ਤਾਜਾ ਖਬਰਾਂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਅਮਰੀਕਾ ਦੇ ਦੌਰੇ ‘ਤੇ ਗਏ ਉੱਚ-ਪੱਧਰੀ ਵਫ਼ਦ ਦਾ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸਥਾਨਕ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਵਫ਼ਦ ਦੇ ਮੈਂਬਰਾਂ ਨੂੰ ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਵਿਸ਼ੇਸ਼ ਸਨਮਾਨ ਵੀ ਦਿੱਤਾ ਗਿਆ।
ਦੌਰੇ ਦੌਰਾਨ ਵਫ਼ਦ ਨੇ ਕੈਲੀਫੋਰਨੀਆ ਦੇ ਲੈਥਰੋਪ ਸਥਿਤ ਦਲ ਬਾਬਾ ਬਿਧੀ ਚੰਦ ਜੀ ਸੰਪਰਦਾ ਦੇ ਪੜਾਅ, ਦਮਦਮੀ ਟਕਸਾਲ ਦੇ ਪ੍ਰਬੰਧ ਅਧੀਨ ਗੁਰਦੁਆਰਾ ਗੁਰਮਤਿ ਪ੍ਰਕਾਸ਼ ਮੰਟੀਕਾ ਅਤੇ ਫਰੈਜ਼ਨੋ ਵਿਖੇ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਸਮੇਤ ਕਈ ਧਾਰਮਿਕ ਅਸਥਾਨਾਂ ‘ਤੇ ਨਤਮਸਤਕ ਹੋ ਕੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ।
ਸੰਗਤਾਂ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਵਸਦਾ ਸਿੱਖ ਭਾਈਚਾਰਾ ਆਪਣੀ ਮਿਹਨਤ, ਇਮਾਨਦਾਰੀ ਅਤੇ ਗੁਰੂ ਘਰ ਪ੍ਰਤੀ ਸਮਰਪਣ ਸਦਕਾ ਵਿਸ਼ਵ ਪੱਧਰ ‘ਤੇ ਸਿੱਖ ਪਛਾਣ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਐਸਜੀਪੀਸੀ ਦੁਨੀਆ ਭਰ ਵਿੱਚ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਅਤੇ ਨੌਜਵਾਨ ਪੀੜ੍ਹੀ ਨੂੰ ਆਪਣੇ ਧਾਰਮਿਕ, ਇਤਿਹਾਸਕ ਅਤੇ ਸੱਭਿਆਚਾਰਕ ਵਿਰਸੇ ਨਾਲ ਜੋੜਨ ਲਈ ਲਗਾਤਾਰ ਯਤਨਸ਼ੀਲ ਹੈ।
ਲੈਥਰੋਪ ਵਿੱਚ ਹੋਏ ਇਕ ਵਿਸ਼ੇਸ਼ ਸਮਾਗਮ ਦੌਰਾਨ ਧਾਮੀ ਨੇ ਦਲ ਬਾਬਾ ਬਿਧੀ ਚੰਦ ਸੰਪਰਦਾ ਵੱਲੋਂ ਕੀਤੀਆਂ ਜਾ ਰਹੀਆਂ ਪੰਥਕ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਯੂਬਾ ਸਿਟੀ ਵਿੱਚ ਸਥਾਪਿਤ ਕੀਤੇ ਜਾ ਰਹੇ ਐਸਜੀਪੀਸੀ ਦੇ ਪ੍ਰਿੰਟਿੰਗ ਪ੍ਰੈੱਸ ਅਤੇ ਧਰਮ ਪ੍ਰਚਾਰ ਕੇਂਦਰ ਲਈ ਅਮਰੀਕਾ ਵੱਸਦੇ ਸਿੱਖਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।
ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਓਐਸਡੀ ਸਤਬੀਰ ਸਿੰਘ ਅਤੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਵੀ ਵਫ਼ਦ ਦਾ ਹਿੱਸਾ ਰਹੇ। ਉੱਥੇ ਹੀ ਸਥਾਨਕ ਸਿੱਖ ਆਗੂਆਂ ਅਤੇ ਗੁਰਦੁਆਰਾ ਪ੍ਰਬੰਧਕਾਂ ਨੇ ਐਸਜੀਪੀਸੀ ਵੱਲੋਂ ਧਾਰਮਿਕ, ਪੰਥਕ ਅਤੇ ਵਿਦਿਅਕ ਖੇਤਰਾਂ ਵਿੱਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਭਰਪੂਰ ਸਰਾਹਨਾ ਕਰਦਿਆਂ ਭਵਿੱਖ ਵਿੱਚ ਵੀ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
Get all latest content delivered to your email a few times a month.