿਲਾਫ਼ ਅਕਤੂਬਰ 2020 ਵਿੱਚ ਗੈਰ-ਜ਼ਮਾਨਤੀ ਵਾਰੰਟ ਜਾਰੀ ਹੋਇਆ ਸੀ, ਜਦਕਿ 2021 ਵਿੱਚ ਇੰਟਰਪੋਲ ਵੱਲੋਂ ਰੈੱਡ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਕਈ ਸਾਲਾਂ ਦੀਆਂ ਕੂਟਨੀਤਕ ਅਤੇ ਕਾਨੂੰਨੀ ਕਾਰਵਾਈਆਂ ਤੋਂ ਬਾਅਦ ਭਾਰਤੀ ਏਜੰਸੀਆਂ ਉਸ ਨੂੰ ਪੁਰਤਗਾਲ ਤੋਂ ਭਾਰਤ ਲਿਆਉਣ ਵਿੱਚ ਕਾਮਯਾਬ ਰਹੀਆਂ ਹਨ।
NIA ਦਾ ਕਹਿਣਾ ਹੈ ਕਿ ਸ਼ੇਰਾ ਨੇ ਪੰਜਾਬ ਵਿੱਚ ਇੱਕ ਮਜ਼ਬੂਤ ਡਰੱਗ ਸਿੰਡੀਕੇਟ ਖੜ੍ਹਾ ਕੀਤਾ ਹੋਇਆ ਸੀ, ਜਿਸ ਵਿੱਚ ਕਈ ਗੁਰਗੇ ਅਤੇ ਸਾਥੀ ਸ਼ਾਮਲ ਸਨ। ਇਹ ਗਿਰੋਹ ਨਸ਼ੇ ਦੀ ਤਸਕਰੀ, ਪੈਸਿਆਂ ਦੀ ਉਗਰਾਹੀ ਅਤੇ ਹਵਾਲਾ ਟ੍ਰਾਂਸਫਰ ਵਰਗੀਆਂ ਗੈਰਕਾਨੂੰਨੀ ਗਤੀਵਿਧੀਆਂ ਵਿੱਚ ਸਰਗਰਮ ਸੀ। ਹੁਣ ਏਜੰਸੀ ਨੂੰ ਉਮੀਦ ਹੈ ਕਿ ਸ਼ੇਰਾ ਤੋਂ ਪੁੱਛਗਿੱਛ ਦੌਰਾਨ ਪਾਕਿਸਤਾਨ ਆਧਾਰਿਤ ਨਾਰਕੋ-ਟੈਰਰ ਮਾਡਿਊਲ ਅਤੇ ਉਸ ਦੇ ਭਾਰਤ ਵਿੱਚ ਫੈਲੇ ਨੈੱਟਵਰਕ ਬਾਰੇ ਵੱਡੇ ਖੁਲਾਸੇ ਹੋ ਸਕਦੇ ਹਨ।
Get all latest content delivered to your email a few times a month.