ਤਾਜਾ ਖਬਰਾਂ
ਮਰਹੂਮ ਪੰਜਾਬੀ ਗਾਇਕ Sidhu Moosewala ਦੀ ਬਰਸੀ ਮੌਕੇ ਪਿੰਡ ਮੂਸਾ ਵਿਖੇ ਉਨ੍ਹਾਂ ਦੇ ਨਾਮ ‘ਤੇ ਬਣਾਏ ਗਏ “ਸ਼ੁਭਦੀਪ ਸਿੰਘ ਸਿੱਧੂ ਸਪੋਰਟਸ ਸਟੇਡੀਅਮ” ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਸ਼ੰਸਕ ਅਤੇ ਸਮਰਥਕ ਪਿੰਡ ਮੂਸਾ ਪਹੁੰਚੇ ਅਤੇ ਆਪਣੇ ਚਾਹੁੰਦੇ ਕਲਾਕਾਰ ਨੂੰ ਸ਼ਰਧਾਂਜਲੀ ਭੇਟ ਕੀਤੀ। ਸਟੇਡੀਅਮ ਦਾ ਉਦਘਾਟਨ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਵੱਲੋਂ ਕੀਤਾ ਗਿਆ, ਜਦਕਿ ਗਾਇਕ ਦੇ ਪਿਤਾ Balkaur Singh ਵੀ ਮੌਕੇ ‘ਤੇ ਮੌਜੂਦ ਰਹੇ।
ਇਸ ਦੌਰਾਨ ਬਲਕੌਰ ਸਿੰਘ ਕਾਫ਼ੀ ਭਾਵੁਕ ਨਜ਼ਰ ਆਏ ਅਤੇ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ‘ਤੇ ਤਿੱਖੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਪੁੱਤਰ ਦੇ ਕਤਲ ਨੂੰ ਚਾਰ ਸਾਲ ਹੋਣ ਦੇ ਬਾਵਜੂਦ ਅਜੇ ਤੱਕ ਅਸਲ ਸਾਜ਼ਿਸ਼ਕਾਰਾਂ ਨੂੰ ਕਾਨੂੰਨ ਦੇ ਘੇਰੇ ਵਿੱਚ ਨਹੀਂ ਲਿਆਂਦਾ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਜਾਂਚ ਸਿਰਫ਼ ਸ਼ੂਟਰਾਂ ਅਤੇ ਗੈਂਗ ਮੈਂਬਰਾਂ ਤੱਕ ਸੀਮਿਤ ਰੱਖੀ ਗਈ ਹੈ, ਜਦਕਿ ਵੱਡੇ ਚਿਹਰਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਬਲਕੌਰ ਸਿੰਘ ਨੇ ਕਿਹਾ, “ਇੱਕ ਪਿਤਾ ਵਜੋਂ ਮੈਂ ਆਪਣੇ ਇਕਲੌਤੇ ਪੁੱਤਰ ਨੂੰ ਗੁਆ ਚੁੱਕਾ ਹਾਂ, ਪਰ ਇਨਸਾਫ਼ ਦੀ ਉਮੀਦ ਵਿੱਚ ਅੱਜ ਵੀ ਦਰ-ਦਰ ਭਟਕਣਾ ਪੈ ਰਿਹਾ ਹੈ। ਅਸੀਂ ਸਬੂਤ ਦਿੱਤੇ, ਪੁਲਿਸ ਦੇ ਦਫ਼ਤਰਾਂ ਦੇ ਚੱਕਰ ਲਗਾਏ, ਪਰ ਸਿਸਟਮ ਸਾਡੀ ਮਦਦ ਕਰਨ ਦੀ ਬਜਾਏ ਸਾਨੂੰ ਹੀ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।”
ਬਰਸੀ ਸਮਾਗਮ ਦੌਰਾਨ ਮਾਨਸਾ ਅਤੇ ਪਿੰਡ ਮੂਸਾ ਵਿੱਚ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਸਨ। ਸਮਾਗਮ ਇੱਕ ਵੱਡੇ ਇਕੱਠ ਵਿੱਚ ਤਬਦੀਲ ਹੋ ਗਿਆ, ਜਿੱਥੇ ਪ੍ਰਸ਼ੰਸਕਾਂ ਨੇ ਸਿੱਧੂ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਨੂੰ ਮੁੜ ਜ਼ੋਰਦਾਰ ਢੰਗ ਨਾਲ ਉਠਾਇਆ।
Get all latest content delivered to your email a few times a month.