ਤਾਜਾ ਖਬਰਾਂ
ਪੰਜਾਬ ਵਿੱਚ ਨਸ਼ਿਆਂ ਦੀ ਮਾਰ ਰੁਕਣ ਦਾ ਨਾਮ ਨਹੀਂ ਲੈ ਰਹੀ। ਤਾਜ਼ਾ ਮਾਮਲਾ ਸਮਾਣਾ ਦੇ ਅਧੀਨ ਪੈਂਦੇ ਪਿੰਡ ਮਰੋੜੀ ਤੋਂ ਸਾਹਮਣੇ ਆਇਆ ਹੈ, ਜਿੱਥੇ ਨਸ਼ੇ ਦੀ ਕਥਿਤ ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਲਵਿੰਦਰ ਸਿੰਘ ਉਰਫ਼ ਕਾਲਾ ਵਜੋਂ ਹੋਈ ਹੈ, ਜੋ ਚਾਰ ਭੈਣਾਂ ਦਾ ਇਕਲੌਤਾ ਭਰਾ ਅਤੇ ਬੁੱਢੀ ਮਾਂ ਦਾ ਸਹਾਰਾ ਸੀ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਮਾਤਮ ਪਸਰ ਗਿਆ ਹੈ। ਪੁਲਿਸ ਨੇ ਮ੍ਰਿਤਕ ਦੀ ਭੈਣ ਦੀ ਸ਼ਿਕਾਇਤ 'ਤੇ ਇੱਕ ਮਹਿਲਾ ਸਮੇਤ ਤਿੰਨ ਲੋਕਾਂ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੀੜਤ ਪਰਿਵਾਰ ਨੇ ਦੱਸਿਆ ਕਿ ਸਲਵਿੰਦਰ ਸਿੰਘ ਸ਼ਾਮ ਨੂੰ ਕੰਮ ਤੋਂ ਪਰਤਿਆ ਸੀ। ਉਸੇ ਵੇਲੇ ਪਿੰਡ ਦੇ ਹੀ ਦੋ ਨੌਜਵਾਨ ਉੱਥੇ ਆਏ ਅਤੇ ਉਸ ਨੂੰ ਆਪਣੇ ਨਾਲ ਲੈ ਜਾਣ ਲਈ ਜ਼ਿੱਦ ਕਰਨ ਲੱਗੇ। ਮਾਂ ਅਤੇ ਭੈਣਾਂ ਨੇ ਕਾਫੀ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਨੌਜਵਾਨ ਸਲਵਿੰਦਰ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਗਏ। ਜਦੋਂ ਰਾਤ 11 ਵਜੇ ਤੱਕ ਸਲਵਿੰਦਰ ਵਾਪਸ ਨਾ ਆਇਆ, ਤਾਂ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕੀਤੀ।
ਕਾਫੀ ਲੱਭਣ ਤੋਂ ਬਾਅਦ ਸਲਵਿੰਦਰ ਪਿੰਡ ਦੇ ਹੀ ਕੁਝ ਸ਼ੱਕੀ ਨੌਜਵਾਨਾਂ ਦੇ ਘਰ ਵਿੱਚ ਬੇਹੋਸ਼ ਪਿਆ ਮਿਲਿਆ। ਪਰਿਵਾਰ ਵੱਲੋਂ ਤੁਰੰਤ ਉਸ ਨੂੰ ਸਮਾਣਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਦੀਆਂ ਭੈਣਾਂ ਕਰਮਜੀਤ ਕੌਰ ਅਤੇ ਸਰਬਜੀਤ ਕੌਰ ਨੇ ਕਥਿਤ ਦੋਸ਼ੀਆਂ 'ਤੇ ਸਿੱਧਾ ਹਮਲਾ ਬੋਲਦਿਆਂ ਕਿਹਾ ਕਿ ਉਨ੍ਹਾਂ ਦੇ ਭਰਾ ਨੂੰ 'ਚਿੱਟੇ' (ਸਿੰਥੈਟਿਕ ਡਰੱਗ) ਦਾ ਘਾਤਕ ਟੀਕਾ ਲਗਾਇਆ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਕਤ ਨੌਜਵਾਨ ਅਤੇ ਔਰਤ ਪਿੰਡ ਵਿੱਚ ਨਸ਼ਾ ਵੇਚਣ ਦਾ ਗੋਰਖਧੰਦਾ ਕਰਦੇ ਹਨ। ਪਰਿਵਾਰ ਅਨੁਸਾਰ ਸਲਵਿੰਦਰ ਕਦੇ-ਕਦੇ ਸ਼ਰਾਬ ਜ਼ਰੂਰ ਪੀਂਦਾ ਸੀ, ਪਰ ਉਹ ਚਿੱਟੇ ਦਾ ਨਸ਼ਾ ਕਰਨ ਦਾ ਆਦੀ ਨਹੀਂ ਸੀ। ਦੋਸ਼ੀਆਂ ਦੇ ਘਰੋਂ ਸਲਵਿੰਦਰ ਦਾ ਮੋਟਰਸਾਈਕਲ ਮਿਲਣਾ ਉਨ੍ਹਾਂ ਦੇ ਸ਼ੱਕ ਨੂੰ ਹੋਰ ਪੁਖਤਾ ਕਰ ਰਿਹਾ ਹੈ।
ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਜਾਂਚ ਤੇਜ਼ ਕਰ ਦਿੱਤੀ ਹੈ। ਰੋ-ਰੋ ਕੇ ਬੁਰਾ ਹਾਲ ਹੋਈਆਂ ਭੈਣਾਂ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਅੱਜ ਇਨ੍ਹਾਂ ਨਸ਼ਾ ਵੇਚਣ ਵਾਲਿਆਂ 'ਤੇ ਨੱਥ ਨਾ ਪਾਈ ਗਈ, ਤਾਂ ਕੱਲ੍ਹ ਨੂੰ ਕਿਸੇ ਹੋਰ ਘਰ ਦਾ ਇਕਲੌਤਾ ਚਿਰਾਗ ਬੁਝ ਸਕਦਾ ਹੈ।
ਪਿੰਡ ਵਾਸੀਆਂ ਵਿੱਚ ਵੀ ਇਸ ਘਟਨਾ ਨੂੰ ਲੈ ਕੇ ਭਾਰੀ ਰੋਸ ਹੈ। ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਨਸ਼ਾ ਵਿਕ ਰਿਹਾ ਹੈ, ਜਿਸ ਦੀ ਭੇਟ ਨੌਜਵਾਨੀ ਚੜ੍ਹ ਰਹੀ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ।
Get all latest content delivered to your email a few times a month.