IMG-LOGO
ਹੋਮ ਰਾਸ਼ਟਰੀ: ਪੇਪਰ ਲੀਕ ਦੀ ਬਲੀ ਚੜ੍ਹਿਆ ਇੱਕ ਹੋਰ ਸੁਪਨਾ: ਨਾਗਪੁਰ 'ਚ...

ਪੇਪਰ ਲੀਕ ਦੀ ਬਲੀ ਚੜ੍ਹਿਆ ਇੱਕ ਹੋਰ ਸੁਪਨਾ: ਨਾਗਪੁਰ 'ਚ NEET ਦੀ ਤਿਆਰੀ ਕਰ ਰਹੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ

Admin User - Jun 04, 2026 01:56 PM
IMG

ਦੇਸ਼ ਦੀ ਸਭ ਤੋਂ ਵੱਕਾਰੀ ਮੈਡੀਕਲ ਪ੍ਰਵੇਸ਼ ਪ੍ਰੀਖਿਆ ‘NEET 2026’ ਦੇ ਪੇਪਰ ਲੀਕ ਹੋਣ ਦੇ ਵਿਵਾਦ ਨੇ ਇੱਕ ਹੋਰ ਮਾਸੂਮ ਦੀ ਜਾਨ ਲੈ ਲਈ ਹੈ। ਨਾਗਪੁਰ ਵਿੱਚ ਡਾਕਟਰ ਬਣਨ ਦਾ ਸੁਪਨਾ ਲੈ ਕੇ ਤਿਆਰੀ ਕਰ ਰਹੀ ਮਉਗੰਜ ਜ਼ਿਲ੍ਹੇ ਦੇ ਪਿੰਡ ਮਗਨੀਆ ਦੀ ਰਹਿਣ ਵਾਲੀ ਹੋਣਹਾਰ ਵਿਦਿਆਰਥਣ ਆਕਾਂਕਸ਼ਾ ਨੇ ਬੀਤੀ 20 ਮਈ ਨੂੰ ਖ਼ੁਦਕੁਸ਼ੀ ਕਰ ਲਈ। ਹੁਣ ਪੁਲਿਸ ਹੱਥ ਲੱਗੇ ਉਸ ਦੇ ਭਾਵੁਕ ਸੁਸਾਈਡ ਨੋਟ ਨੇ ਇਸ ਪ੍ਰੀਖਿਆ ਪ੍ਰਣਾਲੀ ਦੀਆਂ ਨਾਕਾਮੀਆਂ ਅਤੇ ਵਿਦਿਆਰਥੀਆਂ ਸਿਰ ਪੈ ਰਹੇ ਮਾਨਸਿਕ ਬੋਝ ਦੀ ਇੱਕ ਭਿਆਨਕ ਤਸਵੀਰ ਪੇਸ਼ ਕੀਤੀ ਹੈ।


ਆਕਾਂਕਸ਼ਾ ਵੱਲੋਂ ਲਿਖੇ ਆਖਰੀ ਖ਼ਤ ਦੇ ਜੋ ਅੰਸ਼ ਸਾਹਮਣੇ ਆਏ ਹਨ, ਉਹ ਹਰ ਕਿਸੇ ਦੇ ਹਿਰਦੇ ਵਲੂੰਧਰਨ ਵਾਲੇ ਹਨ। ਉਸ ਨੇ ਲਿਖਿਆ "ਪਹਿਲੇ ਪੇਪਰ ਵਿੱਚ ਮੈਨੂੰ ਬਹੁਤ ਚੰਗੇ ਅੰਕ ਆਉਣ ਦੀ ਉਮੀਦ ਸੀ, ਪਰ ਹੁਣ ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ ਕਿ ਮੈਂ ਦੁਬਾਰਾ ਇਹ ਪ੍ਰੀਖਿਆ ਇੰਨੀ ਚੰਗੀ ਤਰ੍ਹਾਂ ਦੇ ਸਕਾਂਗੀ ਜਾਂ ਨਹੀਂ। ਮਾਫ਼ ਕਰਨਾ ਮੰਮੀ-ਪਾਪਾ, ਮੈਂ ਸਭ ਕੁਝ ਬਰਬਾਦ ਕਰ ਦਿੱਤਾ।"


ਪਰਿਵਾਰ ਮੁਤਾਬਕ ਪਹਿਲਾਂ ਪ੍ਰੀਖਿਆ ਲੀਕ ਹੋਣ ਅਤੇ ਫਿਰ ਉਸ ਦੇ ਰੱਦ ਹੋਣ ਦੀ ਖ਼ਬਰ ਨੇ ਆਕਾਂਕਸ਼ਾ ਨੂੰ ਅੰਦਰੋਂ ਬੁਰੀ ਤਰ੍ਹਾਂ ਤੋੜ ਦਿੱਤਾ ਸੀ, ਜਿਸ ਕਾਰਨ ਉਹ ਡੂੰਘੀ ਨਿਰਾਸ਼ਾ ਵਿੱਚ ਚਲੀ ਗਈ।


ਮ੍ਰਿਤਕਾ ਦੇ ਪਿਤਾ ਕ੍ਰਿਸ਼ਨ ਕੁਮਾਰ ਚਤੁਰਵੇਦੀ ਅਤੇ ਚਾਚਾ ਦੱਦੀ ਪ੍ਰਸਾਦ ਨੇ ਰੋਂਦਿਆਂ ਦੱਸਿਆ ਕਿ ਆਕਾਂਕਸ਼ਾ ਪੜ੍ਹਾਈ ਵਿੱਚ ਬੇਹੱਦ ਤੇਜ਼ ਸੀ। ਪਰਿਵਾਰ ਦੀ ਆਰਥਿਕ ਹਾਲਤ ਬਹੁਤ ਕਮਜ਼ੋਰ ਸੀ ਅਤੇ ਉਸ ਦੇ ਪਿਤਾ ਦਿਲ ਦੇ ਮਰੀਜ਼ ਹਨ, ਜਿਨ੍ਹਾਂ ਨੂੰ ਤਿੰਨ ਵਾਰ ਹਾਰਟ ਅਟੈਕ ਆ ਚੁੱਕਾ ਹੈ। ਇਸ ਦੇ ਬਾਵਜੂਦ, ਧੀ ਨੂੰ ਡਾਕਟਰ ਬਣਾਉਣ ਦੀ ਜ਼ਿੱਦ ਹੇਠ ਪਰਿਵਾਰ ਨੇ ਰਿਸ਼ਤੇਦਾਰਾਂ ਅਤੇ ਬੈਂਕਾਂ ਤੋਂ ਕਰੀਬ 15 ਲੱਖ ਰੁਪਏ ਦਾ ਭਾਰੀ ਕਰਜ਼ਾ ਚੁੱਕ ਕੇ ਉਸ ਨੂੰ ਨਾਗਪੁਰ ਦੀ ਮਸ਼ਹੂਰ ਕੋਚਿੰਗ ਵਿੱਚ ਭੇਜਿਆ ਸੀ। ਆਕਾਂਕਸ਼ਾ ਆਪਣੇ ਪਰਿਵਾਰ ਦੇ ਇਸ ਦਰਦ ਅਤੇ ਆਰਥਿਕ ਤੰਗੀ ਨੂੰ ਚੰਗੀ ਤਰ੍ਹਾਂ ਸਮਝਦੀ ਸੀ ਅਤੇ ਉਹ ਪੇਪਰ ਰੱਦ ਹੋਣ ਮਗਰੋਂ ਪਰਿਵਾਰ 'ਤੇ ਹੋਰ ਬੋਝ ਨਹੀਂ ਬਣਨਾ ਚਾਹੁੰਦੀ ਸੀ।


ਪਿਤਾ ਨੇ ਦੱਸਿਆ ਕਿ ਜਦੋਂ ਪਹਿਲੀ ਵਾਰ ਪ੍ਰੀਖਿਆ ਦੇ ਕੇ ਆਕਾਂਕਸ਼ਾ ਬਾਹਰ ਆਈ ਸੀ, ਤਾਂ ਉਸ ਨੇ ਫ਼ੋਨ 'ਤੇ ਬਹੁਤ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਸੀ ਕਿ ਉਸ ਦਾ ਪੇਪਰ ਬਹੁਤ ਸ਼ਾਨਦਾਰ ਹੋਇਆ ਹੈ। ਪਰ ਜਿਵੇਂ ਹੀ ਦੇਸ਼ ਭਰ ਵਿੱਚ ਪੇਪਰ ਲੀਕ ਹੋਣ ਦਾ ਹੰਗਾਮਾ ਮਚਿਆ, ਉਹ ਰੋਣ ਲੱਗ ਪਈ। ਉਸ ਨੂੰ ਮਹਿਸੂਸ ਹੋਇਆ ਕਿ ਉਸ ਦੀ ਦਿਨ-ਰਾਤ ਦੀ ਮਿਹਨਤ ਅਤੇ ਮਾਪਿਆਂ ਦਾ ਪੈਸਾ ਮਿੱਟੀ ਵਿੱਚ ਮਿਲ ਗਿਆ ਹੈ।


20 ਮਈ ਦੀ ਦੁਪਹਿਰ ਕਰੀਬ 3:30 ਵਜੇ ਪਰਿਵਾਰ ਨੂੰ ਇਸ ਮੰਦਭਾਗੀ ਘਟਨਾ ਬਾਰੇ ਪਤਾ ਲੱਗਿਆ। ਉਨ੍ਹਾਂ ਵੱਲੋਂ ਤੁਰੰਤ ਹਸਪਤਾਲ ਲਿਜਾਣ 'ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਰਾਤ ਹੋਣ ਕਾਰਨ 21 ਮਈ ਨੂੰ ਨਾਗਪੁਰ ਵਿਖੇ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ ਅਤੇ ਅਗਲੇ ਦਿਨ, 22 ਮਈ ਨੂੰ ਉਸ ਦੀ ਮ੍ਰਿਤਕ ਦੇਹ ਜਦੋਂ ਉਸ ਦੇ ਜੱਦੀ ਪਿੰਡ ਮਗਨੀਆ ਲਿਆਂਦੀ ਗਈ, ਤਾਂ ਪੂਰੇ ਇਲਾਕੇ ਦੀਆਂ ਅੱਖਾਂ ਨਮ ਹੋ ਗਈਆਂ। ਪੁਲਿਸ ਨੇ ਸੁਸਾਈਡ ਨੋਟ ਦੇ ਅਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ, ਪਰ ਇਸ ਘਟਨਾ ਨੇ ਦੇਸ਼ ਦੀ ਪ੍ਰੀਖਿਆ ਪ੍ਰਣਾਲੀ ਅਤੇ ਸਰਕਾਰਾਂ ਦੀ ਕਾਰਗੁਜ਼ਾਰੀ 'ਤੇ ਇੱਕ ਵਾਰ ਫਿਰ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.