ਤਾਜਾ ਖਬਰਾਂ
ਹਾਂਗਕਾਂਗ ਵਿੱਚ ਹੋਈ ਅੰਡਰ-20 ਏਸ਼ੀਅਨ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਰਿਲੇਅ ਦੌੜ ਦੌਰਾਨ ਸੋਨ ਤਗਮਾ ਜਿੱਤ ਕੇ ਦੇਸ਼ ਅਤੇ ਪੰਜਾਬ ਦਾ ਮਾਣ ਵਧਾਉਣ ਵਾਲੀ ਸੰਗਰੂਰ ਦੇ ਪਿੰਡ ਖਡਿਆਲ ਦੀ ਧੀ ਸਹਿਨੂਰ ਬਾਵਾ ਨੂੰ ਪੰਜਾਬ ਦੇ ਵਿੱਤ ਮੰਤਰੀ Harpal Singh Cheema ਨੇ ਉਸ ਦੇ ਘਰ ਪਹੁੰਚ ਕੇ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਨੇ ਸਹਿਨੂਰ ਦੀ ਸ਼ਾਨਦਾਰ ਪ੍ਰਾਪਤੀ ਦੀ ਸਰਾਹਨਾ ਕਰਦਿਆਂ ਕਿਹਾ ਕਿ ਇੱਕ ਸਧਾਰਨ ਪੇਂਡੂ ਪਰਿਵਾਰ ਦੀ ਧੀ ਵੱਲੋਂ ਅੰਤਰਰਾਸ਼ਟਰੀ ਪੱਧਰ 'ਤੇ ਗੋਲਡ ਮੈਡਲ ਜਿੱਤਣਾ ਪੂਰੇ ਇਲਾਕੇ ਅਤੇ ਦੇਸ਼ ਲਈ ਮਾਣ ਦੀ ਗੱਲ ਹੈ।
ਚੀਮਾ ਨੇ ਸਹਿਨੂਰ ਅਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਖਿਡਾਰੀਆਂ ਨੂੰ ਅੱਗੇ ਵਧਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਭਵਿੱਖ ਵਿੱਚ ਓਲੰਪਿਕ ਅਤੇ ਵਿਸ਼ਵ ਪੱਧਰੀ ਮੁਕਾਬਲਿਆਂ ਦੀ ਤਿਆਰੀ ਲਈ ਉਸ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਸਹਿਨੂਰ ਨੂੰ ਖੇਡ ਸਮੱਗਰੀ ਜਾਂ ਆਰਥਿਕ ਸਹਿਯੋਗ ਦੀ ਲੋੜ ਪੈਂਦੀ ਹੈ ਤਾਂ ਸਰਕਾਰ ਉਸ ਦੇ ਨਾਲ ਖੜ੍ਹੀ ਰਹੇਗੀ।
ਵਿੱਤ ਮੰਤਰੀ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਖੇਡ ਢਾਂਚੇ ਨੂੰ ਮਜ਼ਬੂਤ ਕਰਨ ਲਈ ਪਿੰਡਾਂ ਵਿੱਚ ਸਟੇਡੀਅਮ ਬਣਾਏ ਜਾ ਰਹੇ ਹਨ ਅਤੇ ਦਿੜਬਾ ਵਿੱਚ ਆਧੁਨਿਕ ਇੰਡੋਰ ਸਟੇਡੀਅਮ ਦੀ ਉਸਾਰੀ ਜਾਰੀ ਹੈ। ਉਨ੍ਹਾਂ ਸਹਿਨੂਰ ਦੇ ਕੋਚ ਜਸਪ੍ਰੀਤ ਸਿੰਘ ਦੀ ਵੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨੇ ਉਸ ਦੀ ਪ੍ਰਤਿਭਾ ਨੂੰ ਨਿਖਾਰ ਕੇ ਕੌਮਾਂਤਰੀ ਪੱਧਰ ਦੀ ਖਿਡਾਰਨ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਮੰਤਰੀ ਨੇ ਉਮੀਦ ਜਤਾਈ ਕਿ ਸਹਿਨੂਰ ਬਾਵਾ ਭਵਿੱਖ ਵਿੱਚ ਵੀ ਦੇਸ਼ ਲਈ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਵਿਸ਼ਵ ਭਰ ਵਿੱਚ ਰੌਸ਼ਨ ਕਰੇਗੀ।
Get all latest content delivered to your email a few times a month.