ਤਾਜਾ ਖਬਰਾਂ
ਸਥਾਨਕ ਚੋਣਾਂ ਦੇ ਦਰਮਿਆਨ ਹਲਕਾ ਸਮਰਾਲਾ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ (AAP) ਨੂੰ ਉਸ ਵੇਲੇ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ, ਜਦੋਂ ਵਾਰਡ ਨੰਬਰ 2 ਤੋਂ ਪਾਰਟੀ ਦੇ ਅਧਿਕਾਰਤ ਉਮੀਦਵਾਰ ਸਤਵੀਰ ਸਿੰਘ ਸੇਖੋਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ। ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਸਖ਼ਤ ਫਿਟਕਾਰ ਤੋਂ ਬਾਅਦ ਅੱਜ ਸਮਰਾਲਾ ਦੇ ਐਸ.ਡੀ.ਐਮ.-ਕਮ-ਰਿਟਰਨਿੰਗ ਅਫ਼ਸਰ ਨੇ ਖ਼ੁਦ ਅਦਾਲਤ ਵਿੱਚ ਪੇਸ਼ ਹੋ ਕੇ ਇਸ ਕਾਰਵਾਈ ਦੀ ਲਿਖਤੀ ਪੁਸ਼ਟੀ ਕੀਤੀ। ਅਧਿਕਾਰੀ ਦੇ ਇਸ ਬਿਆਨ ਤੋਂ ਬਾਅਦ ਹਾਈਕੋਰਟ ਨੇ ਮਾਮਲੇ ਨਾਲ ਸਬੰਧਿਤ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ।
ਦਰਅਸਲ, ਪਿਛਲੀ ਸੁਣਵਾਈ ਦੌਰਾਨ ਹਾਈਕੋਰਟ ਨੇ ਸਮਰਾਲਾ ਦੇ ਐਸ.ਡੀ.ਐਮ. ਦੀ ਕਾਰਜਪ੍ਰਣਾਲੀ 'ਤੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਤਲਬ ਕੀਤਾ ਸੀ।
ਮਾਨਯੋਗ ਜੱਜ ਨੇ ਪੁੱਛਿਆ ਸੀ ਕਿ ਜਦੋਂ ਉੱਚ ਅਦਾਲਤ ਨੇ ਸਤਵੀਰ ਸਿੰਘ ਸੇਖੋਂ ਨੂੰ ਚੋਣ ਲੜਨ ਦੀ ਇਜਾਜ਼ਤ ਹੀ ਨਹੀਂ ਦਿੱਤੀ ਸੀ, ਤਾਂ ਰਿਟਰਨਿੰਗ ਅਫ਼ਸਰ ਨੇ ਨਿਯਮਾਂ ਨੂੰ ਛਿੱਕੇ ਟੰਗ ਕੇ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਕਿਵੇਂ ਸਵੀਕਾਰ ਕਰ ਲਏ? ਅਦਾਲਤ ਦੇ ਇਸ ਸਖ਼ਤ ਰੁਖ਼ ਨੂੰ ਦੇਖਦਿਆਂ ਪ੍ਰਸ਼ਾਸਨ ਨੂੰ ਤੁਰੰਤ ਬੈਕਫੁੱਟ 'ਤੇ ਆਉਣਾ ਪਿਆ।
ਇਸ ਪੂਰੇ ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਸ਼ਿਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਮਨਦੀਪ ਸਿੰਘ ਨੇ ਆਪਣੇ ਵਕੀਲ ਐਡਵੋਕੇਟ ਗੁਰਵੀਰ ਸਿੰਘ ਢਿੱਲੋਂ ਰਾਹੀਂ ਹਾਈਕੋਰਟ ਵਿੱਚ ਇੱਕ ਚੁਣੌਤੀ ਪਟੀਸ਼ਨ ਦਾਇਰ ਕੀਤੀ।
ਪਟੀਸ਼ਨ ਵਿੱਚ ਦੋਸ਼ ਲਾਇਆ ਗਿਆ ਸੀ ਕਿ 'ਆਪ' ਉਮੀਦਵਾਰ ਸਤਵੀਰ ਸਿੰਘ ਸੇਖੋਂ ਨੂੰ ਸਾਲ 2022 ਵਿੱਚ ਧੋਖਾਧੜੀ ਦੇ ਇੱਕ ਅਪਰਾਧਿਕ ਮਾਮਲੇ ਵਿੱਚ ਅਦਾਲਤ ਵੱਲੋਂ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ।
ਬੀਤੀ 15 ਮਈ ਨੂੰ ਹਾਈਕੋਰਟ ਨੇ ਸੇਖੋਂ ਦੀ ਉਸ ਅਪੀਲ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਸੀ, ਜਿਸ ਵਿੱਚ ਉਨ੍ਹਾਂ ਨੇ ਆਪਣੀ ਸਜ਼ਾ ਮੁਅੱਤਲ ਕਰਨ ਅਤੇ ਚੋਣ ਲੜਨ ਦੀ ਇਜਾਜ਼ਤ ਮੰਗੀ ਸੀ।
ਹੈਰਾਨੀ ਦੀ ਗੱਲ ਇਹ ਰਹੀ ਕਿ ਅਦਾਲਤੀ ਹੁਕਮਾਂ ਦੀ ਕਾਪੀ ਮਿਲਣ ਦੇ ਬਾਵਜੂਦ, ਐਸ.ਡੀ.ਐਮ. ਦਫ਼ਤਰ ਨੇ ਅਗਲੇ ਹੀ ਦਿਨ (16 ਮਈ ਨੂੰ) ਸੇਖੋਂ ਦੀ ਨਾਮਜ਼ਦਗੀ ਨੂੰ ਸਹੀ ਕਰਾਰ ਦੇ ਦਿੱਤਾ ਸੀ, ਜਿਸ ਨੂੰ ਅਕਾਲੀ ਦਲ ਨੇ ਅਦਾਲਤ ਦੀ ਤੌਹੀਨ ਦੱਸਦਿਆਂ ਦੁਬਾਰਾ ਚੁਣੌਤੀ ਦਿੱਤੀ।
ਸ਼ਿਕਾਇਤਕਰਤਾ ਦੇ ਵਕੀਲ ਐਡਵੋਕੇਟ ਗੁਰਵੀਰ ਸਿੰਘ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਾਨੂੰਨ ਦੀ ਜਿੱਤ ਹੋਈ ਹੈ। ਅੱਜ ਜਿਵੇਂ ਹੀ ਐਸ.ਡੀ.ਐਮ. ਨੇ ਅਦਾਲਤ ਨੂੰ ਦੱਸਿਆ ਕਿ 'ਆਪ' ਉਮੀਦਵਾਰ ਦੀ ਨਾਮਜ਼ਦਗੀ ਰੱਦ ਕਰ ਦਿੱਤੀ ਗਈ ਹੈ, ਤਾਂ ਹਾਈਕੋਰਟ ਨੇ ਤਸੱਲੀ ਪ੍ਰਗਟ ਕਰਦਿਆਂ ਕੇਸ ਬੰਦ ਕਰ ਦਿੱਤਾ। ਵਾਰਡ ਨੰਬਰ 2 ਤੋਂ ਸੱਤਾਧਾਰੀ ਪਾਰਟੀ ਦਾ ਉਮੀਦਵਾਰ ਰੇਸ ਵਿੱਚੋਂ ਬਾਹਰ ਹੋਣ ਕਾਰਨ ਹੁਣ ਸਮਰਾਲਾ ਦੇ ਚੋਣ ਸਮੀਕਰਨ ਪੂਰੀ ਤਰ੍ਹਾਂ ਬਦਲ ਗਏ ਹਨ ਅਤੇ ਵਿਰੋਧੀ ਧਿਰਾਂ ਇਸ ਨੂੰ ਆਪਣੀ ਵੱਡੀ ਨੈਤਿਕ ਜਿੱਤ ਮੰਨ ਰਹੀਆਂ ਹਨ।
Get all latest content delivered to your email a few times a month.