ਤਾਜਾ ਖਬਰਾਂ
ਹਰਿਆਣਾ ਦੇ ਫ਼ਰੀਦਾਬਾਦ ਤੋਂ ਇੱਕ ਬੇਹੱਦ ਮੰਦਭਾਗੀ ਅਤੇ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ। ਇੱਥੇ ਵਰਤ ਖੋਲ੍ਹਣ ਲਈ ਇੱਕ ਨੌਜਵਾਨ ਵੱਲੋਂ 'ਫਰੂਟੀ' (ਕੋਲਡ ਡਰਿੰਕ) ਪੀਣ ਤੋਂ ਤੁਰੰਤ ਬਾਅਦ ਉਸ ਦੀ ਤਬੀਅਤ ਅਚਾਨਕ ਖ਼ਰਾਬ ਹੋ ਗਈ। ਪਰਿਵਾਰ ਵੱਲੋਂ ਉਸ ਨੂੰ ਹਫੜਾ-ਦਫੜੀ ਵਿੱਚ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਰਹੱਸਮਈ ਮੌਤ ਦੇ ਮਾਮਲੇ ਵਿੱਚ ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਖ਼ੁਲਾਸਾ ਹੋ ਸਕੇਗਾ, ਜਿਸ ਦੇ ਆਧਾਰ ‘ਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਫ਼ਰੀਦਾਬਾਦ ਦੀ ਭਾਰਤ ਕਲੋਨੀ ਸਥਿਤ ਹਨੂਮਾਨ ਨਗਰ ਦੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ 33 ਸਾਲਾ ਅੰਕੁਸ਼ ਵਜੋਂ ਹੋਈ ਹੈ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅੰਕੁਸ਼ ਦਾ ਵਰਤ ਸੀ ਅਤੇ ਉਸ ਨੇ ਬੀਤੀ ਰਾਤ ਆਪਣਾ ਵਰਤ ਖੋਲ੍ਹਣ ਲਈ ਫਰੂਟੀ ਪੀਤੀ ਸੀ। ਪਰ ਫਰੂਟੀ ਪੀਂਦੇ ਸਾਰ ਹੀ ਅੰਕੁਸ਼ ਨੂੰ ਲਗਾਤਾਰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਅਤੇ ਉਸ ਦੇ ਪੇਟ ਵਿੱਚ ਅਸਹਿ ਦਰਦ ਉੱਠਿਆ ਤੇ ਪੇਟ ਖ਼ਰਾਬ ਹੋ ਗਿਆ।
ਹਾਲਤ ਵਿਗੜਦੀ ਦੇਖ ਪਰਿਵਾਰ ਵਾਲੇ ਉਸ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਲੈ ਗਏ, ਪਰ ਉੱਥੋਂ ਦੇ ਡਾਕਟਰਾਂ ਨੇ ਉਸ ਨੂੰ ਫ਼ਰੀਦਾਬਾਦ ਦੇ ਬਾਦਸ਼ਾਹ ਖ਼ਾਨ ਹਸਪਤਾਲ ਰੈਫ਼ਰ ਕਰ ਦਿੱਤਾ। ਉੱਥੇ ਵੀ ਸਥਿਤੀ ਕਾਬੂ ਹੇਠ ਨਾ ਆਉਣ ਕਾਰਨ ਡਾਕਟਰਾਂ ਨੇ ਅੰਕੁਸ਼ ਨੂੰ ਦਿੱਲੀ ਦੇ ਸਫ਼ਦਰਜੰਗ ਹਸਪਤਾਲ ਲਿਜਾਣ ਦੀ ਸਲਾਹ ਦਿੱਤੀ। ਪਰਿਵਾਰ ਵਾਲੇ ਉਸ ਨੂੰ ਸਫ਼ਦਰਜੰਗ ਲਿਜਾਣ ਦੀ ਬਜਾਏ ਫ਼ਰੀਦਾਬਾਦ ਦੇ ਹੀ ਇੱਕ ਹੋਰ ਵੱਡੇ ਨਿੱਜੀ ਹਸਪਤਾਲ ਵੱਲ ਲੈ ਕੇ ਜਾ ਰਹੇ ਸਨ, ਪਰ ਅਫ਼ਸੋਸ ਕਿ ਰਸਤੇ ਵਿੱਚ ਹੀ ਅੰਕੁਸ਼ ਨੇ ਦਮ ਤੋੜ ਦਿੱਤਾ।
ਇਸ ਮਾਮਲੇ ਸਬੰਧੀ ਥਾਣਾ ਖੇੜੀ ਦੇ ਇੰਚਾਰਜ ਦੇਵੇਂਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 1:30 ਵਜੇ ਪੁਲਿਸ ਨੂੰ ਸਰਵੋਦਿਆ ਨਿੱਜੀ ਹਸਪਤਾਲ ਵੱਲੋਂ ਸੂਚਨਾ ਮਿਲੀ ਸੀ ਕਿ ਇੱਕ ਨੌਜਵਾਨ ਨੂੰ ਮ੍ਰਿਤਕ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲਿਆ ਅਤੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ। ਪੁਲਿਸ ਮੁਤਾਬਕ ਪਰਿਵਾਰ ਦੀ ਸ਼ਿਕਾਇਤ ਦਰਜ ਕਰ ਲਈ ਗਈ ਹੈ ਅਤੇ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਘਟਨਾ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
Get all latest content delivered to your email a few times a month.