ਤਾਜਾ ਖਬਰਾਂ
ਅਮਰੀਕਾ ਦੇ ਇਲੀਨੋਇਸ ਰਾਜ ਦੀ ਇੱਕ ਅਦਾਲਤ ਨੇ ਨਸ਼ਾ ਤਸਕਰੀ ਦੇ ਇੱਕ ਬੇਹੱਦ ਗੰਭੀਰ ਮਾਮਲੇ ਵਿੱਚ ਪੰਜਾਬੀ ਮੂਲ ਦੇ 30 ਸਾਲਾ ਟਰੱਕ ਡਰਾਈਵਰ ਜੋਬਨਪ੍ਰੀਤ ਸਿੰਘ ਨੂੰ 75 ਸਾਲ ਦੀ ਬਾਮੁਸ਼ੱਕਤ ਕੈਦ ਦੀ ਸਜ਼ਾ ਸੁਣਾਈ ਹੈ। ਪੁਲਿਸ ਨੇ ਮੁਲਜ਼ਮ ਦੇ ਟਰੱਕ ਵਿੱਚੋਂ ਕੂੜੇ ਦੇ ਕਾਲੇ ਥੈਲਿਆਂ ਵਿੱਚ ਲੁਕਾ ਕੇ ਲਿਜਾਈ ਜਾ ਰਹੀ 106 ਕਿਲੋ (234 ਪੌਂਡ) ਉੱਚ ਪੱਧਰੀ ਕੋਕੀਨ ਬਰਾਮਦ ਕੀਤੀ ਸੀ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਲਗਭਗ 10.6 ਮਿਲੀਅਨ ਡਾਲਰ ਯਾਨੀ ਭਾਰਤੀ ਕਰੰਸੀ ਮੁਤਾਬਕ 90 ਕਰੋੜ ਰੁਪਏ ਦੱਸੀ ਜਾ ਰਹੀ ਹੈ। ਕੈਲੀਫੋਰਨੀਆ ਦੇ ਰਹਿਣ ਵਾਲੇ ਇਸ ਪੰਜਾਬੀ ਨੌਜਵਾਨ ਨੂੰ ਲੰਬੀ ਸਜ਼ਾ ਹੋਣ ਦੀ ਖ਼ਬਰ ਨੇ ਅਮਰੀਕਾ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਇਹ ਸਾਰੀ ਘਟਨਾ 17 ਅਪ੍ਰੈਲ 2025 ਦੀ ਹੈ, ਜਦੋਂ ਇਲੀਨੋਇਸ ਸਟੇਟ ਪੁਲਿਸ (IPS) ਨੇ ਲੇਰੋਏ ਇਲਾਕੇ ਦੇ ਨੇੜੇ ਇੰਟਰਸਟੇਟ-74 'ਤੇ ਸ਼ੱਕ ਦੇ ਆਧਾਰ 'ਤੇ ਇੱਕ ਸੈਮੀ-ਟਰੱਕ ਨੂੰ ਰੋਕਿਆ। ਪੁਲਿਸ ਅਧਿਕਾਰੀਆਂ ਮੁਤਾਬਕ, ਸਿਗਨਲ ਦਿੱਤੇ ਜਾਣ ਦੇ ਬਾਵਜੂਦ ਜੋਬਨਪ੍ਰੀਤ ਨੇ ਟਰੱਕ ਰੋਕਣ ਵਿੱਚ ਦੇਰੀ ਕੀਤੀ ਅਤੇ ਪੁੱਛਗਿੱਛ ਦੌਰਾਨ ਉਹ ਕਾਫ਼ੀ ਘਬਰਾਇਆ ਹੋਇਆ ਸੀ। ਸ਼ੱਕ ਪੈਣ 'ਤੇ ਜਦੋਂ ਕੇ-9 (K-9) ਸੁੰਘਣ ਵਾਲੇ ਕੁੱਤੇ ਦੀ ਮਦਦ ਨਾਲ ਟਰੱਕ ਦੇ ਰੈਫ੍ਰਿਜਰੇਟਿਡ ਟ੍ਰੇਲਰ ਦੀ ਤਲਾਸ਼ੀ ਲਈ ਗਈ, ਤਾਂ ਉੱਥੋਂ ਕੂੜੇ ਵਾਲੇ ਚਾਰ ਵੱਡੇ ਕਾਲੇ ਲਿਫ਼ਾਫ਼ੇ ਮਿਲੇ, ਜਿਨ੍ਹਾਂ ਵਿੱਚ ਇਹ ਕੋਕੀਨ ਛੁਪਾਈ ਹੋਈ ਸੀ।
ਅਦਾਲਤੀ ਸੁਣਵਾਈ ਦੌਰਾਨ ਜੋਬਨਪ੍ਰੀਤ ਸਿੰਘ ਨੇ ਆਪਣੇ ਬਚਾਅ ਵਿੱਚ ਦਲੀਲ ਦਿੱਤੀ ਕਿ ਉਹ ਟਰੱਕ ਵਿੱਚ ਮੌਜੂਦ ਨਸ਼ਿਆਂ ਤੋਂ ਪੂਰੀ ਤਰ੍ਹਾਂ ਅਣਜਾਣ ਸੀ ਅਤੇ ਉਹ ਸਿਰਫ਼ ਇੱਕ ਕਾਨੂੰਨੀ ਸਮਾਨ (ਲੋਡ) ਹੀ ਇੱਕ ਥਾਂ ਤੋਂ ਦੂਜੀ ਥਾਂ ਲੈ ਕੇ ਜਾ ਰਿਹਾ ਸੀ। ਹਾਲਾਂਕਿ, ਸਰਕਾਰੀ ਵਕੀਲ (ਇਸਤਗਾਸਾ ਪੱਖ) ਨੇ ਉਸ ਦੇ ਇਸ ਦਾਅਵੇ ਨੂੰ ਅਦਾਲਤ ਵਿੱਚ ਪੂਰੀ ਤਰ੍ਹਾਂ ਰੱਦ ਕਰ ਦਿੱਤਾ। ਪੁਲਿਸ ਵੱਲੋਂ ਜ਼ਬਤ ਕੀਤੇ ਗਏ ਜੋਬਨਪ੍ਰੀਤ ਦੇ ਮੋਬਾਈਲ ਫ਼ੋਨ ਦੀ ਵਟਸਐਪ ਚੈਟ (WhatsApp Chat) ਤੋਂ ਖੁਲਾਸਾ ਹੋਇਆ ਕਿ ਇਸ ਨਸ਼ੇ ਦੀ ਡਿਲੀਵਰੀ ਬਦਲੇ ਉਸ ਦਾ 5,400 ਡਾਲਰ ਵਿੱਚ ਸੌਦਾ ਤੈਅ ਹੋਇਆ ਸੀ, ਜੋ ਇਹ ਸਾਬਤ ਕਰਨ ਲਈ ਕਾਫ਼ੀ ਸੀ ਕਿ ਉਹ ਇਸ ਗੋਰਖਧੰਦੇ ਵਿੱਚ ਬਰਾਬਰ ਦਾ ਭਾਈਵਾਲ ਸੀ।
ਇਲੀਨੋਇਸ ਰਾਜ ਦੇ ਸਖ਼ਤ ਨਸ਼ਾ ਵਿਰੋਧੀ ਕਾਨੂੰਨਾਂ ਮੁਤਾਬਕ, ਜੇਕਰ ਕਿਸੇ ਕੋਲੋਂ 900 ਗ੍ਰਾਮ ਤੋਂ ਵੱਧ ਕੋਕੀਨ ਫੜੀ ਜਾਂਦੀ ਹੈ, ਤਾਂ ਦੋਸ਼ੀ ਨੂੰ 30 ਤੋਂ 120 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਅਦਾਲਤ ਨੇ ਜੋਬਨਪ੍ਰੀਤ ਨੂੰ 75 ਸਾਲ ਦੀ ਸਜ਼ਾ ਸੁਣਾਉਂਦਿਆਂ ਸਖ਼ਤ ਰੁਖ਼ ਅਪਣਾਇਆ ਹੈ।
ਮੁਲਜ਼ਮ ਨੂੰ 55 ਸਾਲ ਦੀ ਉਮਰ ਤੱਕ ਜੇਲ੍ਹ ਵਿੱਚ ਹੀ ਰਹਿਣਾ ਪਵੇਗਾ ਅਤੇ ਉਸ ਨੂੰ ਕੋਈ ਰਾਹਤ ਨਹੀਂ ਮਿਲੇਗੀ।
ਉਹ 85 ਸਾਲ ਦੀ ਉਮਰ ਪਾਰ ਕਰਨ ਤੋਂ ਬਾਅਦ ਹੀ ਜ਼ਮਾਨਤ (ਪੈਰੋਲ) ਲਈ ਅਪਲਾਈ ਕਰਨ ਦੇ ਯੋਗ ਹੋ ਸਕੇਗਾ।
ਹਾਲਾਂਕਿ, ਅਦਾਲਤ ਨੇ ਉਸ ਦੀ ਕੁੱਲ ਸਜ਼ਾ ਵਿੱਚੋਂ ਜੇਲ੍ਹ ਵਿੱਚ ਪਹਿਲਾਂ ਬਿਤਾਏ ਜਾ ਚੁੱਕੇ 407 ਦਿਨਾਂ ਦੀ ਮਿਆਦ ਨੂੰ ਘਟਾ ਦਿੱਤਾ ਹੈ।
ਪੁਲਿਸ ਪ੍ਰਸ਼ਾਸਨ ਨੇ ਇਸ ਸਜ਼ਾ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਅਜਿਹੇ ਸਖ਼ਤ ਫੈਸਲਿਆਂ ਨਾਲ ਅੰਤਰਰਾਸ਼ਟਰੀ ਡਰੱਗ ਮਾਫ਼ੀਆ ਦੇ ਹੌਸਲੇ ਪਸਤ ਹੋਣਗੇ।
Get all latest content delivered to your email a few times a month.