IMG-LOGO
ਹੋਮ ਪੰਜਾਬ: ਜਥੇਦਾਰ ਦੇ ਐਲਾਨ ਤੋਂ ਬਾਅਦ CM ਭਗਵੰਤ ਮਾਨ ਦਾ ਵੱਡਾ...

ਜਥੇਦਾਰ ਦੇ ਐਲਾਨ ਤੋਂ ਬਾਅਦ CM ਭਗਵੰਤ ਮਾਨ ਦਾ ਵੱਡਾ ਧਮਾਕਾ; ਵਾਇਰਲ ਵੀਡੀਓ ਨੂੰ ਦੱਸਿਆ ਸਾਜ਼ਿਸ਼, ਧਾਰਮਿਕ ਪ੍ਰਬੰਧਕਾਂ 'ਤੇ ਲਾਏ ਗੰਭੀਰ ਦੋਸ਼

Admin User - Jun 16, 2026 12:57 PM
IMG

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 'ਪੰਥ ਵਿਰੋਧੀ' ਐਲਾਨੇ ਜਾਣ ਦੇ ਫ਼ੈਸਲੇ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਿੱਖਾ ਪਲਟਵਾਰ ਕੀਤਾ ਹੈ। ਅੱਜ ਸੂਬੇ ਦੇ ਲੋਕਾਂ ਦੇ ਸਨਮੁਖ ਹੁੰਦਿਆਂ ਮੁੱਖ ਮੰਤਰੀ ਨੇ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਿਸ ਵੀਡੀਓ ਦੇ ਆਧਾਰ 'ਤੇ ਜਥੇਦਾਰ ਵੱਲੋਂ ਹੁਕਮ ਸੁਣਾਏ ਗਏ ਹਨ, ਉਹ ਸਰਾਸਰ ਬਣਾਉਟੀ ਹੈ। ਸੀ.ਐਮ ਨੇ ਸਵਾਲ ਚੁੱਕਿਆ ਕਿ ਅਜਿਹੇ ਉੱਚੇ ਧਾਰਮਿਕ ਅਹੁਦਿਆਂ 'ਤੇ ਬੈਠੇ ਲੋਕ ਆਖ਼ਰ ਕਿਸ ਤਰ੍ਹਾਂ ਆਪਣੇ ਸਿਆਸੀ ਮਾਲਕਾਂ ਨੂੰ ਖ਼ੁਸ਼ ਕਰਨ ਲਈ ਇੱਕ ਚੁਣੇ ਹੋਏ ਮੁੱਖ ਮੰਤਰੀ ਖ਼ਿਲਾਫ਼ ਝੂਠਾ ਪ੍ਰਚਾਰ ਕਰ ਸਕਦੇ ਹਨ।


ਆਪਣੀ ਬੇਗੁਨਾਹੀ ਸਾਬਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਤਖ਼ਤ ਸਾਹਿਬ 'ਤੇ ਸੱਦਿਆ ਗਿਆ ਸੀ, ਉਨ੍ਹਾਂ ਨੇ ਉਦੋਂ ਵੀ ਸਾਫ਼ ਆਖਿਆ ਸੀ ਕਿ ਵੀਡੀਓ ਵਿੱਚ ਉਹ ਖੁਦ ਨਹੀਂ ਹਨ। ਉਨ੍ਹਾਂ ਦਲੀਲ ਦਿੱਤੀ ਕਿ ਵੀਡੀਓ ਵਾਲੇ ਸ਼ਖਸ ਦਾ ਕੱਦ-ਕਾਠ ਅਤੇ ਸਰੀਰਕ ਦਿੱਖ ਉਨ੍ਹਾਂ ਨਾਲ ਰੀਂਗ ਭਰ ਵੀ ਨਹੀਂ ਮਿਲਦੀ। ਉਨ੍ਹਾਂ ਦੋਸ਼ ਲਗਾਇਆ ਕਿ ਵਿਰੋਧੀ ਧਿਰਾਂ ਕੋਲ ਕੋਈ ਸਿਆਸੀ ਮੁੱਦਾ ਨਹੀਂ ਬਚਿਆ, ਇਸ ਲਈ ਹੁਣ ਧਰਮ ਦੀ ਆੜ ਵਿੱਚ ਉਨ੍ਹਾਂ ਦੇ ਅਕਸ ਨੂੰ ਖ਼ਰਾਬ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ।


ਮੁੱਖ ਮੰਤਰੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਉਨ੍ਹਾਂ ਦਾ ਸਿਰ ਹਮੇਸ਼ਾ ਨਤਮਸਤਕ ਹੈ ਅਤੇ ਕੋਈ ਵੀ ਸੱਚਾ ਸਿੱਖ ਸੁਪਨੇ ਵਿੱਚ ਵੀ ਇਸ ਸਰਵਉੱਚ ਸੰਸਥਾ ਦੇ ਖ਼ਿਲਾਫ਼ ਜਾਣ ਦੀ ਹਿਮਾਕਤ ਨਹੀਂ ਕਰ ਸਕਦਾ। ਪਰ ਦੁੱਖ ਦੀ ਗੱਲ ਇਹ ਹੈ ਕਿ ਉੱਥੋਂ ਦੇ ਮੌਜੂਦਾ ਪ੍ਰਬੰਧਕ ਸੁਤੰਤਰ ਹੋ ਕੇ ਫ਼ੈਸਲੇ ਲੈਣ ਦੀ ਬਜਾਏ ਬਾਦਲ ਪਰਿਵਾਰ ਦੇ ਇਸ਼ਾਰਿਆਂ 'ਤੇ ਕੰਮ ਕਰ ਰਹੇ ਹਨ ਅਤੇ ਇਸ ਗੱਲ ਨੂੰ ਪੂਰੀ ਸਿੱਖ ਸੰਗਤ ਚੰਗੀ ਤਰ੍ਹਾਂ ਜਾਣ ਚੁੱਕੀ ਹੈ।


ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਪੰਜਾਬ ਦੀ ਜਵਾਨੀ, ਕਿਸਾਨੀ, ਪਾਣੀਆਂ ਅਤੇ ਗੁਰਬਾਣੀ ਦੀ ਰਾਖੀ ਲਈ ਉਨ੍ਹਾਂ ਦੀ ਸਰਕਾਰ ਵੱਲੋਂ ਲਏ ਜਾ ਰਹੇ ਲੋਕ-ਪੱਖੀ ਫ਼ੈਸਲੇ ਵਿਰੋਧੀਆਂ ਦੀਆਂ ਅੱਖਾਂ ਵਿੱਚ ਰੜਕ ਰਹੇ ਹਨ। ਖ਼ਾਸ ਕਰਕੇ ਬੇਅਦਬੀ ਦੇ ਮਾਮਲਿਆਂ ਵਿੱਚ ਜੋ ਸਖ਼ਤ ਕਾਨੂੰਨ ਬਣਾਏ ਗਏ ਹਨ, ਉਸ ਤੋਂ ਇਹ ਸਿਆਸੀ ਆਕੇ ਬੁਖਲਾ ਗਏ ਹਨ। ਪਹਿਲਾਂ ਇਹੀ ਐਸ.ਜੀ.ਪੀ.ਸੀ ਵਾਲੇ ਕਾਨੂੰਨ ਬਣਾਉਣ ਦੀ ਮੰਗ ਕਰਦੇ ਸਨ, ਪਰ ਜਦੋਂ ਸਾਡੀ ਸਰਕਾਰ ਨੇ ਕਾਨੂੰਨ ਪਾਸ ਕਰ ਦਿੱਤਾ ਤਾਂ ਇਹ ਬਿਨਾਂ ਪੁੱਛੇ ਕਾਨੂੰਨ ਬਣਾਉਣ ਦੇ ਬਹਾਨੇ ਲੱਭ ਕੇ ਵਿਰੋਧ ਕਰਨ ਲੱਗੇ।


ਲੰਘੀ 2 ਦਸੰਬਰ ਦੇ ਘਟਨਾਕ੍ਰਮ 'ਤੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਲੋਕਾਂ ਨੇ ਖੁਦ ਮੰਨਿਆ ਸੀ ਕਿ ਉਨ੍ਹਾਂ ਨੇ ਬੇਅਦਬੀਆਂ ਕਰਵਾਈਆਂ, ਨਿਰਦੋਸ਼ਾਂ 'ਤੇ ਗੋਲੀਆਂ ਚਲਵਾਈਆਂ ਅਤੇ ਗੁਨਾਹਗਾਰ ਅਫ਼ਸਰਾਂ ਨੂੰ ਨੌਕਰੀਆਂ ਤੇ ਟਿਕਟਾਂ ਵੰਡੀਆਂ, ਉਨ੍ਹਾਂ ਨੂੰ ਤਾਂ ਆਸਾਨੀ ਨਾਲ ਛੱਡ ਦਿੱਤਾ ਜਾਂਦਾ ਹੈ। ਕਦੇ ਬਿਨਾਂ ਮੰਗੇ ਮੁਆਫ਼ੀ ਮਿਲ ਜਾਂਦੀ ਹੈ ਤੇ ਕਦੇ ਰੱਦ ਹੋ ਜਾਂਦੀ ਹੈ।


ਸੀ.ਐਮ ਨੇ ਅਖੀਰ ਵਿੱਚ ਪੰਜਾਬ ਦੀ ਜਨਤਾ ਨੂੰ ਅਪੀਲ ਕੀਤੀ ਕਿ ਉਹ ਵਿਰੋਧੀਆਂ ਦੇ ਇਸ ਕੂੜ ਪ੍ਰਚਾਰ ਦੇ ਜਾਲ ਵਿੱਚ ਨਾ ਫਸਣ। ਉਨ੍ਹਾਂ ਕਿਹਾ ਕਿ ਮੇਰੇ ਰੋਮ-ਰੋਮ ਵਿੱਚ ਪੰਜਾਬ ਵੱਸਦਾ ਹੈ ਅਤੇ ਜਦੋਂ ਤੱਕ ਸਾਹ ਹਨ, ਉਹ ਸੂਬੇ ਦੇ ਹੱਕ ਵਿੱਚ ਡਟ ਕੇ ਫ਼ੈਸਲੇ ਲੈਂਦੇ ਰਹਿਣਗੇ। ਹੁਣ ਅਸਲੀ ਅਦਾਲਤ ਪੰਜਾਬ ਦੇ ਲੋਕਾਂ ਦੀ ਹੈ ਜੋ ਇਸ ਸਿਆਸੀ ਖੇਡ ਦਾ ਇਨਸਾਫ਼ ਕਰੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.