ਤਾਜਾ ਖਬਰਾਂ
ਜ਼ੀਰਾ ਹਲਕੇ ਦੇ ਪਿੰਡ ਸਰਹਾਲੀ ਵਿੱਚ ਜਨਗਣਨਾ ਦੇ ਫੀਲਡ ਕੰਮ ਦੌਰਾਨ ਇੱਕ ਸਰਕਾਰੀ ਅਧਿਆਪਕਾ ਨੂੰ ਕੁੱਤੇ ਨੇ ਵੱਢ ਲਿਆ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ। ਜ਼ਖਮੀ ਅਧਿਆਪਕਾ ਦਾ ਇਲਾਜ ਚੱਲ ਰਿਹਾ ਹੈ ਅਤੇ ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ਜਨਗਣਨਾ ਕਾਰਜ ਪ੍ਰਭਾਵਿਤ ਨਾ ਹੋਵੇ, ਇਸ ਲਈ ਤੁਰੰਤ ਨਵੇਂ ਹੁਕਮ ਜਾਰੀ ਕੀਤੇ ਹਨ।
ਮਿਲੀ ਜਾਣਕਾਰੀ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਸਰਹਾਲੀ ਵਿੱਚ ਤਾਇਨਾਤ E.T.T. ਅਧਿਆਪਕਾ ਸ਼੍ਰੀਮਤੀ ਗੁਰਜੀਤ ਕੌਰ ਨੂੰ HLB ਨੰਬਰ 102 ਅਧੀਨ ਜਨਗਣਨਾ ਡਿਊਟੀ ਸੌਂਪੀ ਗਈ ਸੀ। ਡਿਊਟੀ ਦੌਰਾਨ ਫੀਲਡ ਵਿੱਚ ਇੱਕ ਕੁੱਤੇ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਜ਼ਖਮੀ ਹੋ ਗਈ ਅਤੇ ਉਨ੍ਹਾਂ ਲਈ ਅਗਲਾ ਕੰਮ ਕਰਨਾ ਮੁਸ਼ਕਿਲ ਬਣ ਗਿਆ।
ਅਧਿਆਪਕਾ ਵੱਲੋਂ ਪ੍ਰਸ਼ਾਸਨ ਕੋਲ ਸਹਾਇਤਾ ਦੀ ਅਪੀਲ ਕਰਨ ਤੋਂ ਬਾਅਦ ਦਫ਼ਤਰ ਤਹਿਸੀਲਦਾਰ-ਕਮ-ਚਾਰਜ ਸੈਂਸਜ਼ ਅਫ਼ਸਰ, ਜ਼ੀਰਾ ਨੇ ਹਮਦਰਦੀ ਦਿਖਾਉਂਦਿਆਂ ਤੁਰੰਤ ਕਾਰਵਾਈ ਕੀਤੀ। ਜਨਗਣਨਾ ਦੇ ਕੰਮ ਨੂੰ ਸਮੇਂ ਸਿਰ ਪੂਰਾ ਕਰਨ ਲਈ ਜਾਰੀ ਹੁਕਮਾਂ ਅਨੁਸਾਰ ਹੁਣ ਸ਼੍ਰੀਮਤੀ ਬਲਜੀਤ ਕੌਰ ਨੂੰ ਗੁਰਜੀਤ ਕੌਰ ਦੀ ਸਹਾਇਤਾ ਲਈ ਡਿਊਟੀ ‘ਤੇ ਤਾਇਨਾਤ ਕੀਤਾ ਗਿਆ ਹੈ।
ਪ੍ਰਸ਼ਾਸਨ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਮਕਾਨ ਸੂਚੀਕਰਨ ਅਤੇ ਜਨਗਣਨਾ ਦਾ ਕੰਮ ਬਿਨਾਂ ਰੁਕਾਵਟ ਜਾਰੀ ਰਹੇ ਅਤੇ ਸਾਰੇ ਹੁਕਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।
Get all latest content delivered to your email a few times a month.