IMG-LOGO
ਹੋਮ ਪੰਜਾਬ, ਰਾਸ਼ਟਰੀ, ਲਖਨਊ ਦੇ ਕੋਚਿੰਗ ਸੈਂਟਰ 'ਚ ਭਿਆਨਕ ਅੱਗ ਦਾ ਕਹਿਰ, 13...

ਲਖਨਊ ਦੇ ਕੋਚਿੰਗ ਸੈਂਟਰ 'ਚ ਭਿਆਨਕ ਅੱਗ ਦਾ ਕਹਿਰ, 13 ਲੋਕਾਂ ਦੀ ਮੌਤ; ਕਈਆਂ ਦੇ ਫਸੇ ਹੋਣ ਦਾ ਖਦਸ਼ਾ

Admin User - Jun 22, 2026 06:22 PM
IMG

ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਅਲੀਗੰਜ ਇਲਾਕੇ ਵਿੱਚ ਸੋਮਵਾਰ ਦੁਪਹਿਰ ਇੱਕ ਤਿੰਨ ਮੰਜ਼ਿਲਾ ਵਪਾਰਕ ਇਮਾਰਤ ਵਿੱਚ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖਮੀ ਹੋਏ ਹਨ। ਇਹ ਇਮਾਰਤ ਕੋਚਿੰਗ ਸੈਂਟਰ, ਕੰਪਿਊਟਰ ਟ੍ਰੇਨਿੰਗ ਸੰਸਥਾ ਅਤੇ ਲਾਇਬ੍ਰੇਰੀ ਵਜੋਂ ਵਰਤੀ ਜਾਂਦੀ ਸੀ, ਜਿੱਥੇ ਅੱਗ ਲੱਗਣ ਸਮੇਂ ਕਈ ਵਿਦਿਆਰਥੀ ਅਤੇ ਕਰਮਚਾਰੀ ਮੌਜੂਦ ਸਨ।

ਅਧਿਕਾਰੀਆਂ ਅਨੁਸਾਰ ਦੁਪਹਿਰ ਕਰੀਬ 3 ਵਜੇ ਊਸ਼ਾ ਮਹਿਤਾ ਮਾਰਗ ਸਥਿਤ ਇਮਾਰਤ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ 14 ਫਾਇਰ ਟੈਂਡਰ ਅਤੇ ਹਾਈਡ੍ਰੌਲਿਕ ਪਲੇਟਫਾਰਮ ਵਾਹਨ ਮੌਕੇ ’ਤੇ ਭੇਜੇ ਗਏ। ਫਾਇਰ ਬ੍ਰਿਗੇਡ ਅਤੇ ਪੁਲਿਸ ਦੀਆਂ ਟੀਮਾਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ, ਪਰ ਇਮਾਰਤ ਵਿੱਚ ਫੈਲੇ ਸੰਘਣੇ ਧੂੰਏਂ ਅਤੇ ਤੇਜ਼ ਲਪਟਾਂ ਕਾਰਨ ਰਾਹਤ ਕਾਰਜਾਂ ਵਿੱਚ ਮੁਸ਼ਕਲਾਂ ਆਈਆਂ।

ਚਸ਼ਮਦੀਦਾਂ ਮੁਤਾਬਕ ਅੱਗ ਲੱਗਣ ਤੋਂ ਬਾਅਦ ਕਈ ਵਿਦਿਆਰਥੀ ਅਤੇ ਨੌਜਵਾਨ ਕਿਸੇ ਤਰ੍ਹਾਂ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਏ, ਜਦਕਿ ਕੁਝ ਲੋਕਾਂ ਨੇ ਆਪਣੀ ਜਾਨ ਬਚਾਉਣ ਲਈ ਉੱਚੀਆਂ ਮੰਜ਼ਿਲਾਂ ਤੋਂ ਛਾਲਾਂ ਵੀ ਮਾਰੀਆਂ। ਇੱਕ ਵਿਅਕਤੀ ਦੇ ਗੰਭੀਰ ਜ਼ਖਮੀ ਹੋਣ ਦੀ ਵੀ ਜਾਣਕਾਰੀ ਮਿਲੀ ਹੈ। ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਅਜੇ ਵੀ ਕਈ ਲੋਕ ਇਮਾਰਤ ਦੇ ਅੰਦਰ ਫਸੇ ਹੋ ਸਕਦੇ ਹਨ, ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ।

ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਨੇ ਘਟਨਾ ਸਥਾਨ ਦਾ ਦੌਰਾ ਕਰਕੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ। ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਮਾਰਤ ਦੀ ਤਲਾਸ਼ੀ ਦਾ ਕੰਮ ਜਾਰੀ ਹੈ ਅਤੇ ਮ੍ਰਿਤਕਾਂ ਦੀ ਗਿਣਤੀ ਵੱਧਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਸੋਸ਼ਲ ਮੀਡੀਆ ’ਤੇ ਸਾਹਮਣੇ ਆ ਰਹੀਆਂ ਕੁਝ ਵੀਡੀਓਜ਼ ਵਿੱਚ ਲੋਕਾਂ ਨੂੰ ਧੂੰਏਂ ਅਤੇ ਅੱਗ ਦੀਆਂ ਲਪਟਾਂ ਵਿਚਕਾਰ ਫਸਿਆ ਹੋਇਆ ਦੇਖਿਆ ਗਿਆ, ਜਦਕਿ ਬਚਾਅ ਕਰਮਚਾਰੀ ਸੁਰੱਖਿਆ ਉਪਕਰਣਾਂ ਨਾਲ ਇਮਾਰਤ ਦੇ ਅੰਦਰ ਪਹੁੰਚਣ ਦੀ ਕੋਸ਼ਿਸ਼ ਕਰਦੇ ਨਜ਼ਰ ਆਏ। ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਪਰ ਸ਼ੁਰੂਆਤੀ ਅਨੁਮਾਨਾਂ ਮੁਤਾਬਕ ਇਹ ਹਾਦਸਾ ਬਿਜਲੀ ਦੀ ਚੰਗਿਆੜੀ ਕਾਰਨ ਵਾਪਰਿਆ ਹੋ ਸਕਦਾ ਹੈ।

ਫਿਲਹਾਲ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ ਅਤੇ ਪ੍ਰਸ਼ਾਸਨ ਵੱਲੋਂ ਸਥਿਤੀ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.