ਤਾਜਾ ਖਬਰਾਂ
ਸਥਾਨਕ ਜਮਾਲਪੁਰਾ ਇਲਾਕੇ ਵਿੱਚ ਸ਼ੁੱਕਰਵਾਰ ਸ਼ਾਮ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇੱਕ ਕੂੜੇ ਦੇ ਢੇਰ ਵਿੱਚ ਰਹੱਸਮਈ ਹਾਲਤ ਵਿੱਚ ਜ਼ੋਰਦਾਰ ਧਮਾਕਾ ਹੋ ਗਿਆ। ਇਹ ਘਟਨਾ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੀ ਕੋਠੀ ਦੇ ਬਿਲਕੁਲ ਨਜ਼ਦੀਕ ਵਾਪਰੀ। ਇਸ ਧਮਾਕੇ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਮੱਝ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਘਟਨਾ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਪੁਲਿਸ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆ ਗਿਆ ਹੈ ਅਤੇ ਬਠਿੰਡਾ ਤੋਂ ਵਿਸ਼ੇਸ਼ ਫੋਰੈਂਸਿਕ ਟੀਮ ਨੂੰ ਜਾਂਚ ਲਈ ਮੌਕੇ 'ਤੇ ਸੱਦਿਆ ਗਿਆ ਹੈ।
ਪੀੜਤ ਡੇਅਰੀ ਫਾਰਮਰ ਮੁਹੰਮਦ ਹਮਜ਼ਾ ਨੇ ਘਟਨਾ ਦੇ ਖ਼ੌਫ਼ਨਾਕ ਮੰਜ਼ਰ ਬਾਰੇ ਦੱਸਿਆ ਕਿ ਉਹ ਆਪਣੇ ਪਸ਼ੂਆਂ ਨੂੰ ਲੈ ਕੇ ਉੱਥੋਂ ਲੰਘ ਰਿਹਾ ਸੀ। ਜਿਵੇਂ ਹੀ ਉਸ ਦੀ ਮੱਝ ਕੂੜੇ ਦੇ ਢੇਰ ਕੋਲ ਪਏ ਇੱਕ ਪੋਲੀਥੀਨ ਬੈਗ ਦੇ ਨੇੜੇ ਪਹੁੰਚੀ ਅਤੇ ਉਸ 'ਤੇ ਪੈਰ ਰੱਖਿਆ, ਤਾਂ ਇੱਕਦਮ ਭਿਆਨਕ ਧਮਾਕਾ ਹੋ ਗਿਆ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਭਾਰੀ-ਭਰਕਮ ਜਾਨਵਰ ਕਈ ਫੁੱਟ ਹਵਾ ਵਿੱਚ ਉਛਲ ਕੇ ਦੂਰ ਜਾ ਡਿੱਗਿਆ। ਹਮਜ਼ਾ ਮੁਤਾਬਕ ਧਮਾਕੇ ਦੇ ਜ਼ੋਰ ਕਾਰਨ ਉਹ ਖ਼ੁਦ ਵੀ ਜ਼ਮੀਨ 'ਤੇ ਡਿੱਗ ਪਿਆ, ਜਿਸ ਕਾਰਨ ਆਲੇ-ਦੁਆਲੇ ਦੇ ਲੋਕਾਂ ਵਿੱਚ ਭਾਜੜ ਮੱਚ ਗਈ।
ਮਲੇਰਕੋਟਲਾ ਦੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (SSP) ਗੁਰਮੀਤ ਸਿੰਘ ਨੇ ਮੌਕੇ ਦਾ ਜਾਇਜ਼ਾ ਲੈਣ ਤੋਂ ਬਾਅਦ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਕੂੜੇ ਦੇ ਢੇਰ ਵਿੱਚ ਕਥਿਤ ਤੌਰ 'ਤੇ ਕੋਈ ਜਲਨਸ਼ੀਲ ਪਦਾਰਥ ਜਿਵੇਂ ਕਿ 'ਪੋਟਾਸ਼' ਸੁੱਟਿਆ ਹੋਇਆ ਸੀ, ਜੋ ਦਬਾਅ ਪੈਣ ਕਾਰਨ ਫਟ ਗਿਆ। ਐਸਐਸਪੀ ਨੇ ਸਪੱਸ਼ਟ ਕੀਤਾ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਵੱਲੋਂ ਸਾਰੇ ਸੰਭਾਵਿਤ ਪਹਿਲੂਆਂ ਅਤੇ ਐਂਗਲਾਂ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਅਧਿਕਾਰੀਆਂ ਅਨੁਸਾਰ ਫੋਰੈਂਸਿਕ ਟੀਮ ਨੇ ਮੌਕੇ ਤੋਂ ਨਮੂਨੇ (ਸੈਂਪਲ) ਇਕੱਠੇ ਕਰ ਲਏ ਹਨ। ਐਸਐਸਪੀ ਗੁਰਮੀਤ ਸਿੰਘ ਨੇ ਕਿਹਾ ਕਿ ਇਸ ਗੱਲ ਦੀ ਪੂਰੀ ਪੜਤਾਲ ਕੀਤੀ ਜਾ ਰਹੀ ਹੈ ਕਿ ਇਹ ਸਮੱਗਰੀ ਉੱਥੇ ਕਿਸ ਨੇ ਅਤੇ ਕਿਸ ਮਕਸਦ ਨਾਲ ਸੁੱਟੀ ਸੀ। ਉਨ੍ਹਾਂ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ 'ਤੇ ਯਕੀਨ ਨਾ ਕਰਨ, ਕਿਉਂਕਿ ਫੋਰੈਂਸਿਕ ਜਾਂਚ ਦੀ ਵਿਸਤ੍ਰਿਤ ਰਿਪੋਰਟ ਆਉਣ ਤੋਂ ਬਾਅਦ ਹੀ ਧਮਾਕੇ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।
Get all latest content delivered to your email a few times a month.