IMG-LOGO
ਹੋਮ ਰਾਸ਼ਟਰੀ, ਅੰਤਰਰਾਸ਼ਟਰੀ, ਅਮਰੀਕਾ ਜਾ ਰਹੇ ਭਾਰਤੀ ਵਿਦਿਆਰਥੀ ਨਾਲ ਹਵਾਈ ਅੱਡੇ 'ਤੇ ਭਾਣਾ...

ਅਮਰੀਕਾ ਜਾ ਰਹੇ ਭਾਰਤੀ ਵਿਦਿਆਰਥੀ ਨਾਲ ਹਵਾਈ ਅੱਡੇ 'ਤੇ ਭਾਣਾ ਵਰਤਿਆ; ਐਮਸਟਰਡਮ 'ਚ ਐਫ-1 ਵੀਜ਼ਾ ਰੱਦ, ਭਾਰਤ ਮੁੜਨ ਲਈ ਕੀਤਾ ਮਜਬੂਰ

Admin User - Jun 24, 2026 10:58 AM
IMG

ਅਮਰੀਕਾ ਵਿੱਚ ਉੱਚ ਸਿੱਖਿਆ ਲੈ ਰਹੇ ਇੱਕ ਭਾਰਤੀ ਵਿਦਿਆਰਥੀ ਨੂੰ ਉਸ ਵੇਲੇ ਭਾਰੀ ਮਾਨਸਿਕ ਪ੍ਰੇਸ਼ਾਨੀ ਅਤੇ ਅਜੀਬੋ-ਗਰੀਬ ਸਥਿਤੀ ਦਾ ਸਾਹਮਣਾ ਕਰਨਾ ਪਿਆ, ਜਦੋਂ ਉਸ ਨੂੰ ਅੱਧਵਾਟੇ ਅਮਰੀਕਾ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਅਤੇ ਉਸਦਾ ਐਫ-1 (F-1) ਸਟੂਡੈਂਟ ਵੀਜ਼ਾ ਅਚਾਨਕ ਰੱਦ ਕਰ ਦਿੱਤਾ ਗਿਆ। ਪੀੜਤ ਵਿਦਿਆਰਥੀ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਹੱਡਬੀਤੀ ਸਾਂਝੀ ਕਰਦਿਆਂ ਦੱਸਿਆ ਕਿ ਉਸ ਦਾ ਵੀਜ਼ਾ ਬਿਨਾਂ ਕਿਸੇ ਠੋਸ ਜਾਂ ਜਾਇਜ਼ ਕਾਰਨ ਦੇ ਰੱਦ ਕੀਤਾ ਗਿਆ ਸੀ, ਜਿਸ ਕਾਰਨ ਉਸ ਨੂੰ ਤੀਜੇ ਦੇਸ਼ ਦੇ ਹਵਾਈ ਅੱਡੇ ਤੋਂ ਹੀ ਵਤਨ ਪਰਤਣਾ ਪਿਆ।


ਪ੍ਰਾਪਤ ਜਾਣਕਾਰੀ ਅਨੁਸਾਰ, ਉਕਤ ਵਿਦਿਆਰਥੀ ਨੇ ਹੈਦਰਾਬਾਦ ਤੋਂ ਅਮਰੀਕਾ ਜਾਣ ਲਈ ਉਡਾਣ ਭਰੀ ਸੀ। ਜਦੋਂ ਉਸ ਦਾ ਜਹਾਜ਼ ਕਨੈਕਟਿੰਗ ਫਲਾਈਟ ਲਈ ਐਮਸਟਰਡਮ (ਨੀਦਰਲੈਂਡ) ਉਤਰਿਆ, ਤਾਂ ਅਮਰੀਕਾ ਦੀ ਅਗਲੀ ਉਡਾਣ ਵਿੱਚ ਸਵਾਰ ਹੋਣ ਵੇਲੇ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਉਸ ਨੂੰ ਰੋਕ ਲਿਆ। ਵਿਦਿਆਰਥੀ ਨੂੰ ਸੂਚਿਤ ਕੀਤਾ ਗਿਆ ਕਿ ਉਸਦਾ ਐਫ-1 ਵੀਜ਼ਾ ਰੱਦ ਹੋ ਚੁੱਕਾ ਹੈ, ਜਿਸ ਕਾਰਨ ਉਸ ਨੂੰ ਅਮਰੀਕਾ ਜਾਣ ਵਾਲੇ ਜਹਾਜ਼ ਵਿੱਚ ਚੜ੍ਹਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇਹ ਸੁਣ ਕੇ ਵਿਦਿਆਰਥੀ ਦੇ ਹੋਸ਼ ਉੱਡ ਗਏ, ਕਿਉਂਕਿ ਉਸ ਮੁਤਾਬਕ ਉਸ ਨੇ ਅਮਰੀਕਾ ਦੇ ਕਿਸੇ ਵੀ ਕਾਨੂੰਨ ਜਾਂ ਨਿਯਮ ਦੀ ਉਲੰਘਣਾ ਨਹੀਂ ਸੀ ਕੀਤੀ।


ਅਮਰੀਕਾ ਜਾਣ ਤੋਂ ਨਾਂਹ ਹੋਣ ਮਗਰੋਂ ਬੇਵੱਸ ਵਿਦਿਆਰਥੀ ਨੂੰ ਐਮਸਟਰਡਮ ਤੋਂ ਹੀ ਭਾਰਤ ਵਾਪਸ ਭੇਜ ਦਿੱਤਾ ਗਿਆ। ਭਾਰਤ ਪਹੁੰਚ ਕੇ ਜਦੋਂ ਉਸ ਨੇ ਅਮਰੀਕਾ ਸਥਿਤ ਆਪਣੀ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਰਾਬਤਾ ਕਾਇਮ ਕੀਤਾ, ਤਾਂ ਉੱਥੋਂ ਪਤਾ ਲੱਗਾ ਕਿ ਉਸ ਦੇ 'ਆਈ-20' (I-20) ਦਸਤਾਵੇਜ਼ ਅਤੇ ਸਰਕਾਰੀ 'ਸੇਵਿਸ' (SEVIS) ਰਿਕਾਰਡ ਪੂਰੀ ਤਰ੍ਹਾਂ ਸਰਗਰਮ ਅਤੇ ਸਹੀ ਸਨ। ਇਸ ਤੋਂ ਬਾਅਦ ਵਿਦਿਆਰਥੀ ਨੇ ਭਾਰਤ ਵਿੱਚ ਮੌਜੂਦ ਅਮਰੀਕੀ ਕੌਂਸਲੇਟ ਤੱਕ ਪਹੁੰਚ ਕੀਤੀ, ਜਿੱਥੇ ਮਾਮਲੇ ਦੀ ਪੜਤਾਲ ਕਰਨ ਤੋਂ ਬਾਅਦ ਉਸ ਦਾ ਵੀਜ਼ਾ ਦੁਬਾਰਾ ਜਾਰੀ ਕਰ ਦਿੱਤਾ ਗਿਆ।


ਅੰਤਰਰਾਸ਼ਟਰੀ ਸਿੱਖਿਆ ਨਿਯਮਾਂ ਮੁਤਾਬਕ, ਅਮਰੀਕਾ ਵਿੱਚ ਪੜ੍ਹਾਈ ਕਰਨ ਜਾਣ ਵਾਲੇ ਗੈਰ-ਪ੍ਰਵਾਸੀ ਵਿਦਿਆਰਥੀਆਂ ਨੂੰ 'ਐਫ-1' ਵੀਜ਼ਾ ਜਾਰੀ ਕੀਤਾ ਜਾਂਦਾ ਹੈ, ਜੋ ਕਿ ਫੁੱਲ-ਟਾਈਮ ਡਿਗਰੀ ਪ੍ਰੋਗਰਾਮਾਂ ਲਈ ਹੁੰਦਾ ਹੈ।


ਇਸ ਦੇ ਨਾਲ ਹੀ, ਸਬੰਧਤ ਅਮਰੀਕੀ ਕਾਲਜ ਵੱਲੋਂ 'ਆਈ-20' ਨਾਮ ਦਾ ਅਹਿਮ ਦਸਤਾਵੇਜ਼ ਦਿੱਤਾ ਜਾਂਦਾ ਹੈ, ਜੋ ਵਿਦਿਆਰਥੀ ਦੇ ਦਾਖਲੇ ਦੀ ਪੁਸ਼ਟੀ ਕਰਦਾ ਹੈ। ਜਦੋਂ ਕਿ 'ਸੇਵਿਸ' (SEVIS) ਇੱਕ ਸਰਕਾਰੀ ਨਿਗਰਾਨੀ ਪ੍ਰਣਾਲੀ ਹੈ, ਜਿਸ ਰਾਹੀਂ ਅਮਰੀਕੀ ਸਰਕਾਰ ਦੇਸ਼ ਵਿੱਚ ਪੜ੍ਹ ਰਹੇ ਵਿਦੇਸ਼ੀ ਵਿਦਿਆਰਥੀਆਂ ਦੇ ਰਿਕਾਰਡ ਨੂੰ ਟਰੈਕ ਅਤੇ ਅਪਡੇਟ ਕਰਦੀ ਹੈ।


ਮਾਹਿਰਾਂ ਮੁਤਾਬਕ, ਵਿਦੇਸ਼ਾਂ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਦੌਰਾਨ ਕਿਸੇ ਵੀ ਅਜਿਹੀ ਗ਼ੈਰ-ਕਾਨੂੰਨੀ ਜਾਂ ਸ਼ੱਕੀ ਗਤੀਵਿਧੀ ਤੋਂ ਦੂਰ ਰਹਿਣਾ ਚਾਹੀਦਾ ਹੈ, ਜਿਸ ਨਾਲ ਉਨ੍ਹਾਂ ਦੇ ਸੇਵਿਸ ਸਕੋਰ ਜਾਂ ਵਿੱਦਿਅਕ ਰਿਕਾਰਡ 'ਤੇ ਕੋਈ ਨਕਾਰਾਤਮਕ ਅਸਰ ਪਵੇ, ਕਿਉਂਕਿ ਮਾਮੂਲੀ ਲਾਪ੍ਰਵਾਹੀ ਵੀ ਵੀਜ਼ਾ ਰੱਦ ਹੋਣ ਦਾ ਕਾਰਨ ਬਣ ਸਕਦੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.