ਤਾਜਾ ਖਬਰਾਂ
ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਆਉਂਦੀ 21 ਜੂਨ ਨੂੰ ਹੋਣ ਜਾ ਰਹੀ 'ਨੀਟ' (NEET) ਦੀ ਮੁੜ-ਪ੍ਰੀਖਿਆ ਲਈ ਕਮਰ ਕੱਸ ਲਈ ਹੈ। ਪ੍ਰੀਖਿਆ ਨੂੰ ਸੁਚਾਰੂ ਅਤੇ ਉਮੀਦਵਾਰਾਂ ਲਈ ਵਧੇਰੇ ਸੁਵਿਧਾਜਨਕ ਬਣਾਉਣ ਦੇ ਮਕਸਦ ਨਾਲ ਏਜੰਸੀ ਵੱਲੋਂ ਕਈ ਅਹਿਮ ਅਤੇ ਵੱਡੇ ਬਦਲਾਅ ਕੀਤੇ ਗਏ ਹਨ। NTA ਮੁਤਾਬਕ ਨਵੇਂ ਨਿਯਮਾਂ ਦੇ ਤਹਿਤ ਹੁਣ ਪ੍ਰੀਖਿਆ ਦਾ ਕੁੱਲ ਸਮਾਂ ਵਧਾ ਦਿੱਤਾ ਗਿਆ ਹੈ ਅਤੇ ਉੱਤਰ ਪੁਸਤਿਕਾ (Question Booklet) ਦੇ ਰਵਾਇਤੀ ਡਿਜ਼ਾਈਨ ਵਿੱਚ ਵੀ ਵੱਡੀ ਸੋਧ ਕੀਤੀ ਗਈ ਹੈ। ਹਾਲਾਂਕਿ, ਇਹ ਤਬਦੀਲੀਆਂ ਸਿਰਫ਼ ਇਸ ਵਾਰ ਦੀ ਮੁੜ-ਪ੍ਰੀਖਿਆ ਲਈ ਹਨ ਜਾਂ ਭਵਿੱਖ ਵਿੱਚ ਵੀ ਲਾਗੂ ਰਹਿਣਗੀਆਂ, ਇਸ ਬਾਰੇ ਅਜੇ ਸਥਿਤੀ ਸਪੱਸ਼ਟ ਨਹੀਂ ਹੈ।
ਪ੍ਰੀਖਿਆਰਥੀਆਂ ਨੂੰ ਵੱਡੀ ਰਾਹਤ ਦਿੰਦਿਆਂ NTA ਨੇ ਐਲਾਨ ਕੀਤਾ ਹੈ ਕਿ ਹੁਣ ਪੇਪਰ ਹੱਲ ਕਰਨ ਲਈ ਕੁੱਲ 195 ਮਿੰਟ ਦਾ ਸਮਾਂ ਮਿਲੇਗਾ, ਜੋ ਕਿ ਪਹਿਲਾਂ ਨਾਲੋਂ 15 ਮਿੰਟ ਵਧੇਰੇ ਹੈ। ਇਹ ਮੁੜ-ਪ੍ਰੀਖਿਆ ਦੁਪਹਿਰ 2:00 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 5:15 ਵਜੇ ਤੱਕ ਚੱਲੇਗੀ। ਏਜੰਸੀ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦੇ ਫੀਡਬੈਕ ਨੂੰ ਦੇਖਦਿਆਂ ਇਹ ਫੈਸਲਾ ਲਿਆ ਗਿਆ ਹੈ ਤਾਂ ਜੋ ਪ੍ਰੀਖਿਆ ਦੌਰਾਨ ਹੋਣ ਵਾਲੀਆਂ ਲਾਜ਼ਮੀ ਰਸਮਾਂ, ਜਿਵੇਂ ਕਿ ਹਾਜ਼ਰੀ ਸ਼ੀਟ 'ਤੇ ਦਸਤਖਤ ਅਤੇ ਬਾਇਓਮੀਟ੍ਰਿਕ ਵੈਰੀਫਿਕੇਸ਼ਨ ਕਾਰਨ ਬੱਚਿਆਂ ਦੇ ਕੀਮਤੀ ਸਮੇਂ ਦਾ ਨੁਕਸਾਨ ਨਾ ਹੋਵੇ।
ਨਵੇਂ ਫਾਰਮੈਟ ਅਨੁਸਾਰ ਰਫ਼ ਵਰਕ (Rough Work) ਲਈ ਪੰਨਿਆਂ ਦੀ ਗਿਣਤੀ 2 ਤੋਂ ਵਧਾ ਕੇ 4 ਕਰ ਦਿੱਤੀ ਗਈ ਹੈ। ਇਸ ਵਾਰ ਕਿਤਾਬਚੇ ਦੇ ਲੇਆਉਟ ਨੂੰ ਬਦਲਦਿਆਂ 2 ਪੰਨੇ ਸ਼ੁਰੂ ਵਿੱਚ (ਨਿਰਦੇਸ਼ਾਂ ਵਾਲੇ ਪੰਨੇ ਤੋਂ ਤੁਰੰਤ ਬਾਅਦ) ਅਤੇ 2 ਪੰਨੇ ਬਿਲਕੁਲ ਅਖੀਰ ਵਿੱਚ ਦਿੱਤੇ ਜਾਣਗੇ। NTA ਮੁਤਾਬਕ ਖੱਬੇ ਹੱਥ ਨਾਲ ਲਿਖਣ ਵਾਲੇ ਉਮੀਦਵਾਰਾਂ ਨੂੰ ਪਹਿਲਾਂ ਸਿਰਫ਼ ਅਖੀਰ ਵਿੱਚ ਪੰਨੇ ਹੋਣ ਕਾਰਨ ਦਿੱਕਤ ਆਉਂਦੀ ਸੀ, ਜਿਸ ਨੂੰ ਹੁਣ ਦੂਰ ਕਰ ਦਿੱਤਾ ਗਿਆ ਹੈ। ਇਹ ਨਵਾਂ ਲੇਆਉਟ ਅੰਗਰੇਜ਼ੀ ਅਤੇ ਸਾਰੀਆਂ ਖੇਤਰੀ ਭਾਸ਼ਾਵਾਂ ਦੇ ਪ੍ਰਸ਼ਨ ਪੱਤਰਾਂ ਵਿੱਚ ਉਪਲਬਧ ਹੋਵੇਗਾ।
ਜ਼ਿਕਰਯੋਗ ਹੈ ਕਿ NTA ਵੱਲੋਂ ਬੀਤੀ 3 ਮਈ ਨੂੰ NEET-UG ਦੀ ਪ੍ਰੀਖਿਆ ਕਰਵਾਈ ਗਈ ਸੀ ਅਤੇ 6 ਮਈ ਨੂੰ ਇਸ ਦੀ ਆਰਜ਼ੀ ਉੱਤਰ ਕੁੰਜੀ (Answer Key) ਵੀ ਜਾਰੀ ਕਰ ਦਿੱਤੀ ਗਈ ਸੀ। ਪਰ ਇਸੇ ਦੌਰਾਨ ਦੇਸ਼ ਭਰ ਵਿੱਚ ਪੇਪਰ ਲੀਕ ਹੋਣ ਦਾ ਇੱਕ ਵੱਡਾ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਪ੍ਰੀਖਿਆ ਨੂੰ ਰੱਦ ਕਰਨਾ ਪਿਆ। ਫਿਲਹਾਲ ਕੇਂਦਰੀ ਜਾਂਚ ਬਿਊਰੋ (CBI) ਇਸ ਪੂਰੇ ਘੁਟਾਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ, ਜਦਕਿ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਹੁਣ 21 ਜੂਨ ਨੂੰ ਹੋਣ ਵਾਲੀ ਇਸ ਮੁੜ-ਪ੍ਰੀਖਿਆ 'ਤੇ ਟਿਕਿਆ ਹੋਇਆ ਹੈ।
Get all latest content delivered to your email a few times a month.