ਤਾਜਾ ਖਬਰਾਂ
ਦਿੱਲੀ-ਅੰਬਾਲਾ ਰੇਲ ਸੈਕਸ਼ਨ ‘ਤੇ ਸਫ਼ਰ ਕਰਨ ਵਾਲੇ ਹਜ਼ਾਰਾਂ ਮੁਸਾਫ਼ਰਾਂ ਨੂੰ ਆਉਂਦੇ ਦਿਨਾਂ ਵਿੱਚ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰੇਲਵੇ ਦੇ ਅੰਬਾਲਾ ਡਿਵੀਜ਼ਨ ਅਧੀਨ ਪੈਂਦੇ ਸ਼ਾਹਾਬਾਦ ਮਾਰਕੰਡਾ ਅਤੇ ਮੋਹਰੀ ਰੇਲਵੇ ਸਟੇਸ਼ਨਾਂ ਵਿਚਕਾਰ ਚੱਲ ਰਹੇ ਅਹਿਮ ਤਕਨੀਕੀ ਕਾਰਜਾਂ ਕਾਰਨ 30 ਮਈ ਤੋਂ 6 ਜੂਨ ਤੱਕ ਰੇਲ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਰਹਿਣਗੀਆਂ। ਇਸ ਦੌਰਾਨ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਗੁਜ਼ਰਨ ਵਾਲੀਆਂ ਕਈ ਵੀ.ਆਈ.ਪੀ. ਅਤੇ ਸਵਾਰੀ ਗੱਡੀਆਂ ਨੂੰ ਰੱਦ, ਡਾਇਵਰਟ (ਰੂਟ ਤਬਦੀਲੀ) ਅਤੇ ਰੀਸ਼ਡਿਊਲ (ਸਮੇਂ ਵਿੱਚ ਬਦਲਾਅ) ਕੀਤਾ ਗਿਆ ਹੈ।
ਉੱਤਰੀ ਰੇਲਵੇ ਮੁਤਾਬਕ, ਸਟੇਸ਼ਨਾਂ ‘ਤੇ ਲੂਪ ਲਾਈਨਾਂ ਦਾ ਵਿਸਥਾਰ ਕਰਨ ਅਤੇ ਨਵਾਂ ਇਲੈਕਟ੍ਰਾਨਿਕ ਇੰਟਰਲੌਕਿੰਗ (EI) ਸਿਸਟਮ ਸਥਾਪਤ ਕਰਨ ਲਈ ਛੇ ਦਿਨਾਂ ਦਾ ਪ੍ਰੀ-ਨਾਨ-ਇੰਟਰਲਾਕਿੰਗ (PNI) ਅਤੇ ਇੱਕ ਦਿਨ ਦਾ ਨਾਨ-ਇੰਟਰਲਾਕਿੰਗ (NI) ਬਲਾਕ ਲਿਆ ਜਾ ਰਿਹਾ ਹੈ।
ਰੇਲਵੇ ਵੱਲੋਂ ਜਾਰੀ ਅਧਿਕਾਰਤ ਬਿਆਨ ਅਨੁਸਾਰ, ਇਸ ਬਲਾਕ ਕਾਰਨ ਕੁੱਲ 22 ਰੇਲਗੱਡੀਆਂ ਨੂੰ ਮੁਕੰਮਲ ਰੂਪ ਵਿੱਚ ਰੱਦ ਕਰ ਦਿੱਤਾ ਗਿਆ ਹੈ, ਜਦਕਿ 29 ਗੱਡੀਆਂ ਨੂੰ ਬਦਲਵੇਂ ਰੂਟਾਂ ਰਾਹੀਂ ਚਲਾਇਆ ਜਾਵੇਗਾ। ਇਸ ਤੋਂ ਇਲਾਵਾ, 8 ਟ੍ਰੇਨਾਂ ਦੇ ਚੱਲਣ ਦੇ ਸਮੇਂ ਵਿੱਚ ਫੇਰਬਦਲ ਕੀਤਾ ਗਿਆ ਹੈ ਅਤੇ 20 ਹੋਰ ਰੇਲਗੱਡੀਆਂ ਨੂੰ ਰੈਗੂਲੇਟ (ਰੋਕ ਕੇ ਚਲਾਉਣਾ) ਕੀਤਾ ਗਿਆ ਹੈ।
ਗਰੀਬ ਰਥ ਐਕਸਪ੍ਰੈਸ: ਅਜਮੇਰ-ਚੰਡੀਗੜ੍ਹ ਗਰੀਬ ਰਥ (12983) 31 ਮਈ ਅਤੇ 2 ਜੂਨ ਨੂੰ ਜਦਕਿ ਵਾਪਸੀ ਵਿੱਚ ਚੰਡੀਗੜ੍ਹ-ਅਜਮੇਰ ਗਰੀਬ ਰਥ (12984) 1 ਅਤੇ 3 ਜੂਨ ਨੂੰ ਪਟੜੀ ‘ਤੇ ਨਹੀਂ ਉਤਰੇਗੀ।
ਸ਼ਤਾਬਦੀ ਤੇ ਵੰਦੇ ਭਾਰਤ: ਸਭ ਤੋਂ ਵੱਡਾ ਝਟਕਾ 6 ਜੂਨ ਨੂੰ ਲੱਗੇਗਾ, ਜਦੋਂ ਨਵੀਂ ਦਿੱਲੀ-ਚੰਡੀਗੜ੍ਹ ਸ਼ਤਾਬਦੀ ਐਕਸਪ੍ਰੈਸ (12045/12046) ਅਤੇ ਅਜਮੇਰ-ਚੰਡੀਗੜ੍ਹ ਵੰਦੇ ਭਾਰਤ ਐਕਸਪ੍ਰੈਸ (20977/20978) ਪੂਰੀ ਤਰ੍ਹਾਂ ਰੱਦ ਰਹਿਣਗੀਆਂ।
ਕਰਨਾਟਕ ਸੰਪਰਕ ਕ੍ਰਾਂਤੀ (22686): ਚੰਡੀਗੜ੍ਹ-ਯਸ਼ਵੰਤਪੁਰ ਇਹ ਰੇਲਗੱਡੀ 2 ਜੂਨ ਨੂੰ ਆਪਣੇ ਤੈਅ ਰੂਟ ਦੀ ਬਜਾਏ ਅੰਬਾਲਾ-ਸਹਾਰਨਪੁਰ-ਮੇਰਠ-ਗਾਜ਼ੀਆਬਾਦ ਹੋ ਕੇ ਲੰਘੇਗੀ। ਇਸ ਫੇਰਬਦਲ ਕਾਰਨ ਇਹ ਗੱਡੀ ਪਾਣੀਪਤ ਅਤੇ ਨਵੀਂ ਦਿੱਲੀ ਸਟੇਸ਼ਨਾਂ ‘ਤੇ ਨਹੀਂ ਜਾਵੇਗੀ।
ਗੋਆ ਸੰਪਰਕ ਕ੍ਰਾਂਤੀ (12450): ਚੰਡੀਗੜ੍ਹ-ਮਡਗਾਓਂ ਐਕਸਪ੍ਰੈਸ ਵੀ 1 ਜੂਨ ਨੂੰ ਨਿਰਧਾਰਿਤ ਰੂਟ ਦੀ ਬਜਾਏ ਡਾਇਵਰਟ ਕੀਤੇ ਗਏ ਰੂਟ ਤੋਂ ਆਪਣਾ ਸਫ਼ਰ ਤੈਅ ਕਰੇਗੀ।
ਰੇਲਵੇ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਟੇਸ਼ਨ ‘ਤੇ ਆਉਣ ਤੋਂ ਪਹਿਲਾਂ ਰੇਲਵੇ ਦੇ ਪੁੱਛਗਿੱਛ ਨੰਬਰ 139 ਜਾਂ ਅਧਿਕਾਰਤ ਐਪ ‘ਤੇ ਆਪਣੀ ਟ੍ਰੇਨ ਦੀ ਮੌਜੂਦਾ ਸਥਿਤੀ ਜ਼ਰੂਰ ਚੈੱਕ ਕਰ ਲੈਣ।
Get all latest content delivered to your email a few times a month.