ਤਾਜਾ ਖਬਰਾਂ
ਚੰਡੀਗੜ੍ਹ ਦੇ ਸੈਕਟਰ 11 ਸਥਿਤ ਇੱਕ ਮੈਡੀਕਲ ਸਟੋਰ ਦੇ ਕੈਸ਼ੀਅਰ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਕੀਤੇ ਗਏ ਕਤਲ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਜਾਂਚ ਦੌਰਾਨ ਇਸ ਖ਼ੂਨੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨੋਂ ਹਮਲਾਵਰਾਂ ਦੀ ਪਛਾਣ ਕਰ ਲਈ ਗਈ ਹੈ, ਜਿਨ੍ਹਾਂ ਦਾ ਸਬੰਧ ਜੰਮੂ ਦੇ ਰਾਜੌਰੀ ਸੈਕਟਰ ਨਾਲ ਦੱਸਿਆ ਜਾ ਰਿਹਾ ਹੈ। ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਮੁਲਜ਼ਮਾਂ ਦੇ ਜੰਮੂ ਸਥਿਤ ਘਰਾਂ ਤੱਕ ਪਹੁੰਚ ਚੁੱਕੀਆਂ ਹਨ, ਪਰ ਤਿੰਨੋਂ ਹਮਲਾਵਰ ਫਿਲਹਾਲ ਫ਼ਰਾਰ ਹਨ। ਚੰਡੀਗੜ੍ਹ ਵਿੱਚ ਵਾਪਰੀ ਕਿਸੇ ਵੱਡੀ ਵਾਰਦਾਤ ਵਿੱਚ ਪਹਿਲੀ ਵਾਰ 'ਜੰਮੂ ਕਨੈਕਸ਼ਨ' ਸਾਹਮਣੇ ਆਉਣ ਕਾਰਨ ਸੁਰੱਖਿਆ ਏਜੰਸੀਆਂ ਵੀ ਚੌਕਸ ਹੋ ਗਈਆਂ ਹਨ।
ਪੁਲਿਸ ਸੂਤਰਾਂ ਮੁਤਾਬਕ ਗੋਲੀਬਾਰੀ ਕਰਨ ਵਾਲੇ ਸ਼ੂਟਰਾਂ ਵਿੱਚੋਂ ਇੱਕ ਦੀ ਪ੍ਰੇਮਿਕਾ ਚੰਡੀਗੜ੍ਹ ਵਿੱਚ ਹੀ ਰਹਿੰਦੀ ਹੈ। ਅਪਰਾਧ ਨੂੰ ਅੰਜਾਮ ਦੇਣ ਤੋਂ ਬਾਅਦ, ਤਿੰਨੋਂ ਮੁਲਜ਼ਮ ਸੈਕਟਰ 3 ਦੇ ਬੋਗਨਵਿਲ ਗਾਰਡਨ ਨੇੜੇ ਆਪਣੇ ਮੋਟਰਸਾਈਕਲ ਛੱਡ ਕੇ ਕਜਹੇਰੀ ਪਿੰਡ ਪਹੁੰਚੇ। ਉੱਥੇ ਉਨ੍ਹਾਂ ਨੇ ਬਾਜ਼ਾਰ ਵਿੱਚੋਂ ਨਵੇਂ ਕੱਪੜੇ ਖਰੀਦੇ ਅਤੇ ਇੱਕ ਨਾਈ ਦੀ ਦੁਕਾਨ (ਸੈਲੂਨ) ਵਿੱਚ ਜਾ ਕੇ ਕੱਪੜੇ ਅਤੇ ਆਪਣਾ ਹੁਲੀਆ ਬਦਲ ਲਿਆ। ਇਸ ਤੋਂ ਬਾਅਦ ਉਹ ਸਿੱਧਾ ਸੈਕਟਰ 43 ਦੇ ਅੰਤਰਰਾਜੀ ਬੱਸ ਅੱਡੇ ਪਹੁੰਚੇ ਅਤੇ ਇੱਕ ਵੋਲਵੋ ਬੱਸ ਵਿੱਚ ਸਵਾਰ ਹੋ ਕੇ ਦਿੱਲੀ ਵੱਲ ਫ਼ਰਾਰ ਹੋ ਗਏ।
ਹਮਲਾਵਰਾਂ ਦੀ ਪੈੜ ਨੱਪਣ ਲਈ ਚੰਡੀਗੜ੍ਹ ਪੁਲਿਸ ਦੀਆਂ ਕਈ ਟੀਮਾਂ ਦਿੱਲੀ, ਰਾਜੌਰੀ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਪੁਲਿਸ ਨੇ ਸ਼ੂਟਰਾਂ ਦੇ ਜੱਦੀ ਪਿੰਡਾਂ ਵਿੱਚ ਡੇਰਾ ਲਾਇਆ ਹੋਇਆ ਹੈ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਨਜ਼ਦੀਕੀਆਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਦਿੱਲੀ ਪਹੁੰਚਣ ਤੋਂ ਬਾਅਦ ਮੁਲਜ਼ਮ ਕਿਸ ਦਿਸ਼ਾ ਵੱਲ ਗਏ, ਇਸ ਦਾ ਪਤਾ ਲਗਾਉਣ ਲਈ ਮਨੁੱਖੀ ਸੂਤਰਾਂ (Human Intelligence) ਅਤੇ ਤਕਨੀਕੀ ਜਾਂਚ (Cyber Cell) ਦੀ ਮਦਦ ਲਈ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਲੰਘੇ ਸ਼ਨੀਵਾਰ ਨੂੰ ਹਥਿਆਰਬੰਦ ਹਮਲਾਵਰ ਸੈਕਟਰ 11 ਦੇ 'ਸ਼੍ਰੀਕੁਮਾਰ ਮੈਡੀਕਲ ਸਟੋਰ' ਵਿੱਚ ਗਾਹਕ ਬਣ ਕੇ ਦਾਖਲ ਹੋਏ ਸਨ ਅਤੇ ਉੱਥੇ ਮੌਜੂਦ ਕੈਸ਼ੀਅਰ ਜਾਨਕੀ ਦਾਸ 'ਤੇ ਤਾਬੜਤੋੜ 13 ਗੋਲੀਆਂ ਦਾਗ ਦਿੱਤੀਆਂ, ਜਿਸ ਕਾਰਨ ਉਸਦੀ ਮੌਤ ਹੋ ਗਈ। ਇਹ ਸਾਰੀ ਘਟਨਾ ਪੁਲਿਸ ਚੌਕੀ ਤੋਂ ਮਹਿਜ਼ ਕੁਝ ਕਦਮਾਂ ਦੀ ਦੂਰੀ 'ਤੇ ਵਾਪਰੀ। ਵਾਰਦਾਤ ਤੋਂ ਬਾਅਦ ਮੁਲਜ਼ਮਾਂ ਦੇ ਆਸਾਨੀ ਨਾਲ ਫ਼ਰਾਰ ਹੋ ਜਾਣ ਕਾਰਨ ਸਿਟੀ ਬਿਊਟੀਫੁਲ ਦੀ ਸੁਰੱਖਿਆ ਵਿਵਸਥਾ ਅਤੇ ਪੁਲਿਸ ਗਸ਼ਤ 'ਤੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਹਾਲਾਂਕਿ, ਉੱਚ ਅਧਿਕਾਰੀਆਂ ਦਾ ਦਾਅਵਾ ਹੈ ਕਿ ਮੁਲਜ਼ਮਾਂ ਦੇ ਬਹੁਤ ਨਜ਼ਦੀਕ ਪਹੁੰਚ ਚੁੱਕੇ ਹਨ ਅਤੇ ਉਨ੍ਹਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Get all latest content delivered to your email a few times a month.