ਤਾਜਾ ਖਬਰਾਂ
ਕੈਨੇਡਾ ਵਿੱਚ ਰਹਿਣ ਵਾਲੀ ਪੰਜਾਬੀ ਮੂਲ ਦੀ 17 ਸਾਲਾ ਵਿਦਿਆਰਥਣ ਗੁਰਨੂਰ ਕੌਰ ਨੇ ਮੈਡੀਕਲ ਵਿਗਿਆਨ ਦੇ ਖੇਤਰ ਵਿੱਚ ਇੱਕ ਅਜਿਹੀ ਇਤਿਹਾਸਕ ਖੋਜ ਕੀਤੀ ਹੈ, ਜਿਸ ਨੇ ਦੁਨੀਆ ਭਰ ਦੇ ਵੱਡੇ-ਵੱਡੇ ਵਿਗਿਆਨੀਆਂ ਨੂੰ ਹੈਰਾਨ ਕਰ ਦਿੱਤਾ ਹੈ। ਗੁਰਨੂਰ ਨੇ ਪਿਛਲੇ 53 ਸਾਲਾਂ ਤੋਂ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਜਾਨ ਬਚਾਉਣ ਲਈ ਵਰਤੇ ਜਾ ਰਹੇ 'ਪਲਸ ਆਕਸੀਮੀਟਰ' (Pulse Oximeter) ਦੇ ਗਣਿਤਕ ਫਾਰਮੂਲੇ (Mathematical Formula) ਵਿੱਚ ਮੌਜੂਦ ਇੱਕ ਬੁਨਿਆਦੀ ਖਾਮੀ ਨੂੰ ਹਮੇਸ਼ਾ ਲਈ ਠੀਕ ਕਰ ਦਿੱਤਾ ਹੈ।
ਦਰਅਸਲ, ਇਹ ਮਸ਼ੀਨ ਗੋਰੇ ਲੋਕਾਂ ਦਾ ਆਕਸੀਜਨ ਲੈਵਲ ਤਾਂ ਬਿਲਕੁਲ ਸਹੀ ਦੱਸਦੀ ਸੀ, ਪਰ ਕਾਲੇ ਅਤੇ ਸਾਂਵਲੇ ਰੰਗ ਦੇ ਲੋਕਾਂ ਦੀ ਰੀਡਿੰਗ ਵਿੱਚ ਅਕਸਰ ਗਲਤੀ ਕਰਦੀ ਸੀ। ਗੁਰਨੂਰ ਵੱਲੋਂ ਤਿਆਰ ਕੀਤੇ ਗਏ ਨਵੇਂ ਮਾਡਲ 'ਇਗੇਨਪਲਸ' (EigenPulse) ਤੋਂ ਬਾਅਦ ਹੁਣ ਇਹ ਡਿਵਾਈਸ ਬਿਨਾਂ ਕਿਸੇ ਚਮੜੀ ਦੇ ਰੰਗਭੇਦ ਦੇ ਹਰ ਇਨਸਾਨ ਦੀ ਅਸਲ ਰੀਡਿੰਗ ਪੂਰੀ ਸ਼ੁੱਧਤਾ ਨਾਲ ਦੇ ਸਕੇਗੀ। ਇਸ ਵੱਡੀ ਇਨੋਵੇਸ਼ਨ ਲਈ ਗੁਰਨੂਰ ਕੌਰ ਨੂੰ ਕੈਨੇਡਾ ਦੇ ਸਭ ਤੋਂ ਵੱਕਾਰੀ 'ਨੈਸ਼ਨਲ ਸਾਇੰਸ ਫੇਅਰ' ਵਿੱਚ 'ਬੈਸਟ ਪ੍ਰੋਜੈਕਟ ਅਵਾਰਡ ਫਾਰ ਇਨੋਵੇਸ਼ਨ' ਨਾਲ ਨਿਵਾਜਿਆ ਗਿਆ ਹੈ।
ਪਲਸ ਆਕਸੀਮੀਟਰ ਇੱਕ ਅਜਿਹਾ ਛੋਟਾ ਉਪਕਰਣ ਹੈ, ਜਿਸ ਨੂੰ ਮਰੀਜ਼ ਦੀ ਉਂਗਲ 'ਤੇ ਲਗਾ ਕੇ ਖੂਨ ਵਿੱਚ ਆਕਸੀਜਨ ਦੀ ਮਾਤਰਾ ਮਾਪੀ ਜਾਂਦੀ ਹੈ। ਦਿਲ ਅਤੇ ਫੇਫੜਿਆਂ ਦੇ ਮਰੀਜ਼ਾਂ ਲਈ ਇਹ ਮਸ਼ੀਨ ਬੇਹੱਦ ਅਹਿਮ ਹੈ, ਕਿਉਂਕਿ ਇਸ ਦੀ ਰੀਡਿੰਗ ਦੇ ਆਧਾਰ 'ਤੇ ਹੀ ਡਾਕਟਰ ਮਰੀਜ਼ ਨੂੰ ICU ਵਿੱਚ ਦਾਖਲ ਕਰਨ ਜਾਂ ਆਕਸੀਜਨ ਸਪੋਰਟ ਦੇਣ ਦਾ ਫੈਸਲਾ ਕਰਦੇ ਹਨ।
ਪਰ ਸਾਲਾਂ ਤੋਂ ਇਹ ਦੇਖਿਆ ਜਾ ਰਿਹਾ ਸੀ ਕਿ ਗੂੜ੍ਹੇ ਰੰਗ ਦੀ ਚਮੜੀ ਵਾਲੇ ਮਰੀਜ਼ਾਂ ਦੇ ਸਰੀਰ ਵਿੱਚ ਆਕਸੀਜਨ ਘੱਟ ਹੋਣ ਦੇ ਬਾਵਜੂਦ ਇਹ ਮਸ਼ੀਨ ਲੈਵਲ ਨੂੰ ਆਮ (Normal) ਦਿਖਾ ਦਿੰਦੀ ਸੀ। ਇਸ ਕਾਰਨ ਕਈ ਵਾਰ ਸਾਂਵਲੇ ਮਰੀਜ਼ਾਂ ਦਾ ਸਮੇਂ ਸਿਰ ਸਹੀ ਇਲਾਜ ਨਹੀਂ ਹੋ ਪਾਉਂਦਾ ਸੀ, ਜੋ ਕਈ ਵਾਰ ਜਾਨਲੇਵਾ ਸਾਬਤ ਹੁੰਦਾ ਸੀ।
ਲਗਭਗ 35 ਸਾਲ ਪਹਿਲਾਂ ਇਸ ਸਮੱਸਿਆ ਦੀ ਪਛਾਣ ਹੋਈ ਸੀ। ਦੁਨੀਆ ਭਰ ਦੇ ਨਾਮੀ ਖੋਜਕਰਤਾ ਅਤੇ ਮੈਡੀਕਲ ਕੰਪਨੀਆਂ ਇਹ ਮੰਨ ਕੇ ਚੱਲ ਰਹੀਆਂ ਸਨ ਕਿ ਇਹ ਸਮੱਸਿਆ 'ਡਾਟਾ ਦੀ ਕਮੀ' ਕਾਰਨ ਹੈ। ਉਨ੍ਹਾਂ ਦਾ ਖ਼ਦਸ਼ਾ ਸੀ ਕਿ ਮਸ਼ੀਨ ਬਣਾਉਣ ਵੇਲੇ ਸਿਰਫ਼ ਗੋਰੇ ਲੋਕਾਂ ਦੇ ਟੈਸਟ ਡਾਟਾ ਦੀ ਵਰਤੋਂ ਕੀਤੀ ਗਈ ਸੀ। ਇਸੇ ਸੋਚ ਤਹਿਤ ਵਿਗਿਆਨੀ ਸਾਲਾਂ ਤੋਂ ਸਾਂਵਲੇ ਲੋਕਾਂ ਦਾ ਡਾਟਾ ਇਕੱਠਾ ਕਰਨ ਵਿੱਚ ਜੁਟੇ ਹੋਏ ਸਨ, ਪਰ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲ ਰਿਹਾ ਸੀ।
11ਵੀਂ ਜਮਾਤ ਦੀ ਵਿਦਿਆਰਥਣ ਗੁਰਨੂਰ ਕੌਰ ਨੇ ਇਸ ਪੁਰਾਣੀ ਧਾਰਨਾ ਤੋਂ ਵੱਖ ਹੋ ਕੇ ਮਸ਼ੀਨ ਦੇ ਕਾਰਡੀਅਕ ਮਾਡਲਾਂ ਅਤੇ ਇਸ ਦੇ ਪਿੱਛੇ ਕੰਮ ਕਰਦੇ ਵਿਗਿਆਨ ਦਾ ਡੂੰਘਾਈ ਨਾਲ ਅਧਿਐਨ ਕੀਤਾ। ਆਪਣੀ ਖੋਜ ਵਿੱਚ ਗੁਰਨੂਰ ਨੇ ਪਾਇਆ ਕਿ:
ਸਮੱਸਿਆ ਸਿਰਫ਼ ਡਾਟੇ ਦੀ ਨਹੀਂ, ਸਗੋਂ ਮਸ਼ੀਨ ਦੇ ਮੂਲ ਗਣਿਤਕ ਫਾਰਮੂਲੇ ਵਿੱਚ ਹੀ ਸੀ।
ਮੌਜੂਦਾ ਕਾਰਡੀਅਕ ਮਾਡਲਾਂ ਵਿੱਚੋਂ ਇੱਕ ਬੇਹੱਦ ਮਹੱਤਵਪੂਰਨ 'ਟਰਮ' (Term/ਹਿੱਸਾ) ਗਾਇਬ ਸੀ।
ਇਸ ਇੱਕ ਹਿੱਸੇ ਦੀ ਕਮੀ ਕਾਰਨ ਪੂਰੀ ਕੈਲਕੂਲੇਸ਼ਨ ਅਸਥਿਰ ਹੋ ਜਾਂਦੀ ਸੀ ਅਤੇ ਚਮੜੀ ਦਾ ਰੰਗ ਗੂੜ੍ਹਾ ਹੁੰਦੇ ਹੀ ਰੀਡਿੰਗ ਗਲਤ ਆਉਣ ਲੱਗਦੀ ਸੀ।
ਗੁਰਨੂਰ ਨੇ ਆਪਣੀ ਗਣਿਤਕ ਸੂਝ-ਬੂਝ ਨਾਲ ਇਸ ਬੁਨਿਆਦੀ ਢਾਂਚੇ ਨੂੰ ਸੋਧ ਕੇ ਇੱਕ ਨਵਾਂ ਫਾਰਮੂਲਾ ਤਿਆਰ ਕੀਤਾ ਹੈ। ਇਸ ਨਵੀਂ ਤਕਨੀਕ ਨਾਲ ਲੈਸ ਆਕਸੀਮੀਟਰ ਹੁਣ ਚਮੜੀ ਦੇ ਪਿਗਮੈਂਟੇਸ਼ਨ (ਰੰਗ) ਤੋਂ ਪ੍ਰਭਾਵਿਤ ਹੋਏ ਬਿਨਾਂ, ਹਰ ਨਸਲ ਦੇ ਵਿਅਕਤੀ ਦਾ ਆਕਸੀਜਨ ਪੱਧਰ ਸੌ ਫੀਸਦੀ ਸਹੀ ਮਾਪ ਸਕੇਗਾ। ਗੁਰਨੂਰ ਦੀ ਇਸ ਕਾਮਯਾਬੀ ਨਾਲ ਵਿਸ਼ਵ ਭਰ ਦੇ ਮੈਡੀਕਲ ਜਗਤ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਪ੍ਰਵਾਸੀ ਪੰਜਾਬੀ ਭਾਈਚਾਰਾ ਆਪਣੀ ਇਸ ਹੋਣਹਾਰ ਧੀ ਦੀ ਉਪਲਬਧੀ 'ਤੇ ਮਾਣ ਮਹਿਸੂਸ ਕਰ ਰਿਹਾ ਹੈ।
Get all latest content delivered to your email a few times a month.