ਤਾਜਾ ਖਬਰਾਂ
ਇਹ ਜਾਣਕਾਰੀ ਉਸ ਪਟੀਸ਼ਨ ਦੀ ਸੁਣਵਾਈ ਦੌਰਾਨ ਸਾਹਮਣੇ ਆਈ ਜਿਸ ਵਿੱਚ ਰੂਸ ਵਿੱਚ ਫਸੇ ਅਤੇ ਜਬਰਦਸਤੀ ਜੰਗ ਵਿੱਚ ਭੇਜੇ ਗਏ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਦੀ ਮੰਗ ਕੀਤੀ ਗਈ ਹੈ। ਕੇਂਦਰ ਸਰਕਾਰ ਵੱਲੋਂ ਦਾਇਰ ਸਥਿਤੀ ਰਿਪੋਰਟ ਅਨੁਸਾਰ ਕਰੀਬ 217 ਭਾਰਤੀ ਰੂਸੀ ਹਥਿਆਰਬੰਦ ਫੌਜਾਂ ਨਾਲ ਜੁੜੇ ਸਨ। ਸਰਕਾਰ ਨੇ ਦੱਸਿਆ ਕਿ ਰੂਸੀ ਪ੍ਰਸ਼ਾਸਨ ਨਾਲ ਲਗਾਤਾਰ ਗੱਲਬਾਤ ਤੋਂ ਬਾਅਦ 139 ਭਾਰਤੀਆਂ ਨੂੰ ਫੌਜੀ ਸੇਵਾ ਦੇ ਇਕਰਾਰਨਾਮਿਆਂ ਤੋਂ ਰਿਹਾਅ ਕਰਵਾ ਲਿਆ ਗਿਆ ਹੈ।
ਕੇਂਦਰ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਛੇ ਭਾਰਤੀਆਂ ਨੂੰ ਰੂਸੀ ਅਧਿਕਾਰੀਆਂ ਨੇ ਅਧਿਕਾਰਤ ਤੌਰ ‘ਤੇ “ਲਾਪਤਾ” ਘੋਸ਼ਿਤ ਕੀਤਾ ਹੈ, ਜਦਕਿ 23 ਹੋਰਾਂ ਬਾਰੇ ਅਜੇ ਵੀ ਕੋਈ ਸਪਸ਼ਟ ਜਾਣਕਾਰੀ ਨਹੀਂ ਮਿਲੀ। ਮਾਸਕੋ ਸਥਿਤ ਭਾਰਤੀ ਦੂਤਾਵਾਸ ਲਗਾਤਾਰ ਰੂਸੀ ਅਧਿਕਾਰੀਆਂ ਨਾਲ ਸੰਪਰਕ ਵਿੱਚ ਹੈ ਤਾਂ ਜੋ ਲਾਪਤਾ ਭਾਰਤੀਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਸਕੇ।
ਸੁਣਵਾਈ ਦੌਰਾਨ ਵਧੀਕ ਸਾਲਿਸਟਰ ਜਨਰਲ ਐਸ਼ਵਰਿਆ ਭਾਟੀ ਨੇ ਅਦਾਲਤ ਨੂੰ ਦੱਸਿਆ ਕਿ ਲਾਪਤਾ ਵਿਅਕਤੀਆਂ ਦੀ ਪਛਾਣ ਲਈ 21 ਪਰਿਵਾਰਾਂ ਤੋਂ ਡੀਐਨਏ ਨਮੂਨੇ ਇਕੱਠੇ ਕਰਕੇ ਰੂਸੀ ਅਧਿਕਾਰੀਆਂ ਨੂੰ ਭੇਜੇ ਗਏ ਹਨ। ਇਨ੍ਹਾਂ ਨਮੂਨਿਆਂ ਦੀ ਮਦਦ ਨਾਲ ਮ੍ਰਿਤਕਾਂ ਦੀ ਪਛਾਣ ਅਤੇ ਲਾਪਤਾ ਲੋਕਾਂ ਦੀ ਭਾਲ ਵਿੱਚ ਸਹਾਇਤਾ ਮਿਲੇਗੀ।
ਕੇਂਦਰ ਸਰਕਾਰ ਨੇ ਇਹ ਵੀ ਕਿਹਾ ਕਿ ਪ੍ਰਭਾਵਿਤ ਪਰਿਵਾਰਾਂ ਨਾਲ ਨਿਯਮਿਤ ਸੰਪਰਕ ਬਣਾਇਆ ਹੋਇਆ ਹੈ ਅਤੇ ਹਰ ਮਾਮਲੇ ਨੂੰ ਤਰਜੀਹ ਦੇ ਆਧਾਰ ‘ਤੇ ਨਿਪਟਾਇਆ ਜਾ ਰਿਹਾ ਹੈ। ਪਟੀਸ਼ਨ ਵਿੱਚ ਕੁੱਲ 26 ਭਾਰਤੀ ਨਾਗਰਿਕਾਂ ਦਾ ਜ਼ਿਕਰ ਕੀਤਾ ਗਿਆ ਹੈ ਜੋ ਰੂਸ ਵਿੱਚ ਜਾਂ ਤਾਂ ਹਿਰਾਸਤ ਵਿੱਚ ਹਨ ਜਾਂ ਲਾਪਤਾ ਦੱਸੇ ਜਾ ਰਹੇ ਹਨ।
ਰਿਪੋਰਟ ਅਨੁਸਾਰ ਕੁਝ ਭਾਰਤੀ ਨੌਜਵਾਨ ਉੱਚ ਤਨਖਾਹਾਂ ਅਤੇ ਆਕਰਸ਼ਕ ਲਾਭਾਂ ਦੇ ਵਾਅਦਿਆਂ ਕਾਰਨ ਰੂਸੀ ਫੌਜ ਵਿੱਚ ਭਰਤੀ ਹੋਏ ਸਨ। ਉਨ੍ਹਾਂ ਨੂੰ ਲਗਭਗ 5,000 ਡਾਲਰ ਦਾ ਸਾਈਨਿੰਗ ਬੋਨਸ, 2,500 ਡਾਲਰ ਮਹੀਨਾਵਾਰ ਤਨਖਾਹ, ਰੂਸੀ ਨਾਗਰਿਕਤਾ ਅਤੇ ਹੋਰ ਸਮਾਜਿਕ ਸਹੂਲਤਾਂ ਦੇਣ ਦੇ ਵਾਅਦੇ ਕੀਤੇ ਗਏ ਸਨ। ਇੱਥੋਂ ਤੱਕ ਕਿ ਮੌਤ ਦੀ ਸਥਿਤੀ ਵਿੱਚ ਪਰਿਵਾਰ ਨੂੰ ਕਰੀਬ 1.68 ਲੱਖ ਡਾਲਰ ਮੁਆਵਜ਼ਾ ਦੇਣ ਦੀ ਗੱਲ ਵੀ ਕੀਤੀ ਗਈ ਸੀ।
Get all latest content delivered to your email a few times a month.