ਤਾਜਾ ਖਬਰਾਂ
ਲਲਕਾਰ ਵਾਲੇ ਸੂਰਮੇ ਸ਼ਾਇਰ ਜਰਨੈਲ ਸਿੰਘ ਅਰਸ਼ੀ ਨੂੰ ਯਾਦ ਕਰਦਿਆਂ
ਗੁਰਭਜਨ ਸਿੰਘ ਗਿੱਲ(ਪ੍ਰੋ.)
ਚੇਅਰਮੈਨ
ਪੰਜਾਬੀ ਲੋਕ ਵਿਰਾਸਤ ਅਕਾਡਮੀ
ਕੁਝ ਸਾਲ ਪਹਿਲਾਂ ਜੇ ਪੰਜਾਬੀ ਸਾਹਿੱਤ ਸਭਾ ਕੋਲਕਾਤਾ ਵੱਲੋਂ ਮੈਨੂੰ ਜਰਨੈਲ ਸਿੰਘ ਅਰਸ਼ੀ ਯਾਦਗਾਰੀ ਪੰਜਾਬੀ ਇੰਟਰ ਸਕੂਲ ਕਵਿਤਾ ਉਚਾਰਣ ਮੁਕਾਬਲਿਆਂ ਦਾ ਸੱਦਾ ਪੱਤਰ ਨਾ ਮਿਲਦਾ ਤਾਂ ਸੱਚ ਮੰਨਿਉਂ, ਮੈਨੂੰ ਚਿੱਤ ਚੇਤਾ ਹੀ ਨਹੀਂ ਸੀ ਆਉਣਾ ਕਿ ਇਸ ਸੂਰਮੇ ਕਵੀ ਨੂੰ ਚੇਤੇ ਕਰਨਾ ਕਿੰਨਾ ਜ਼ਰੂਰੀ ਬਣਦਾ ਹੈ।
ਲੁਧਿਆਣਾ ਤੋਂ ਲਲਕਾਰ ਸਪਤਾਹਿਕ ਅਖ਼ਬਾਰ ਦੇ ਬਾਨੀ ਸੰਪਾਦਕ ਰਹੇ ਜਰਨੈਲ ਸਿੰਘ ਅਰਸ਼ੀ ਜੀ ਦਾ ਮੇਰੇ ਜੀਵਨ ਚ ਬੜਾ ਅਹਿਮ ਯੋਗਦਾਨ ਹੈ। ਉਨ੍ਹਾਂ ਦੀ ਕਾਵਿ ਪੁਸਤਕ “ਲਲਕਾਰ”ਜਦ ਯੁਵਕ ਕੇਂਦਰ ਜਲੰਧਰ ਨੇ ਇਸ ਦੇ ਪਹਿਲੇ ਐਡੀਸ਼ਨ ਤੋਂ ਲੰਮੇ ਵਕਫ਼ੇ ਬਾਦ ਛਾਪੀ ਤਾਂ ਮੈਨੂੰ ਇਹ ਕਿਤਾਬ ਪੜ੍ਹਨ ਦਾ ਸੁਭਾਗ ਮਿਲਿਆ। ਸ਼ਾਇਦ 1968-69 ਦੀ ਗੱਲ ਹੈ।
ਲਲਕਾਰ ਦਾ ਮੁੱਖ ਬੰਦ ਯੁੱਗ ਕਵੀ ਪ੍ਰੋ. ਮੋਹਨ ਸਿੰਘ ਜੀ ਦਾ ਲਿਖਿਆ ਹੋਇਆ ਸੀ।ਉਨ੍ਹਾਂ ਆਪਣੀ ਲਿਖਤ ਵਿੱਚ ਅਰਸ਼ੀ ਜੀ ਦੀ
ਵੱਡੀ ਕਾਵਿ ਪ੍ਰਤਿਭਾ ਹੋਣ ਦੀ ਗਵਾਹੀ ਦਿੱਤੀ ਸੀ।
ਉਸ ਕਾਵਿ ਸੰਗ੍ਰਹਿ ਦੇ ਅੰਤਲੇ ਪੰਨੇ ਤੇ ਅਰਸ਼ੀ ਜੀ ਦੀ ਤਸਵੀਰ ਹੇਠ ਇੱਕ ਕਾਵਿ ਟੂਕ ਸੀ।
“ਜਿੱਥੇ ਚੜ੍ਹਦੀ ਜਵਾਨੀ ਨੂੰ ਅੱਗ ਲੱਗੀ,
ਮੈਨੂੰ ਸਤਿਲੁਜ ਦੇ ਓਸ ਕਿਨਾਰੇ ਦੀ ਸਹੁੰ।
ਜਿੱਥੇ ਖ਼ੂਨ ਦੇ ਵਿੱਚ ਬਹਾਰ ਡੁੱਬੀ,
ਜੱਲ੍ਹਿਆਂ ਵਾਲੇ ਦੇ ਓਸ ਨਜ਼ਾਰੇ ਦੀ ਸਹੁੰ।
ਜਿੰਨੀ ਦੇਰ ਨਹੀਂ ਦੇਸ਼ ਖੁਸ਼ਹਾਲ ਹੁੰਦਾ,
ਰਹੂ ਗੂੰਜਦੀ ਇਹੋ ਲਲਕਾਰ ਮੇਰੀ।
ਛਾਂਗ ਦਿਆਂਗਾ ਦੇਸ਼ ਦੇ ਦੁਸ਼ਮਣਾਂ ਨੂੰ,
ਕਲਮ ਨਹੀਂ ਇਹ ਜਾਣ ਤਲਵਾਰ ਮੇਰੀ।”
ਇਸ ਕਿਤਾਬ ਦੇ ਪਹਿਲੇ ਪੰਨਿਆਂ ਤੋਂ ਹੀ ਪਤਾ ਲੱਗਾ ਕਿ ਅਰਸ਼ੀ ਜੀ ਆਪਣੇ ਅਖ਼ਬਾਰ ਚ ਬੜੀਆਂ ਤਿੱਖੀਆਂ ਟਿਪਣੀਆਂ ਕਰਿਆ ਕਰਦੇ ਸਨ।
ਸਿਆਸੀ ਆਰਾਂ ਲਾਉਣ ਚ ਕਮਾਲ ਸਨ। ਸਿਆਸਤਦਾਨ ਤੜਫ਼ ਉੱਠਦੇ।
ਪਤਲਚੰਮੇ ਸਨ ਉਦੋਂ ਵਾਲੇ ਸਿਆਸਤਦਾਨ। ਹੁਣ ਵਾਂਗ ਮੋਟੇ ਚੰਮ ਵਾਲੇ ਨਹੀਂ।
ਲਲਕਾਰ ਦਾ ਲੁਧਿਆਣਾ ਚ ਘੰਟਾਘਰ ਨੇੜੇ ਦਫ਼ਤਰ ਸੀ। ਇਥੇ ਹੀ ਚੌਂਕ ‘ਚ ਲਾਹੌਰ ਬੁੱਕ ਸ਼ਾਪ ਸੀ। ਗਿਆਨੀ ਵਰਿਆਮ ਸਿੰਘ ਮਸਤ ਦਾ ਗਿਆਨੀ ਕਾਲਿਜ ਸੀ, ਜਿੱਥੋਂ ਸੰਤੋਖ ਸਿੰਘ ਧੀਰ ਸਮੇਤ ਬਹੁਤ ਲਿਖਾਰੀਆਂ ਨੇ ਗਿਆਨੀ ਪਾਸ ਕੀਤੀ ਸੀ।ਜਰਨੈਲ ਸਿੰਘ ਅਰਸ਼ੀ ਦਾ ਗਿਆਨੀ ਕਾਲਿਜ ਵੀ ਅਗਾਂਹਵਧੂ ਸੋਚ ਧਾਰਾ ਦੇ ਕਵੀਆਂ ਦਾ ਕੇਂਦਰੀ ਟਿਕਾਣਾ ਸੀ। ਅਜਾਇਬ ਚਿਤਰਕਾਰ, ਸੁਰਜੀਤ ਰਾਮਪੁਰੀ,ਗੁਰਚਰਨ ਰਾਮਪੁਰੀ,ਸੰਤੋਖ ਸਿੰਘ ਧੀਰ, ਸੱਜਣ ਗਰੇਵਾਲ, ਕ੍ਰਿਸ਼ਨ ਅਦੀਬ, ਮਦਨ ਲਾਲ ਦੀਦੀ ਦਾ ਪੱਕਾ ਫੇਰਾ ਪੈਂਦਾ। ਕਦੇ ਕਦਾਈਂ ਸਿਰਕੱਢ ਕਵੀ ਗੁਰਦੇਵ ਸਿੰਘ ਮਾਨ ਵੀ ਗੇੜੀ ਲਾ ਜਾਂਦੇ। ਚੇਤੇ ਆਇਆ
ਮੈਨੂੰ ਕਿ ਗੁਰਦੇਵ ਸਿੰਘ ਮਾਨ ਤੇ ਜਰਨੈਲ ਸਿੰਘ ਅਰਸ਼ੀ ਨੇ ਹੀ 1948 ਵਿੱਚ ਪਹਿਲੀ ਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਸਰਾਭਾ ਵਿੱਚ ਬਰਸੀ ਮਨਾਈ ਸੀ। 1947ਦੇ ਉਜਾੜੇ ਮਗਰੋਂ ਬਾਰ ‘ਚੋਂ ਉੱਜੜ ਕੇ ਆਏ ਮਾਨ ਪਰਿਵਾਰ ਦੀ ਕੱਚੀ ਅਲਾਟਮੈਂਟ ਸਰਾਭਾ ਪਿੰਡ ਵਿੱਚ ਹੀ ਹੋਈ ਸੀ। ਕੁਝ ਸਾਲਾਂ ਬਾਦ ਉਹ ਭੂਮਸੀ(ਮਲੇਰਕੋਟਲਾ) ਜਾ ਵੱਸੇ।
ਜਰਨੈਲ ਸਿੰਘ ਅਰਸ਼ੀ ਦਾ ਇੱਕ ਕਹਾਣੀ ਸੰਗ੍ਰਹਿ “ਹੱਡ ਬੀਤੀਆਂ”ਵੀ ਛਪਿਆ ਸੀ ਜੋ ਕਿਤਿਓਂ ਲੱਭਦਾ ਨਹੀਂ ਸੀ , ਪਰ ਹੁਣ ਸਾਲ 2024 ਵਿੱਚ ਲਿਖਾਰੀ ਸਭਾ ਰਾਮਪੁਰ(ਲੁਧਿਆਣਾ) ਦੇ ਸਰਪ੍ਰਸਤ ਕਹਾਣੀਕਾਰ ਸੁਰਿੰਦਰ ਰਾਮਪੁਰੀ ਰਾਹੀਂ ਮੇਰੇ ਹੱਥ ਲੱਗਾ ਹੈ। ਲਿਖਾਰੀ ਸਭਾ ਰਾਮਪੁਰ ਦੀ ਲਾਇਬਰੇਰੀ ਵਿੱਚ ਇਹ ਹੁਣ ਵੀ ਮੌਲਿਕ ਰੂਪ ਵਿੱਚ ਸੁਭਾਇਮਾਨ ਹੈ।
1971 ਚ ਜਦ ਮੈਂ ਲੁਧਿਆਣੇ ਜੀ ਜੀ ਐੱਨ ਖਾਲਸਾ ਕਾਲਿਜ ਚ ਪੜ੍ਹਨ ਲੱਗਾ ਤਾਂ ਦੋ ਕੁ ਸਾਲ ਬਾਦ ਨਾਰੰਗਵਾਲ ਕਾਲਿਜ ਦੇ ਦੋ ਵਿਦਿਆਰਥੀ ਆਗੂ ਸਾਡੇ ਕਾਲਿਜ ਚ ਦਾਖਲ ਹੋਏ। ਗੋਪਾਲਪੁਰ ਵਾਲਾ ਦਰਸ਼ਨ ਸਿੰਘ ਤੇ ਰਛੀਨ ਵਾਲਾ ਇਕਬਾਲ।
ਪਤਾ ਲੱਗਾ ਕਿ ਇਕਬਾਲ ਇਨਕਲਾਬੀ ਪੰਜਾਬੀ ਕਵੀ ਸ੍ਵ. ਜਰਨੈਲ ਸਿੰਘ ਅਰਸ਼ੀ ਦਾ ਵੱਡਾ ਸਪੁੱਤਰ ਹੈ। ਉਹ ਸਾਹਿੱਤ ਰਸੀਆ ਨਹੀਂ ਸੀ, ਪਰ ਸਾਡਾ ਸੱਜਣ ਸੀ ਕਿਉਂਕਿ ਮੇਰੇ ਵੱਡੇ ਭਾ ਜੀ ਪ੍ਰੋ: ਜਸਵੰਤ ਸਿੰਘ ਗਿੱਲ ਕੋਲ ਅਕਸਰ ਕਿਸੇ ਨਾ ਕਿਸੇ ਮਸਲੇ ਤੇ ਵਿਚਾਰ -ਵਟਾਂਦਰਾ ਕਰਨ ਆਉਂਦਾ ਰਹਿੰਦਾ ਸੀ। ਇਹ ਜੋੜਾ ਕੌਮੀ ਲਹਿਰ ਮੈਗਜ਼ੀਨ ਦੇ ਸੰਪਾਦਕ ਹਰਭਜਨ ਸਿੰਘ ਲੋਹਗੜ੍ਹ ਦਾ ਵਿਸ਼ਵਾਸ ਪਾਤਰ ਸੀ।
ਉਹ ਮੇਰੇ ਲਈ ਅਰਸ਼ੀ ਜੀ ਕਾਰਨ ਸਤਿਕਾਰ ਯੋਗ ਸੀ ਤੋ ਨਾਲ ਹੀ ਸਾਡਾ ਵਿਦਿਆਰਥੀ ਆਗੂ ਵੀ ਸੀ ।
ਲੋਹਗੜ੍ਹ ਵਾਲੇ ਵੱਡੇ ਵੀਰ ਕਾਮਰੇਡ ਹਰਭਜਨ ਸਿੰਘ ਤੇ ਉਸ ਤੋਂ ਨਿੱਕੇ ਪ੍ਰੋ: ਹਰਦੇਵ ਸਿੰਘ ਗਰੇਵਾਲ ਤੋਂ ਪਤਾ ਲੱਗਾ ਕਿ ਅਰਸ਼ੀ ਜੀ ਦੇ ਮੈਗਜ਼ੀਨ ਲਲਕਾਰ ਦੇ ਸਾਰੇ ਅੰਕ ਲੋਹਗੜ੍ਹ ਪਏ ਹਨ।
ਮੈਂ ਉਹ ਸਾਰੇ ਅੰਕ ਮੰਗਵਾ ਕੇ ਪੜ੍ਹੇ।
ਲਲਕਾਰ ਤੇ ਲਿਖਿਆ ਹੁੰਦਾ ਸੀਃ
“ਰੋਮ ਰੋਮ ਵਿਚ ਵਸਿਆ ਹੋਵੇ
ਜਿਨਾ ਦੇ ਦੇਸ਼ ਪਿਆਰ ।
ਖਫਣ ਬੰਨ੍ਹ ਸਿਰਾਂ ਦੇ ਉਤੇ
ਮਿਟਣ ਲਈ ਜੋ ਤਿਆਰ ।
ਦੁਖੀ ਦੇਸ਼ ਨੂੰ ਦੇਖ ਦੇਖ ਕੇ
ਅਣਖ ਜਿਨਾਂ ਦੀ ਮਚੇ-
ਉਨ੍ਹਾਂ ਜਿਉਂਦੇ ਦਿਲਾਂ ਲਈ ਹੈ,
ਮੇਰੀ ਇਹ ਲਲਕਾਰ।”
ਇਹ ਸਤਰਾਂ ਸਾਹਿੱਤ ਤੇ ਸਮਾਂਕਾਲ ਦਾ ਸੁਮੇਲ ਸਨ।
ਲਲਕਾਰ ਵਿੱਚ ਵਿਚਾਰ ਉਤੇਜਕ ਲਿਖਤਾਂ ਸਨ, ਜਗਾਉਣ ਵਾਲੀਆਂ।
ਜਰਨੈਲ ਸਿੰਘ ਅਰਸ਼ੀ ਦਾ ਜਨਮ 4 ਅਕਤੂਬਰ 1925 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰਛੀਨ (ਨੇੜੇ ਮੰਡੀ ਅਹਿਮਦਗੜ੍ਹ)ਵਿਖੇ ਸ: ਹਰਨਾਮ ਸਿੰਘ ਥਿੰਦ ਦੇ ਘਰ ਮਾਤਾ ਧਨ ਕੌਰ ਦੀ ਕੁਖੋਂ ਹੋਇਆ।
ਲਾਹੌਰ ਚ ਸੁਭਾਸ਼ ਚੰਦਰ ਬੋਸ ਦਾ ਇਨਕਲਾਬੀ ਭਾਸ਼ਨ15 ਜੂਨ 1939 ਨੂੰ ਸੁਣ ਕੇ ਜਰਨੈਲ ਸਿੰਘ ਅਰਸ਼ੀ ਜੀ ਨੇ ਆਜ਼ਾਦੀ ਤੇ ਲੋਕ ਪੱਖੀ ਸੰਘਰਸ਼ ਦਾ ਰਾਹ ਚੁਣਿਆ।
ਇਨਕਲਾਬੀ ਸਰਗਰਮੀਆਂ ਕਾਰਨ ਉਸਨੂੰ ਅੰਗਰੇਜ਼ ਹਕੂਮਤ ਦੇ ਜਬਰ ਦਾ ਸਾਹਮਣਾ ਕਰਨਾ ਪਿਆ। ਅੰਗਰੇਜ਼ਾਂ ਨੇ ਉਨ੍ਹਾਂ ਨੂੰ ਪਿੰਡ ਰਛੀਨ ਚ ਲੰਮਾ ਸਮਾਂ ਹਦੂਦਬੰਦ ਰੱਖਿਆ।
ਜ਼ਿੰਦਗੀ ਦਾ 1939 ਤੋਂ 1942 ਤੀਕ ਦਾ ਸਮਾਂ ਨੌਜਵਾਨ ਸਭਾ ਦੇ ਆਗੂ ਵਜੋਂ ਉਨ੍ਹਾਂ ਕਲਕੱਤੇ ਚ ਗੁਜ਼ਾਰਿਆ।
ਫਰੰਗੀ ਹਕੂਮਤ ਨੇ ਇਨ੍ਹਾਂ ਦੀਆਂ ਇਨਕਲਾਬੀ ਸਰਗਰਮੀਆਂ ਤੋਂ ਤਪ ਕੇ ਇਨ੍ਹਾਂ ਦੇ ਇੱਕ ਇਨਕਲਾਬੀ ਸਾਥੀ ਮਿਹਰ ਸਿੰਘ ਸਮੇਤ ਕਲਕੱਤਿਓ ਂ ਪੰਜਾਬ ਜਲਾਵਤਨ ਕਰ ਦਿੱਤਾ।
ਕਲਕੱਤੇ ਵੱਸਦੇ ਸਵਰਗੀ ਪੰਜਾਬੀ ਲੇਖਕ ਸਨਰਗੀ ਸ. ਹਰਦੇਵ ਸਿੰਘ ਗਰੇਵਾਲ ਜੀ ਸ: ਜਰਨੈਲ ਸਿੰਘ ਅਰਸ਼ੀ ਨੂੰ ਆਪਣਾ ਕਵੀ ਉਸਤਾਦ ਮੰਨਦੇ ਸਨ। ਉਨ੍ਹਾਂ ਦੇ ਉੱਦਮ ਨਾਲ ਹੀ ਹਰ ਸਾਲ ਜਰਨੈਲ ਸਿੰਘ ਅਰਸ਼ੀ ਜੀ ਦੇ ਨਾਮ ਤੇ ਕਲਕੱਤੇ ਵਿੱਚ ਕਾਵਿ ਚਿਰਾਗ ਬਲਦਾ ਹੈ।
ਸਾਡੀਆਂ ਸਾਹਿੱਤਕ ਸਭਿਆਚਾਰਕ ਸੰਸਥਾਵਾਂ ਨੂੰ ਵੀ ਇਹੋ ਜਹੇ ਨਾਇਕ ਤੇ ਸੂਰਮੇ ਕਵੀ ਚੇਤੇ ਕਰਨੇ ਚਾਹੀਦੇ ਹਨ।
ਕਲਕੱਤੇ ਤੋਂ ਸ: ਜਗਮੋਹਨ ਸਿੰਘ ਗਿੱਲ ਤੇ ਸਵਰਗੀ ਹਰਦੇਵ ਸਿੰਘ ਗਰੇਵਾਲ ਨੇ ਕੁਝ ਸਾਲ ਪਹਿਲਾਂ ਮੈਨੂੰ ਸਮਾਗਮ ਦਾ ਕਾਰਡ ਭੇਜਿਆ ਤਾਂ ਦਿਲ ਕੀਤਾ ਕਿ ਉਦਾਸ ਤਸਵੀਰ ਚ ਰੰਗ ਭਰਵਾਏ ਜਾਣ।
ਇਸ ਚੰਗੇ ਕਾਰਜ ਲਈ ਮੈਂ ਸ਼ੇਖੂਪੁਰਾ (ਪਾਕਿਸਤਾਨ)ਵੱਸਦੇ ਖੂਬਸੂਰਤ ਪੇਟਿੰਗ ਕਰਨ ਵਾਲੇ ਵੀਰ ਆਸਿਫ ਰਜ਼ਾ ਨੂੰ ਬੇਨਤੀ ਕੀਤੀ।
ਉਸ ਦੀ ਕਿਰਤ ਹੀ ਇਨ੍ਹਾਂ ਸ਼ਬਦਾਂ ਨਾਲ ਤੁਹਾਡੇ ਸਨਮੁਖ ਪੇਸ਼ ਹੈ। ਵੱਡੀ ਪੇਂਟਿੰਗ ਫੇਰ ਬਣਾਵਾਂਗੇ।
ਜਰਨੈਲ ਸਿੰਘ ਅਰਸ਼ੀ ਭਾਵੇਂ ਸਰੀਰਕ ਵਿਛੋੜਾ 14 ਜਨਵਰੀ 1951 ਨੂੰ ਟਾਈਫਾਈਡ ਵਿਗੜਨ ਕਾਰਨ ਸਦੀਵੀ ਵਿਛੋੜਾ ਦੇ ਗਏ ਸਨ ਪਰ ਕਾਵਿ ਜਲਵਾ ਅਜੇ ਵੀ ਦਗਦਾ, ਜਗਦਾ, ਮਘਦਾ ਅੱਜ ਵੀ ਸਾਡਾ ਰਾਹ ਰੁਸ਼ਨਾਉਂਦਾ ਹੈ।
ਉਨ੍ਹਾਂ ਦਾ ਨਿੱਕਾ ਪੁੱਤਰ ਨਵਤੇਜ ਸਿੰਘ ਵੀ ਕੁਝ ਸਮਾਂ ਪਹਿਲਾਂ ਵਿਛੋੜਾ ਦੇ ਗਿਆ ਹੈ। ਹੁਣ ਉਸ ਦਾ ਪੁੱਤਰ ਰੁਪਿੰਦਰ ਸਿੰਘ(ਰੂਪੀ ਰਛੀਨ) ਦਾਦੇ ਦੀ ਵਿਰਾਸਤ ਦਾ ਸੰਭਾਲਕਾਰ ਹੈ। ਜਲੰਧਰ ਤੋਂ ਛਪਦੇ ਕਿਸੇ ਅਖ਼ਬਾਰ ਦਾ ਪ੍ਰਤੀਨਿਧ ਵੀ ਹੈ।
ਪੇਸ਼ ਹਨ ਸ. ਜਰਨੈਲ ਸਿੰਘ ਅਰਸ਼ੀ ਜੀ ਦੀਆਂ ਦੋ ਬਹੁ ਚਰਚਿਤ ਕਵਿਤਾਵਾਂ।
Get all latest content delivered to your email a few times a month.