ਤਾਜਾ ਖਬਰਾਂ
ਅੱਜ-ਕੱਲ੍ਹ ਸੋਸ਼ਲ ਮੀਡੀਆ 'ਤੇ ਰੀਲਾਂ ਅਤੇ ਵੀਡੀਓਜ਼ ਦੇਖ ਕੇ ਖ਼ਤਰਨਾਕ ਸਟੰਟ ਜਾਂ ਐਡਵੈਂਚਰ ਕਰਨ ਦਾ ਕ੍ਰੇਜ਼ ਨੌਜਵਾਨਾਂ ਦੀ ਜ਼ਿੰਦਗੀ 'ਤੇ ਭਾਰੀ ਪੈ ਰਿਹਾ ਹੈ। ਅਜਿਹਾ ਹੀ ਇੱਕ ਦਿਲ ਕੰਬਾਊ ਮਾਮਲਾ ਬ੍ਰਾਜ਼ੀਲ ਦੇ ਸਾਓ ਪਾਓਲੋ ਸੂਬੇ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਨਿੱਜੀ ਐਡਵੈਂਚਰ ਕੰਪਨੀ ਦੀ ਅੰਨ੍ਹੀ ਲਾਪਰਵਾਹੀ ਕਾਰਨ 24 ਸਾਲਾ ਮੁਟਿਆਰ ਨੂੰ ਆਪਣੀ ਜਾਨ ਗਵਾਉਣੀ ਪਈ। ਕੰਪਨੀ ਦੇ ਸਟਾਫ਼ ਨੇ ਸੁਰੱਖਿਆ ਨਿਯਮਾਂ ਨੂੰ ਛਿੱਕੇ ਟੰਗਦਿਆਂ ਬਿਨਾਂ ਸੁਰੱਖਿਆ ਰੱਸੀ (Safety Rope) ਬੰਨ੍ਹੇ ਹੀ ਕੁੜੀ ਨੂੰ 35 ਮੀਟਰ (ਕਰੀਬ 115 ਫੁੱਟ) ਦੀ ਉਚਾਈ ਤੋਂ ਹੇਠਾਂ ਕੁੱਦਣ ਦਾ ਇਸ਼ਾਰਾ ਕਰ ਦਿੱਤਾ, ਜਿਸ ਕਾਰਨ ਉਹ ਸਿੱਧੀ ਪੱਥਰਾਂ 'ਤੇ ਜਾ ਡਿੱਗੀ ਅਤੇ ਉਸਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ।
ਇਹ ਭਿਆਨਕ ਹਾਦਸਾ ਲਿਮੇਰਾ ਅਤੇ ਕੋਰਡੇਰੋਪੋਲਿਸ ਸ਼ਹਿਰਾਂ ਨੂੰ ਜੋੜਨ ਵਾਲੇ ਇਤਿਹਾਸਕ ਪੁਲ 'ਪੋਂਟੇ ਡੋ ਐਸਕਾਲਾਟੋ' (Ponte do Escalato) 'ਤੇ ਵਾਪਰਿਆ। ਇਹ ਪੁਲ ਪਿਛਲੇ ਲਗਭਗ 30 ਸਾਲਾਂ ਤੋਂ ਅਧਿਕਾਰਤ ਤੌਰ 'ਤੇ ਬੰਦ ਅਤੇ ਸੁਨਸਾਨ ਪਿਆ ਸੀ, ਪਰ ਪਿਛਲੇ ਕੁਝ ਸਮੇਂ ਤੋਂ ਇਹ ਸੈਲਾਨੀਆਂ ਅਤੇ ਬੰਜੀ ਜੰਪਿੰਗ (Bungee Jumping) ਦੇ ਸ਼ੌਕੀਨਾਂ ਲਈ ਪਸੰਦੀਦਾ ਅੱਡਾ ਬਣ ਚੁੱਕਾ ਸੀ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਇੱਥੇ ਸਥਾਨਕ ਪ੍ਰਸ਼ਾਸਨ ਜਾਂ ਕਿਸੇ ਸਰਕਾਰੀ ਏਜੰਸੀ ਵੱਲੋਂ ਸੁਰੱਖਿਆ ਦੀ ਕੋਈ ਨਿਗਰਾਨੀ ਨਹੀਂ ਰੱਖੀ ਜਾ ਰਹੀ ਸੀ।
ਸਥਾਨਕ ਮੀਡੀਆ ਮੁਤਾਬਕ ਮ੍ਰਿਤਕ ਮੁਟਿਆਰ ਦੀ ਪਛਾਣ ਮਾਰੀਆ ਐਡੁਆਰਡਾ ਰੌਡਰਿਗਜ਼ ਡੀ ਫ੍ਰੀਟਾਸ ਵਜੋਂ ਹੋਈ ਹੈ। ਮਾਰੀਆ ਨੇ ਇਸ ਖ਼ਤਰਨਾਕ ਜੰਪ ਦੀ ਹਾਈ-ਕੁਆਲਿਟੀ ਵੀਡੀਓ ਰਿਕਾਰਡਿੰਗ ਕਰਵਾਉਣ ਲਈ 'ਐਂਟਰੇ ਕੋਰਡਾਸ' (Entre Cordas) ਨਾਮਕ ਇੱਕ ਪ੍ਰਾਈਵੇਟ ਕੰਪਨੀ ਨੂੰ $290 (ਭਾਰਤੀ ਕਰੰਸੀ ਮੁਤਾਬਕ ਲਗਭਗ 24,500 ਰੁਪਏ) ਦਾ ਭੁਗਤਾਨ ਕੀਤਾ ਸੀ। ਚਸ਼ਮਦੀਦਾਂ ਨੇ ਦੱਸਿਆ ਕਿ ਮਾਰੀਆ ਤੋਂ ਪਹਿਲਾਂ ਤਿੰਨ ਹੋਰ ਸੈਲਾਨੀਆਂ ਨੇ ਉੱਥੋਂ ਸੁਰੱਖਿਅਤ ਛਾਲ ਮਾਰੀ ਸੀ, ਪਰ ਜਦੋਂ ਮਾਰੀਆ ਦੀ ਵਾਰੀ ਆਈ ਤਾਂ ਕੰਪਨੀ ਦੇ ਟ੍ਰੇਨਰਾਂ ਨੇ ਬੇਹੱਦ ਗੈਰ-ਜ਼ਿੰਮੇਵਾਰਾਨਾ ਵਤੀਰਾ ਦਿਖਾਇਆ।
ਪੁਲ 'ਤੇ ਮੌਜੂਦ ਹੋਰ ਸੈਲਾਨੀਆਂ ਵੱਲੋਂ ਬਣਾਈ ਗਈ ਵੀਡੀਓ ਵਿੱਚ ਇਹ ਭਿਆਨਕ ਮੰਜ਼ਰ ਕੈਦ ਹੋਇਆ ਹੈ। ਜਿਵੇਂ ਹੀ ਮਾਰੀਆ ਨੇ ਪੁਲ ਦੇ ਕਿਨਾਰੇ ਤੋਂ ਹੇਠਾਂ ਛਾਲ ਮਾਰੀ, ਉੱਥੇ ਖੜ੍ਹੇ ਲੋਕਾਂ ਦੇ ਹੋਸ਼ ਉੱਡ ਗਏ ਕਿਉਂਕਿ ਉਸਦੇ ਸਰੀਰ ਨਾਲ ਕੋਈ ਵੀ ਰੱਸੀ ਨਹੀਂ ਬੱਝੀ ਹੋਈ ਸੀ। ਪੂਰਾ ਇਲਾਕਾ ਚੀਕ-ਚਿਹਾਰੇ ਨਾਲ ਗੂੰਜ ਉੱਠਿਆ। ਇੰਸਟ੍ਰਕਟਰਾਂ ਨੂੰ ਆਪਣੀ ਇਸ ਬੱਜਰ ਗ਼ਲਤੀ ਦਾ ਅਹਿਸਾਸ ਉਦੋਂ ਹੋਇਆ ਜਦੋਂ ਮਾਰੀਆ ਹਵਾ ਵਿੱਚ ਲਟਕਣ ਦੀ ਬਜਾਏ ਸਿੱਧੀ 115 ਫੁੱਟ ਹੇਠਾਂ ਜਾ ਚੁੱਕੀ ਸੀ।
ਹਾਦਸੇ ਤੋਂ ਤੁਰੰਤ ਬਾਅਦ ਜਦੋਂ ਮਾਰੀਆ ਦੀ ਲਾਸ਼ ਹੇਠਾਂ ਮਿਲੀ, ਤਾਂ ਕੰਪਨੀ ਦੇ ਇੰਸਟ੍ਰਕਟਰ ਅਤੇ ਸਟਾਫ਼ ਮੈਂਬਰ ਮੌਕੇ ਤੋਂ ਲਾਸ਼ ਨੂੰ ਛੱਡ ਕੇ ਭੱਜਣ ਦੀ ਫਿਰਾਕ ਵਿੱਚ ਸਨ। ਹਾਲਾਂਕਿ, ਉੱਥੇ ਮੌਜੂਦ ਲੋਕਾਂ ਦੇ ਰੌਲੇ ਤੋਂ ਬਾਅਦ ਸਥਾਨਕ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਪੂਰੇ ਇਲਾਕੇ ਨੂੰ ਘੇਰ ਲਿਆ ਅਤੇ ਦੋਸ਼ੀਆਂ ਨੂੰ ਮੌਕੇ ਤੋਂ ਫ਼ਰਾਰ ਹੋਣ ਤੋਂ ਰੋਕ ਦਿੱਤਾ। ਅੰਤਰਰਾਸ਼ਟਰੀ ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਨੇ ਇਸ ਘੋਰ ਲਾਪਰਵਾਹੀ ਅਤੇ ਕਤਲ ਦੇ ਮਾਮਲੇ ਵਿੱਚ ਕੰਪਨੀ ਦੇ 6 ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ ਅਤੇ ਕੰਪਨੀ 'ਤੇ ਵੀ ਸਖ਼ਤ ਕਾਨੂੰਨੀ ਸ਼ਿਕੰਜਾ ਕੱਸਿਆ ਜਾ ਰਿਹਾ ਹੈ।
Get all latest content delivered to your email a few times a month.