ਤਾਜਾ ਖਬਰਾਂ
ਅਮਰੀਕਾ ਅਤੇ ਈਰਾਨ ਵਿਚਕਾਰ ਇਤਿਹਾਸਕ ਜੰਗਬੰਦੀ ਸਮਝੌਤਾ ਸਿਰੇ ਚੜ੍ਹਨ ਦੇ ਮਹਿਜ਼ ਕੁਝ ਘੰਟਿਆਂ ਦੇ ਅੰਦਰ ਹੀ ਮੱਧ ਪੂਰਬ (Middle East) ਵਿੱਚ ਸਥਿਤੀ ਇੱਕ ਵਾਰ ਫਿਰ ਅਤਿ ਗੰਭੀਰ ਹੋ ਗਈ ਹੈ। ਇਜ਼ਰਾਈਲ ਵੱਲੋਂ ਲੇਬਨਾਨ ‘ਤੇ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਤੋਂ ਗੁੱਸੇ ਵਿੱਚ ਆਏ ਈਰਾਨ ਨੇ ਦੁਨੀਆ ਦੇ ਸਭ ਤੋਂ ਅਹਿਮ ਸਮੁੰਦਰੀ ਵਪਾਰਕ ਰਸਤੇ 'ਹੋਰਮੁਜ਼ ਸਟ੍ਰੇਟ' (Strait of Hormuz) ਨੂੰ ਮੁੜ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਈਰਾਨੀ ਫ਼ੌਜ ਨੇ ਸਖ਼ਤ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਜੰਗਬੰਦੀ ਦੇ ਬਾਵਜੂਦ ਲੇਬਨਾਨ ਵਿੱਚ ਇਜ਼ਰਾਈਲ ਦੀ ਫ਼ੌਜੀ ਕਾਰਵਾਈ, ਅਮਰੀਕਾ ਨਾਲ ਹੋਏ ਅੰਤਰਰਾਸ਼ਟਰੀ ਸਮਝੌਤੇ ਦੀ ਸ਼ਰੇਆਮ ਉਲੰਘਣਾ ਹੈ।
ਈਰਾਨ ਦੀ ਸ਼ਕਤੀਸ਼ਾਲੀ ਫ਼ੌਜੀ ਸ਼ਾਖਾ ‘ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ’ (IRGC) ਨੇ ਇਸ ਨਾਕਾਬੰਦੀ ਨੂੰ ਲੈ ਕੇ ਆਪਣਾ ਅਧਿਕਾਰਤ ਬਿਆਨ ਜਾਰੀ ਕੀਤਾ ਹੈ।
ਈਰਾਨ ਦੀਆਂ ਮੁੱਖ ਸ਼ਰਤਾਂ: ਆਈਆਰਜੀਸੀ ਮੁਤਾਬਕ ਹੋਰਮੁਜ਼ ਸਟ੍ਰੇਟ ਨੂੰ ਉਦੋਂ ਤੱਕ ਨਹੀਂ ਖੋਲ੍ਹਿਆ ਜਾਵੇਗਾ, ਜਦੋਂ ਤੱਕ ਇਜ਼ਰਾਈਲੀ ਫ਼ੌਜ ਲੇਬਨਾਨ ਵਿੱਚੋਂ ਮੁਕੰਮਲ ਵਾਪਸੀ ਨਹੀਂ ਕਰ ਲੈਂਦੀ ਅਤੇ ਸਮੁੰਦਰੀ ਨਾਕਾਬੰਦੀ ਪੂਰੀ ਤਰ੍ਹਾਂ ਖ਼ਤਮ ਨਹੀਂ ਹੁੰਦੀ।
ਅਮਰੀਕਾ ਨੂੰ ਤਾਕੀਦ: ਈਰਾਨ ਨੇ ਫਾਰਸ ਦੀ ਖਾੜੀ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚੋਂ ਅਮਰੀਕੀ ਸੁਰੱਖਿਆ ਬਲਾਂ ਦੀ ਵਾਪਸੀ ਨੂੰ ਵੀ ਸਮਝੌਤੇ ਦੀ ਮੁੱਖ ਸ਼ਰਤ ਦੱਸਿਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਬੁੱਧਵਾਰ ਨੂੰ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਈਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਇਸ ਜੰਗ ਨੂੰ ਖ਼ਤਮ ਕਰਨ ਲਈ ਇੱਕ ਅਹਿਮ ਦਸਤਾਵੇਜ਼ 'ਤੇ ਦਸਤਖਤ ਕੀਤੇ ਸਨ। ਪਰ ਈਰਾਨ ਦਾ ਤਾਜ਼ਾ ਦੋਸ਼ ਹੈ ਕਿ ਅਮਰੀਕਾ ਅਤੇ ਇਜ਼ਰਾਈਲ ਮਿਲ ਕੇ ਇਸ ਸਮਝੌਤੇ ਦੀਆਂ ਧੱਜੀਆਂ ਉਡਾ ਰਹੇ ਹਨ। ਅਮਰੀਕੀ ਫ਼ੌਜਾਂ ਦੀ ਖੇਤਰ ਵਿੱਚ ਮੌਜੂਦਗੀ ਅਤੇ ਇਜ਼ਰਾਈਲ ਦੇ ਅੜੀਅਲ ਰਵੱਈਏ ਨੂੰ ਈਰਾਨ ਆਪਣੀ ਪ੍ਰਭੂਸੱਤਾ ਲਈ ਵੱਡਾ ਖ਼ਤਰਾ ਮੰਨ ਰਿਹਾ ਹੈ।
ਦੂਜੇ ਪਾਸੇ, ਇਜ਼ਰਾਈਲ ਨੇ ਲੇਬਨਾਨ ਵਿੱਚ ਆਪਣੀ ਜੰਗ ਨੂੰ ਰੋਕਣ ਜਾਂ ਪਿੱਛੇ ਹਟਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇੱਕ ਹੁੰਕਾਰ ਭਰਦਿਆਂ ਸਪੱਸ਼ਟ ਕੀਤਾ ਹੈ ਕਿ ਭਾਵੇਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਉਨ੍ਹਾਂ ਦੇ ਇਸ ਕਦਮ ਤੋਂ ਨਾਰਾਜ਼ ਹੋਣ, ਪਰ ਇਜ਼ਰਾਈਲੀ ਡਿਫੈਂਸ ਫੋਰਸਿਜ਼ (IDF) ਦੱਖਣੀ ਲੇਬਨਾਨ ਵਿੱਚ ਆਪਣੀ ਪਕੜ ਮਜ਼ਬੂਤ ਰੱਖੇਗੀ। ਨੇਤਨਯਾਹੂ ਨੇ ਦਾਅਵਾ ਕੀਤਾ ਕਿ ਇਜ਼ਰਾਈਲੀ ਫ਼ੌਜ ਸਰਹੱਦ ਦੇ ਅੰਦਰ 10 ਕਿਲੋਮੀਟਰ ਤੱਕ ਕਬਜ਼ਾ ਕਰ ਚੁੱਕੀ ਹੈ ਅਤੇ ਸੁਰੱਖਿਆ ਹਿੱਤਾਂ ਕਾਰਨ ਉਹ ਇਸ ਖੇਤਰ ਨੂੰ ਕਿਸੇ ਵੀ ਕੀਮਤ ‘ਤੇ ਖਾਲੀ ਨਹੀਂ ਕਰਨਗੇ। ਇਜ਼ਰਾਈਲ ਦੇ ਇਸ ਬਿਆਨ ਨੇ ਅਮਰੀਕਾ ਵੱਲੋਂ ਕੀਤੀਆਂ ਸ਼ਾਂਤੀ ਕੋਸ਼ਿਸ਼ਾਂ ਨੂੰ ਵੱਡਾ ਝਟਕਾ ਦਿੱਤਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਗਲੋਬਲ ਪੱਧਰ 'ਤੇ ਤੇਲ ਦੀਆਂ ਕੀਮਤਾਂ ਅਤੇ ਸੁਰੱਖਿਆ ਵਿਵਸਥਾ ਵਿੱਚ ਵੱਡਾ ਉਥਲ-ਪੁਥਲ ਹੋਣ ਦੇ ਆਸਾਰ ਬਣ ਗਏ ਹਨ।
Get all latest content delivered to your email a few times a month.