IMG-LOGO
ਹੋਮ ਪੰਜਾਬ: ਆਪ ਵਫ਼ਦ ਨੇ ਡੀਜੀਪੀ ਨਾਲ ਕੀਤੀ ਮੁਲਾਕਾਤ, ਪੰਜਾਬ ਦੇ ਮੁੱਖ...

ਆਪ ਵਫ਼ਦ ਨੇ ਡੀਜੀਪੀ ਨਾਲ ਕੀਤੀ ਮੁਲਾਕਾਤ, ਪੰਜਾਬ ਦੇ ਮੁੱਖ ਮੰਤਰੀ ਨੂੰ ਨਿਸ਼ਾਨਾ ਬਣਾ ਕੇ ਜਾਅਲੀ ਵੀਡੀਓ ਬਣਾਉਣ ਦੀ ਸਾਜ਼ਿਸ਼ ਦੇ ਮਾਸਟਰਮਾਈਂਡਾਂ ਨੂੰ ਤੁਰੰਤ ਗ੍ਰਿਫ਼ਤਾਰ...

Admin User - Jun 18, 2026 06:25 PM
IMG

ਚੰਡੀਗੜ੍ਹ, 18 ਜੂਨ 2026:

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅਕਸ ਨੂੰ ਖ਼ਰਾਬ ਕਰਨ ਅਤੇ ਸੂਬੇ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀ ਨੀਅਤ ਨਾਲ ਬਣਾਈ ਗਈ ਫਰਜ਼ੀ ਵੀਡੀਓ ਦੇ ਮਾਮਲੇ ਨੂੰ ਲੈ ਕੇ ਵੀਰਵਾਰ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ 'ਆਪ' ਪੰਜਾਬ ਦੇ ਇੱਕ ਵਫ਼ਦ ਨੇ ਪੰਜਾਬ ਦੇ ਡੀਜੀਪੀ ਨਾਲ ਮੁਲਾਕਾਤ ਕੀਤੀ।

ਵਫ਼ਦ ਨੇ ਡੀਜੀਪੀ ਨੂੰ ਦੋ ਅਹਿਮ ਰਿਪੋਰਟਾਂ ਸੌਂਪਦਿਆਂ ਫਰਜ਼ੀ ਵੀਡੀਓ ਬਣਾਉਣ ਅਤੇ ਇਸ ਨੂੰ ਸੋਸ਼ਲ ਮੀਡੀਆ 'ਤੇ ਫੈਲਾਉਣ ਵਾਲੇ ਸ਼ਰਾਰਤੀ ਤੱਤਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਵਫ਼ਦ ਵਿੱਚ 'ਆਪ' ਪੰਜਾਬ ਦੇ ਸੂਬਾ ਪ੍ਰਧਾਨ ਅਮਨ ਅਰੋੜਾ, ਸੂਬਾ ਮੀਡੀਆ ਇੰਚਾਰਜ ਬਲਤੇਜ ਪੰਨੂ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।

ਡੀਜੀਪੀ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸ਼ਿਰੋਮਣੀ ਅਕਾਲੀ ਦਲ 'ਤੇ ਤਿੱਖਾ ਹਮਲਾ ਬੋਲਿਆ।

ਚੀਮਾ ਨੇ ਕਿਹਾ ਕਿ 3 ਕਰੋੜ ਪੰਜਾਬੀਆਂ ਵੱਲੋਂ ਚੁਣੀ ਗਈ ਹਰਮਨ ਪਿਆਰੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਫ਼-ਸੁਥਰੇ ਅਕਸ ਤੋਂ ਅਕਾਲੀ ਦਲ ਪੂਰੀ ਤਰ੍ਹਾਂ ਬੌਖਲਾ ਗਿਆ ਹੈ। ਆਪਣੀ ਗੁਆਚੀ ਹੋਈ ਸਿਆਸੀ ਜ਼ਮੀਨ ਨੂੰ ਮੁੜ ਹਾਸਲ ਕਰਨ ਲਈ ਅਕਾਲੀ ਦਲ ਹੁਣ ਇਸ ਹੱਦ ਤੱਕ ਗਿਰ ਗਿਆ ਹੈ ਕਿ ਮੁੱਖ ਮੰਤਰੀ ਦੀ ਫਰਜ਼ੀ ਅਤੇ ਛੇੜਛਾੜ ਕੀਤੀ ਗਈ ਵੀਡੀਓ ਬਣਾ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਡੂੰਘੀ ਸਾਜ਼ਿਸ਼ ਰਚ ਰਿਹਾ ਹੈ। 'ਆਪ' ਆਗੂ ਨੇ ਚੇਤਾਵਨੀ ਦਿੱਤੀ ਕਿ ਅਜਿਹੀਆਂ ਘਟੀਆ ਹਰਕਤਾਂ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਅਕਾਲੀ ਦਲ ਦੇ ਇਤਿਹਾਸ ਨੂੰ ਕਾਲੇ ਅੱਖਰਾਂ ਵਿੱਚ ਲਿਖਿਆ ਦੱਸਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਦਾ ਇਤਿਹਾਸ ਹਮੇਸ਼ਾ ਪੰਜਾਬ ਅਤੇ ਪੰਥ ਵਿਰੋਧੀ ਰਿਹਾ ਹੈ। ਜਦੋਂ-ਜਦੋਂ ਅਕਾਲੀ ਦਲ ਸੱਤਾ ਵਿੱਚ ਆਉਂਦਾ ਹੈ, ਉਦੋਂ-ਉਦੋਂ ਪੰਜਾਬ ਦਾ ਭਾਰੀ ਨੁਕਸਾਨ ਹੁੰਦਾ ਹੈ।


'ਆਪ' ਆਗੂ ਨੇ ਯਾਦ ਦਿਵਾਇਆ ਕਿ 1986 ਵਿੱਚ ਜਦੋਂ ਅਕਾਲੀ ਦਲ ਦੀ ਸਰਕਾਰ ਸੀ, ਉਦੋਂ ਨਕੋਦਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਅਤੇ ਜਦੋਂ ਸੰਗਤਾਂ ਨੇ ਇਨਸਾਫ਼ ਮੰਗਿਆ, ਤਾਂ ਪੰਜ ਸਿੱਖ ਨੌਜਵਾਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਇਸ ਕਾਂਡ ਦਾ ਖੁਲਾਸਾ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਹੀ ਕੀਤਾ ਸੀ।


ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੇਲੇ ਬਣੇ 'ਜਸਟਿਸ ਗੁਰਨਾਮ ਸਿੰਘ ਕਮਿਸ਼ਨ' ਦੀ ਰਿਪੋਰਟ ਨੂੰ ਜਾਣਬੁੱਝ ਕੇ ਗਾਇਬ ਕਰ ਦਿੱਤਾ ਗਿਆ, ਕਿਉਂਕਿ ਉਸ ਵਿੱਚ ਅਕਾਲੀ ਦਲ ਦਾ ਅਸਲੀ ਚਿਹਰਾ ਬੇਨਕਾਬ ਹੋਣਾ ਸੀ। ਕਾਂਗਰਸ ਦੇ 5 ਸਾਲਾਂ ਦੇ ਰਾਜ ਵਿੱਚ ਵੀ ਇਸ ਰਿਪੋਰਟ ਨੂੰ ਦਬਾ ਕੇ ਰੱਖਿਆ ਗਿਆ। 2015 ਵਿੱਚ ਅਕਾਲੀ ਦਲ ਦੇ ਰਾਜ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਵਿਰੋਧ ਕਰ ਰਹੇ ਨੌਜਵਾਨਾਂ 'ਤੇ ਗੋਲੀਆਂ ਚਲਾਈਆਂ ਗਈਆਂ ਅਤੇ ਬਾਅਦ ਵਿੱਚ ਸਬੂਤਾਂ ਨੂੰ ਨਸ਼ਟ ਕੀਤਾ ਗਿਆ। ਕਮਿਸ਼ਨ ਦੀਆਂ ਰਿਪੋਰਟਾਂ ਵਿੱਚ ਸਾਫ਼ ਹੈ ਕਿ ਮੌਕੇ ਤੋਂ ਮਿਲੇ ਖਾਲੀ ਕਾਰਤੂਸਾਂ ਤੱਕ ਨਾਲ ਛੇੜਛਾੜ ਕੀਤੀ ਗਈ ਤਾਂ ਜੋ ਦੋਸ਼ੀਆਂ ਨੂੰ ਬਚਾਇਆ ਜਾ ਸਕੇ।


ਚੀਮਾ ਨੇ ਅਕਾਲੀ ਦਲ 'ਤੇ ਸਿੱਧਾ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਵਿੱਚ ਗੈਂਗਸਟਰ ਕਲਚਰ ਨੂੰ ਪੈਦਾ ਕਰਨ ਅਤੇ ਪਾਲਣ-ਪੋਸਣ ਦਾ ਕੰਮ ਅਕਾਲੀ ਦਲ ਨੇ ਹੀ ਕੀਤਾ ਸੀ। ਹੁਣ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ 'ਆਪ' ਸਰਕਾਰ ਪੰਜਾਬ ਵਿੱਚੋਂ ਗੈਂਗਸਟਰਾਂ ਅਤੇ ਅਪਰਾਧੀਆਂ ਦਾ ਸਫ਼ਾਇਆ ਕਰ ਰਹੀ ਹੈ, ਤਾਂ ਅਕਾਲੀ ਦਲ ਨੂੰ ਇਹ ਹਜ਼ਮ ਨਹੀਂ ਹੋ ਰਿਹਾ। ਅਕਾਲੀ ਦਲ ਇੱਕ ਵਾਰ ਫਿਰ ਪੰਜਾਬ ਦੀ ਅਮਨ-ਸ਼ਾਂਤੀ, ਭਾਈਚਾਰੇ ਅਤੇ ਸਾਂਝ ਨੂੰ ਅੱਗ ਲਾਉਣ ਲਈ ਬੇਤਾਬ ਬੈਠਾ ਹੈ।


'ਆਪ' ਵਫ਼ਦ ਨੇ ਡੀਜੀਪੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਦੀ ਫੇਕ ਵੀਡੀਓ ਬਣਾਉਣ ਵਾਲੇ ਅਤੇ ਇਸ ਨੂੰ ਵਾਇਰਲ ਕਰਨ ਵਾਲੇ ਮਾਸਟਰਮਾਈਂਡ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਚਾਹੇ ਸਾਜ਼ਿਸ਼ ਰਚਣ ਵਾਲਾ ਪੰਜਾਬ ਵਿੱਚ ਬੈਠਾ ਹੋਵੇ ਜਾਂ ਵਿਦੇਸ਼ਾਂ ਵਿੱਚ, ਉਸ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆ ਕੇ ਖੜ੍ਹਾ ਕੀਤਾ ਜਾਵੇਗਾ। ਪੰਜਾਬ ਦੀ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾਵੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.