ਤਾਜਾ ਖਬਰਾਂ
ਮਹਾਨਗਰ ਦੇ ਭੀੜ-ਭੜੱਕੇ ਵਾਲੇ ਇਲਾਕੇ ਕਿਸ਼ਨਪੁਰਾ ਵਿੱਚ ਅੱਜ ਉਸ ਵੇਲੇ ਭਾਜੜਾਂ ਮਚ ਗਈਆਂ, ਜਦੋਂ ਇੱਕ ਰਿਹਾਇਸ਼ੀ ਘਰ ਵਿੱਚ ਅਚਾਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਕੋਲਾ ਹੋ ਗਿਆ। ਭਾਜਪਾ ਆਗੂ ਪ੍ਰਸ਼ਾਂਤ ਗੰਭੀਰ ਦੇ ਘਰ ਵਾਪਰੇ ਇਸ ਹਾਦਸੇ ਨੇ ਉਸ ਵੇਲੇ ਖ਼ੌਫ਼ਨਾਕ ਰੂਪ ਧਾਰ ਲਿਆ ਜਦੋਂ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਘਰ ਅੰਦਰ ਪਿਆ ਗੈਸ ਸਿਲੰਡਰ ਧਮਾਕੇ ਨਾਲ ਫਟ ਗਿਆ। ਇਸ ਧਮਾਕੇ ਕਾਰਨ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਪੰਜ ਲੋਕ ਗੰਭੀਰ ਰੂਪ ਵਿੱਚ ਝੁਲਸ ਗਏ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਪੀੜਤ ਪਰਿਵਾਰ ਦੇ ਮੁਖੀ ਸੁਦਰਸ਼ਨ ਕੁਮਾਰ (ਭਾਜਪਾ ਨੇਤਾ ਪ੍ਰਸ਼ਾਂਤ ਗੰਭੀਰ ਦੇ ਪਿਤਾ) ਨੇ ਦੱਸਿਆ ਕਿ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਉਹ ਸਵੇਰ ਦੀ ਸੈਰ 'ਤੇ ਜਾਣ ਦੀ ਤਿਆਰੀ ਕਰ ਰਹੇ ਸਨ। ਉਨ੍ਹਾਂ ਮੁਤਾਬਕ ਘਰ ਦੇ ਅੰਦਰ ਬਣੇ ਮੰਦਰ ਵਿੱਚ ਚੱਲ ਰਹੇ ਪੱਖੇ ਵਿੱਚ ਅਚਾਨਕ ਸ਼ਾਰਟ ਸਰਕਟ ਹੋ ਗਿਆ, ਜਿਸ ਨੇ ਪਲਕ ਝਪਕਦਿਆਂ ਹੀ ਭਿਆਨਕ ਅੱਗ ਦਾ ਰੂਪ ਧਾਰ ਲਿਆ। ਧੂੰਏਂ ਦੇ ਗੁਬਾਰ ਦੇਖ ਕੇ ਗੁਆਂਢੀ ਮਦਦ ਲਈ ਪਹੁੰਚੇ, ਪਰ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਪੂਰੇ ਘਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਹਾਦਸੇ ਦੌਰਾਨ ਸਭ ਤੋਂ ਦਰਦਨਾਕ ਮੋੜ ਉਦੋਂ ਆਇਆ ਜਦੋਂ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਦੌਰਾਨ ਘਰ ਅੰਦਰ ਪਿਆ ਰਸੋਈ ਗੈਸ ਦਾ ਸਿਲੰਡਰ ਧਮਾਕੇ ਨਾਲ ਫਟ ਗਿਆ। ਇਸ ਹਾਦਸੇ ਵਿੱਚ ਝੁਲਸੇ ਪੰਜ ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਪਰਿਵਾਰ ਨੇ ਦੋਸ਼ ਲਾਇਆ ਕਿ ਫਾਇਰ ਬ੍ਰਿਗੇਡ ਦੀ ਟੀਮ ਨੇ ਪਹੁੰਚਣ ਵਿੱਚ ਦੇਰੀ ਕੀਤੀ, ਜਿਸ ਕਾਰਨ ਨੁਕਸਾਨ ਵਧ ਗਿਆ।
ਤੰਗ ਗਲੀਆਂ ਬਣੀਆਂ ਰੁਕਾਵਟ: ਫਾਇਰ ਅਧਿਕਾਰੀ ਰਵਿੰਦਰ ਸਿੰਘ ਨੇ ਸਫ਼ਾਈ ਦਿੰਦਿਆਂ ਕਿਹਾ ਕਿ ਇਲਾਕੇ ਦੀਆਂ ਤੰਗ ਗਲੀਆਂ ਅਤੇ ਬਿਜਲੀ ਦੀਆਂ ਨੀਵੀਆਂ ਲਟਕਦੀਆਂ ਤਾਰਾਂ ਕਾਰਨ ਗੱਡੀਆਂ ਨੂੰ ਮੌਕੇ 'ਤੇ ਪਹੁੰਚਾਉਣ ਵਿੱਚ ਮੁਸ਼ਕਲ ਆਈ। ਹਾਲਾਂਕਿ, ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ।
ਘਟਨਾ ਦੀ ਸੂਚਨਾ ਮਿਲਦੇ ਹੀ ਏ.ਐੱਸ.ਆਈ. ਸੇਵਾ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਮੌਕੇ 'ਤੇ ਪਹੁੰਚੀ। ਪੁਲਿਸ ਮੁਤਾਬਕ ਮੁੱਢਲੀ ਜਾਂਚ ਵਿੱਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੀ ਲੱਗ ਰਿਹਾ ਹੈ, ਪਰ ਸਿਲੰਡਰ ਫਟਣ ਕਾਰਨ ਹੋਏ ਨੁਕਸਾਨ ਅਤੇ ਪੀੜਤਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਫਿਲਹਾਲ ਪੂਰੇ ਇਲਾਕੇ ਵਿੱਚ ਇਸ ਘਟਨਾ ਕਾਰਨ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਅੱਗ ਇੰਨੀ ਭਿਆਨਕ ਸੀ ਕਿ ਘਰ ਦੀਆਂ ਕੰਧਾਂ ਤੱਕ ਪਾਟ ਗਈਆਂ ਅਤੇ ਫਰਨੀਚਰ, ਕੱਪੜੇ ਤੇ ਹੋਰ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ। ਪਰਿਵਾਰ ਮੁਤਾਬਕ ਉਨ੍ਹਾਂ ਦਾ ਸਭ ਕੁਝ ਤਬਾਹ ਹੋ ਚੁੱਕਾ ਹੈ।
Get all latest content delivered to your email a few times a month.