IMG-LOGO
ਹੋਮ ਪੰਜਾਬ, ਅੰਤਰਰਾਸ਼ਟਰੀ, ਕੈਨੇਡਾ 'ਚ ਕੌਮਾਂਤਰੀ ਫ਼ਿਰੌਤੀ ਗਿਰੋਹ ਦਾ ਵੱਡਾ ਪਰਦਾਫਾਸ਼, ਪੀਲ ਪੁਲਿਸ...

ਕੈਨੇਡਾ 'ਚ ਕੌਮਾਂਤਰੀ ਫ਼ਿਰੌਤੀ ਗਿਰੋਹ ਦਾ ਵੱਡਾ ਪਰਦਾਫਾਸ਼, ਪੀਲ ਪੁਲਿਸ ਵੱਲੋਂ ਪੰਜਾਬੀ ਮੂਲ ਦੇ 17 ਨੌਜਵਾਨ ਗ੍ਰਿਫ਼ਤਾਰ

Admin User - May 27, 2026 02:22 PM
IMG

ਕੈਨੇਡਾ ਦੀ ਪੀਲ ਰੀਜਨਲ ਪੁਲਿਸ (Peel Regional Police) ਨੇ ਸਰਹੱਦ ਪਾਰ ਚੱਲ ਰਹੇ ਇੱਕ ਬੇਹੱਦ ਖ਼ਤਰਨਾਕ ਸੰਗਠਿਤ ਅਪਰਾਧ ਨੈੱਟਵਰਕ ਨੂੰ ਤਾਰ-ਤਾਰ ਕਰਦਿਆਂ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਕਈ ਹਫ਼ਤਿਆਂ ਦੇ ਗੁਪਤ ਅਤੇ ਸਾਂਝੇ ਆਪ੍ਰੇਸ਼ਨ ਤੋਂ ਬਾਅਦ ਕਾਰੋਬਾਰੀਆਂ ਨੂੰ ਡਰਾ-ਧਮਕਾ ਕੇ ਮੋਟੀਆਂ ਰਕਮਾਂ ਵਸੂਲਣ (Extortion) ਵਾਲੇ ਇੱਕ ਅੰਤਰਰਾਸ਼ਟਰੀ ਗਿਰੋਹ ਦੇ 17 ਮੈਂਬਰਾਂ ਨੂੰ ਦਬੋਚ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਸਾਰੇ ਮੁਲਜ਼ਮ ਭਾਰਤੀ ਅਤੇ ਪੰਜਾਬੀ ਮੂਲ ਦੇ ਨੌਜਵਾਨ ਹਨ। ਇਹ ਗਿਰੋਹ ਕੈਨੇਡਾ ਦੇ ਬਰੈਂਪਟਨ, ਮਿਸੀਸਾਗਾ, ਕੈਲੇਡਨ, ਬ੍ਰਿਟਿਸ਼ ਕੋਲੰਬੀਆ ਸਮੇਤ ਅਮਰੀਕਾ ਦੇ ਕੈਲੀਫੋਰਨੀਆ ਤੱਕ ਆਪਣੀਆਂ ਜੜ੍ਹਾਂ ਫੈਲਾ ਚੁੱਕਾ ਸੀ ਅਤੇ ਖ਼ਾਸ ਕਰਕੇ ਦੱਖਣੀ ਏਸ਼ੀਆਈ ਤੇ ਪੰਜਾਬੀ ਵਪਾਰੀਆਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਸੀ।


ਪੁਲਿਸ ਜਾਂਚ ਵਿੱਚ ਇਹ ਖ਼ੌਫ਼ਨਾਕ ਖ਼ੁਲਾਸਾ ਹੋਇਆ ਹੈ ਕਿ ਉਕਤ ਨੈੱਟਵਰਕ ਮੁੱਖ ਤੌਰ 'ਤੇ ਰੈਸਟੋਰੈਂਟ ਮਾਲਕਾਂ, ਨਾਮਵਰ ਟਰਕਿੰਗ ਕੰਪਨੀਆਂ ਦੇ ਡਾਇਰੈਕਟਰਾਂ ਅਤੇ ਵੱਡੇ ਕਾਰੋਬਾਰੀਆਂ ਨੂੰ ਫ਼ੋਨ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਲੱਖਾਂ ਡਾਲਰਾਂ ਦੀ ਮੰਗ ਕਰਦਾ ਸੀ। ਜੋ ਵਪਾਰੀ ਭੁਗਤਾਨ ਕਰਨ ਤੋਂ ਇਨਕਾਰ ਕਰਦੇ ਸਨ, ਉਨ੍ਹਾਂ ਦੇ ਘਰਾਂ ਅਤੇ ਦਫ਼ਤਰਾਂ 'ਤੇ ਗੋਲੀਬਾਰੀ, ਅੱਗਜ਼ਨੀ (Arson) ਅਤੇ ਜਾਨਲੇਵਾ ਹਮਲੇ ਕੀਤੇ ਜਾਂਦੇ ਸਨ।


ਪੁਲਿਸ ਅਧਿਕਾਰੀਆਂ ਮੁਤਾਬਕ ਇਸ ਗਿਰੋਹ ਵੱਲੋਂ ਅੰਜਾਮ ਦਿੱਤੀਆਂ ਗਈਆਂ 24 ਵੱਖ-ਵੱਖ ਅਪਰਾਧਿਕ ਘਟਨਾਵਾਂ ਦਾ ਪਤਾ ਲੱਗਾ ਹੈ, ਜਿਨ੍ਹਾਂ ਵਿੱਚ 16 ਬੇਹੱਦ ਹਿੰਸਕ ਮਾਮਲੇ ਸ਼ਾਮਲ ਹਨ। ਦਹਿਸ਼ਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਨ੍ਹਾਂ ਵਾਰਦਾਤਾਂ ਦੌਰਾਨ ਵੱਖ-ਵੱਖ ਥਾਵਾਂ 'ਤੇ ਕੁੱਲ 324 ਗੋਲੀਆਂ ਚਲਾਈਆਂ ਗਈਆਂ ਸਨ।


ਵੱਖ-ਵੱਖ ਟਿਕਾਣਿਆਂ 'ਤੇ ਕੀਤੀ ਗਈ ਛਾਪੇਮਾਰੀ ਦੌਰਾਨ ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਛੇ ਗੈਰ-ਕਾਨੂੰਨੀ ਆਧੁਨਿਕ ਹਥਿਆਰ, ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ, ਮੋਬਾਈਲ ਫ਼ੋਨ, ਵੱਖ-ਵੱਖ ਦੇਸ਼ਾਂ ਦੇ ਸਿਮ ਕਾਰਡ ਅਤੇ ਵੱਡੀ ਗਿਣਤੀ ਵਿੱਚ ਜਾਅਲੀ ਪਛਾਣ ਪੱਤਰ (Fake IDs) ਜ਼ਬਤ ਕੀਤੇ ਹਨ। ਪੁਲਿਸ ਰਿਕਾਰਡ ਮੁਤਾਬਕ ਫੜੇ ਗਏ ਇਨ੍ਹਾਂ 17 ਮੁਲਜ਼ਮਾਂ ਖ਼ਿਲਾਫ਼ ਹਥਿਆਰਾਂ ਦੀ ਤਸਕਰੀ, ਫ਼ਿਰੌਤੀ, ਇਰਾਦਾ-ਏ-ਕਤਲ ਅਤੇ ਹਿੰਸਾ ਫੈਲਾਉਣ ਦੇ ਕੁੱਲ 106 ਗੰਭੀਰ ਮਾਮਲੇ ਦਰਜ ਕੀਤੇ ਗਏ ਹਨ।


ਇਸ ਨੈੱਟਵਰਕ ਵਿੱਚ ਸ਼ਾਮਲ ਇਕਬਾਲ ਸਿੰਘ ਭਗਾਰੀਆ, ਆਕਾਸ਼ਦੀਪ ਸਿੰਘ, ਰਵਿੰਦਰ ਸਿੰਘ, ਜਸ਼ਨਬੀਰ ਸਿੰਘ, ਦਿਲਾਵਰਪ੍ਰੀਤ ਸਿੰਘ, ਮਨਦੀਪ ਸਿੰਘ, ਪ੍ਰਭਦੀਪ ਸੋਹਲ, ਪ੍ਰਤਾਪਬੀਰ ਘੁੰਮਣ, ਅਜੈਦੀਪ ਸਿੰਘ, ਨਵਰੂਪ ਸਿੰਘ, ਰਾਜਨ ਸਿੰਘ, ਅੰਮ੍ਰਿਤਜੋਤ ਸਿੰਘ, ਜਸ਼ਨਪ੍ਰੀਤ ਸਿੰਘ, ਗੁਨੀਤ ਸਿੰਘ, ਸੁਖਵਿੰਦਰ ਸਿੰਘ, ਮਹਿੰਦਰ ਸਿੰਘ ਅਤੇ ਗੌਤਮ ਨੂੰ ਸਲਾਖਾਂ ਪਿੱਛੇ ਭੇਜ ਦਿੱਤਾ ਗਿਆ ਹੈ।


ਪੀਲ ਖੇਤਰੀ ਪੁਲਿਸ ਦੇ ਮੁਖੀ ਨਿਸ਼ਾਨ ਦੁਰਈਅੱਪਾ ਨੇ ਮੀਡੀਆ ਨੂੰ ਦੱਸਿਆ ਕਿ ਇਹ ਇੱਕ ਗੁੰਝਲਦਾਰ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਚੱਲ ਰਿਹਾ ਆਰਗੇਨਾਈਜ਼ਡ ਕਰਾਈਮ ਨੈੱਟਵਰਕ ਸੀ, ਜਿਸ ਨੂੰ ਖ਼ਤਮ ਕਰਨ ਲਈ ਕੈਨੇਡੀਅਨ ਅਤੇ ਅਮਰੀਕੀ ਸੁਰੱਖਿਆ ਏਜੰਸੀਆਂ ਨੇ ਸਾਂਝੇ ਤੌਰ 'ਤੇ ਕੰਮ ਕੀਤਾ।


ਇਸ ਦੇ ਨਾਲ ਹੀ, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਨੇ ਵੱਡੀ ਕਾਰਵਾਈ ਕਰਦਿਆਂ ਇਮੀਗ੍ਰੇਸ਼ਨ ਨਿਯਮਾਂ ਦੀਆਂ ਧੱਜੀਆਂ ਉਡਾਉਣ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਰਹਿਣ ਦੇ ਦੋਸ਼ ਹੇਠ ਇਸ ਗਿਰੋਹ ਦੇ ਛੇ ਮੁਲਜ਼ਮਾਂ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ। ਸੂਤਰਾਂ ਮੁਤਾਬਕ ਇਨ੍ਹਾਂ ਛੇ ਮੁਲਜ਼ਮਾਂ ਦੇ ਵੀਜ਼ੇ ਰੱਦ ਕਰਕੇ ਇਨ੍ਹਾਂ ਨੂੰ ਜਲਦ ਹੀ ਡਿਪੋਰਟ (ਭਾਰਤ ਵਾਪਸ) ਭੇਜੇ ਜਾਣ ਦੀ ਪੂਰੀ ਸੰਭਾਵਨਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.