ਤਾਜਾ ਖਬਰਾਂ
ਮੁਲਜ਼ਮ ਦੀ ਪਛਾਣ 25 ਸਾਲਾ ਰਸਾਲ ਸਿੰਘ ਵਜੋਂ ਹੋਈ ਹੈ, ਜੋ ਪਿੰਡ ਸਬਰਾ ਦਾ ਰਹਿਣ ਵਾਲਾ ਹੈ। ਪ੍ਰਾਰੰਭਿਕ ਜਾਣਕਾਰੀ ਮੁਤਾਬਕ ਉਹ ਮਾਨਸਿਕ ਤੌਰ ‘ਤੇ ਅਸਥਿਰ ਦੱਸਿਆ ਜਾ ਰਿਹਾ ਹੈ ਅਤੇ ਪੁਲਿਸ ਇਸ ਪੱਖ ਤੋਂ ਵੀ ਜਾਂਚ ਕਰ ਰਹੀ ਹੈ।
ਮ੍ਰਿਤਕਾ ਸੰਦੀਪ ਕੌਰ (26) ਦਾ ਵਿਆਹ ਟੂਟ ਪਾਂਗਲਾ ਪਿੰਡ ਵਿੱਚ ਹੋਇਆ ਸੀ। ਉਸ ਨੂੰ ਆਪਣੀ ਮਾਂ ਤੋਂ ਫ਼ੋਨ ‘ਤੇ ਪਤਾ ਲੱਗਿਆ ਕਿ ਉਸ ਦਾ ਭਰਾ ਠੀਕ ਹਾਲਤ ਵਿੱਚ ਨਹੀਂ ਹੈ। ਇਸ ਤੋਂ ਬਾਅਦ ਉਹ ਵੀਰਵਾਰ ਨੂੰ ਆਪਣੇ ਪੇਕੇ ਘਰ ਸਬਰਾ ਪਹੁੰਚੀ ਸੀ ਤਾਂ ਜੋ ਆਪਣੇ ਭਰਾ ਦਾ ਹਾਲ-ਚਾਲ ਪੁੱਛ ਸਕੇ।
ਘਰ ਵਿੱਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ, ਜਿਸ ਤੋਂ ਬਾਅਦ ਰਸਾਲ ਸਿੰਘ ਗੁੱਸੇ ਵਿੱਚ ਆ ਗਿਆ। ਉਸ ਨੇ ਪਹਿਲਾਂ ਘਰ ਵਿੱਚ ਮੌਜੂਦ ਬੱਕਰੀ ਅਤੇ ਕੁੱਤੇ ਨੂੰ ਕੁਹਾੜੀ ਨਾਲ ਮਾਰ ਦਿੱਤਾ। ਇਸ ਤੋਂ ਬਾਅਦ ਉਸ ਨੇ ਆਪਣੀ ਭੈਣ ਸੰਦੀਪ ਕੌਰ ‘ਤੇ ਹਮਲਾ ਕਰ ਦਿੱਤਾ ਅਤੇ ਉਸ ਦਾ ਗਲਾ ਵੱਢ ਦਿੱਤਾ। ਜਦ ਮਾਂ ਨੇ ਵਿਚਕਾਰ ਪੈ ਕੇ ਧੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਉਸ ‘ਤੇ ਵੀ ਕੁਹਾੜੀ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਈ। ਉਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਸੰਦੀਪ ਕੌਰ ਆਪਣੇ ਪਿੱਛੇ ਦੋ ਛੋਟੇ ਬੱਚੇ ਛੱਡ ਗਈ ਹੈ। ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਸੋਗ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ।
ਸੂਚਨਾ ਮਿਲਣ ‘ਤੇ ਪੱਟੀ ਪੁਲਿਸ ਅਤੇ ਸਬਰਾ ਪੁਲਿਸ ਚੌਕੀ ਦੀ ਟੀਮ ਤੁਰੰਤ ਮੌਕੇ ‘ਤੇ ਪਹੁੰਚੀ। ਡੀਐਸਪੀ ਪਰਵੇਸ਼ ਚੋਪੜਾ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ ਅਤੇ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ।
Get all latest content delivered to your email a few times a month.