IMG-LOGO
ਹੋਮ ਪੰਜਾਬ, ਹਰਿਆਣਾ, ਪਠਾਣ ਮਾਜਰਾ ਮਾਮਲੇ ‘ਚ ਹਾਈਕੋਰਟ ਸਖ਼ਤ, ਪੰਜਾਬ ਸਰਕਾਰ ਨੂੰ ਸਾਰੇ...

ਪਠਾਣ ਮਾਜਰਾ ਮਾਮਲੇ ‘ਚ ਹਾਈਕੋਰਟ ਸਖ਼ਤ, ਪੰਜਾਬ ਸਰਕਾਰ ਨੂੰ ਸਾਰੇ ਕੇਸਾਂ ਦੀ ਰਿਪੋਰਟ ਪੇਸ਼ ਕਰਨ ਦੇ ਹੁਕਮ

Admin User - May 21, 2026 06:14 PM
IMG

ਸਨੌਰ ਹਲਕੇ ਤੋਂ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਨਾਲ ਸੰਬੰਧਿਤ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੁਣਵਾਈ ਦੌਰਾਨ ਕੜਾ ਰੁਖ ਅਪਣਾਇਆ। ਅਦਾਲਤ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਕਿ ਵਿਧਾਇਕ ਖ਼ਿਲਾਫ ਦਰਜ ਸਾਰੇ ਕੇਸਾਂ ਦਾ ਪੂਰਾ ਵੇਰਵਾ ਅਗਲੀ ਸੁਣਵਾਈ ਤੱਕ ਪੇਸ਼ ਕੀਤਾ ਜਾਵੇ।

ਇਹ ਮਾਮਲਾ ਉਸ ਅਰਜ਼ੀ ਤੋਂ ਬਾਅਦ ਅਦਾਲਤ ਤੱਕ ਪਹੁੰਚਿਆ ਜਿਸ ਵਿੱਚ ਹਰਮੀਤ ਸਿੰਘ ਪਠਾਣ ਮਾਜਰਾ ਵੱਲੋਂ ਮੰਗ ਕੀਤੀ ਗਈ ਸੀ ਕਿ ਉਨ੍ਹਾਂ ਖ਼ਿਲਾਫ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਪਹਿਲਾਂ ਸੂਚਿਤ ਕੀਤਾ ਜਾਵੇ। ਇਹ ਪਟੀਸ਼ਨ ਉਨ੍ਹਾਂ ਦੇ ਵਕੀਲ ਦੀਪਿੰਦਰ ਸਿੰਘ ਵਿਰਕ ਵੱਲੋਂ ਦਾਇਰ ਕੀਤੀ ਗਈ ਸੀ।

ਸੁਣਵਾਈ ਦੌਰਾਨ ਹਾਈਕੋਰਟ ਨੇ ਸਰਕਾਰ ਨੂੰ ਸਵਾਲ ਕੀਤਾ ਕਿ ਪਠਾਣ ਮਾਜਰਾ ਖ਼ਿਲਾਫ ਹੁਣ ਤੱਕ ਕਿੰਨੇ ਕੇਸ ਦਰਜ ਹੋਏ ਹਨ, ਕਿੰਨੇ ਮਾਮਲਿਆਂ ਵਿੱਚ ਉਹ ਬਰੀ ਹੋਏ ਹਨ ਅਤੇ ਕਿੰਨੇ ਕੇਸ ਅਜੇ ਵੀ ਜਾਂਚ ਜਾਂ ਅਦਾਲਤੀ ਕਾਰਵਾਈ ਹੇਠ ਹਨ। ਇਸ ‘ਤੇ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਖ਼ਿਲਾਫ ਕੁੱਲ ਚਾਰ ਮਾਮਲੇ ਪੈਂਡਿੰਗ ਹਨ। ਇਨ੍ਹਾਂ ਵਿੱਚੋਂ ਇੱਕ ਕੇਸ ਹਰਿਆਣਾ ਵਿੱਚ ਦਰਜ ਹੈ, ਜਦਕਿ ਤਿੰਨ ਕੇਸ ਪੰਜਾਬ ਵਿੱਚ ਚੱਲ ਰਹੇ ਹਨ।

ਅਦਾਲਤ ਵਿੱਚ ਇਹ ਵੀ ਦੱਸਿਆ ਗਿਆ ਕਿ ਇੱਕ ਮਾਮਲੇ ਵਿੱਚ ਪਠਾਣ ਮਾਜਰਾ ਨੇ ਆਤਮ ਸਮਰਪਣ ਕਰਨ ਦੀ ਇੱਛਾ ਜਤਾਈ ਹੈ। ਇਸ ਦੇ ਨਾਲ ਹੀ ਸਰਕਾਰ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਇੱਕ ਕੇਸ ਵਿੱਚ ਅਜੇ ਤੱਕ ਉਨ੍ਹਾਂ ਨੂੰ ਅਧਿਕਾਰਿਕ ਤੌਰ ‘ਤੇ ਨਾਮਜ਼ਦ ਨਹੀਂ ਕੀਤਾ ਗਿਆ।

ਇਸ ਸਥਿਤੀ ‘ਤੇ ਹਾਈਕੋਰਟ ਨੇ ਸਰਕਾਰ ਨੂੰ ਹੋਰ ਸਪਸ਼ਟ ਅਤੇ ਵਿਸਥਾਰਪੂਰਵਕ ਰਿਕਾਰਡ ਪੇਸ਼ ਕਰਨ ਲਈ ਕਿਹਾ। ਅਦਾਲਤ ਨੇ ਨਿਰਦੇਸ਼ ਦਿੱਤੇ ਕਿ ਅਗਲੀ ਸੁਣਵਾਈ ਦੌਰਾਨ ਇਹ ਸਾਫ਼ ਕੀਤਾ ਜਾਵੇ ਕਿ ਕਿਹੜੇ ਕੇਸਾਂ ਵਿੱਚ ਪਠਾਣ ਮਾਜਰਾ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ ਕਿਹੜੇ ਮਾਮਲਿਆਂ ਵਿੱਚ ਉਨ੍ਹਾਂ ਦੀ ਹਾਜ਼ਰੀ ਜਾਂ ਸਰੰਡਰ ਦੀ ਲੋੜ ਹੈ।

ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 16 ਜੁਲਾਈ ਨੂੰ ਹੋਵੇਗੀ, ਜਿੱਥੇ ਪੰਜਾਬ ਸਰਕਾਰ ਨੂੰ ਪੂਰਾ ਰਿਕਾਰਡ ਅਦਾਲਤ ਅੱਗੇ ਪੇਸ਼ ਕਰਨਾ ਪਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.