ਤਾਜਾ ਖਬਰਾਂ
ਦਿੱਲੀ ਤੋਂ ਅੰਮ੍ਰਿਤਸਰ ਆ ਰਹੇ ਏਅਰ ਇੰਡੀਆ ਦੇ ਇੱਕ ਹਵਾਈ ਜਹਾਜ਼ ਨਾਲ ਅਸਮਾਨ ਵਿੱਚ ਵੱਡਾ ਭਾਣਾ ਵਰਤਣੋਂ ਬਚ ਗਿਆ। ਤਕਨੀਕੀ ਨੁਕਸ ਪੈਣ ਕਾਰਨ ਇਹ ਜਹਾਜ਼ ਅਚਾਨਕ ਆਪਣੇ ਤੈਅ ਰੂਟ ਤੋਂ ਭਟਕ ਕੇ ਗੁਆਂਢੀ ਦੇਸ਼ ਪਾਕਿਸਤਾਨ ਦੀ ਹਵਾਈ ਸਰਹੱਦ ਅੰਦਰ ਦਾਖਲ ਹੋ ਗਿਆ। ਪਾਕਿਸਤਾਨੀ ਹਵਾਈ ਆਵਾਜਾਈ ਕੰਟਰੋਲ (ATC) ਵੱਲੋਂ ਤੁਰੰਤ ਮਿਲੀ ਚੇਤਾਵਨੀ ਤੋਂ ਬਾਅਦ ਪਾਇਲਟ ਨੇ ਸੂਝ-ਬੂਝ ਦਿਖਾਉਂਦਿਆਂ ਜਹਾਜ਼ ਨੂੰ ਵਾਪਸ ਭਾਰਤੀ ਹਵਾਈ ਖੇਤਰ ਵੱਲ ਮੋੜਿਆ। ਇਸ ਪੂਰੇ ਘਟਨਾਕ੍ਰਮ ਕਾਰਨ ਹਵਾਈ ਅੱਡੇ ਦੇ ਅਧਿਕਾਰੀਆਂ ਅਤੇ ਯਾਤਰੀਆਂ ਦੇ ਸਾਹ ਸੂਤੇ ਗਏ।
ਪ੍ਰਾਪਤ ਵੇਰਵਿਆਂ ਅਨੁਸਾਰ, ਏਅਰ ਇੰਡੀਆ ਦੇ 'ਏਅਰਬੱਸ A321' ਜਹਾਜ਼ ਨੇ ਸੋਮਵਾਰ ਰਾਤ 9:18 ਵਜੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅੰਮ੍ਰਿਤਸਰ ਲਈ ਉਡਾਣ ਭਰੀ ਸੀ। ਸਫ਼ਰ ਦੌਰਾਨ ਜਹਾਜ਼ ਦੇ ਨੈਵੀਗੇਸ਼ਨ ਜਾਂ ਹੋਰ ਤਕਨੀਕੀ ਸਿਸਟਮ ਵਿੱਚ ਅਚਾਨਕ ਨੁਕਸ ਪੈ ਗਿਆ, ਜਿਸ ਕਾਰਨ ਜਹਾਜ਼ ਪਾਕਿਸਤਾਨੀ ਸਰਹੱਦ ਵੱਲ ਚਲਾ ਗਿਆ। ਹਾਲਾਂਕਿ, ਸਮਾਂ ਰਹਿੰਦੇ ਸਥਿਤੀ 'ਤੇ ਕਾਬੂ ਪਾ ਲਿਆ ਗਿਆ ਅਤੇ ਜਹਾਜ਼ ਨੂੰ ਸੁਰੱਖਿਅਤ ਰੂਟ 'ਤੇ ਵਾਪਸ ਲਿਆਂਦਾ ਗਿਆ।
ਇਸ ਖ਼ਤਰਨਾਕ ਸਥਿਤੀ ਤੋਂ ਬਾਅਦ ਜਦੋਂ ਜਹਾਜ਼ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਨ ਲਈ ਪਹੁੰਚਿਆ, ਤਾਂ ਉੱਥੇ ਹਵਾਈ ਅੱਡਾ ਪ੍ਰਸ਼ਾਸਨ ਨੇ ਉਸ ਨੂੰ ਲੈਂਡਿੰਗ ਦੀ ਇਜਾਜ਼ਤ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਅਧਿਕਾਰੀਆਂ ਮੁਤਾਬਕ ਜਹਾਜ਼ ਦੇ ਪਹੁੰਚਣ ਦਾ ਨਿਰਧਾਰਤ ਸਮਾਂ ਪਹਿਲਾਂ ਹੀ ਲੰਘ ਚੁੱਕਾ ਸੀ। ਕੋਈ ਹੋਰ ਚਾਰਾ ਨਾ ਹੋਣ ਕਾਰਨ ਪਾਇਲਟ ਨੂੰ ਜਹਾਜ਼ ਵਾਪਸ ਦਿੱਲੀ ਲਿਜਾਣਾ ਪਿਆ, ਜਿੱਥੇ ਉਸ ਦੀ ਐਮਰਜੈਂਸੀ ਪਰ ਸੁਰੱਖਿਅਤ ਲੈਂਡਿੰਗ ਕਰਵਾਈ ਗਈ।
ਦਿੱਲੀ ਹਵਾਈ ਅੱਡੇ 'ਤੇ ਜਹਾਜ਼ ਦੀ ਜਾਂਚ ਕਰਨ ਅਤੇ ਲਗਭਗ ਦੋ ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਦੁਬਾਰਾ ਉਡਾਣ ਭਰਨ ਦੀ ਤਾਜ਼ਾ ਪ੍ਰਵਾਨਗੀ ਦਿੱਤੀ ਗਈ। ਇਸ ਤੋਂ ਬਾਅਦ ਉਡਾਣ ਨੇ ਦਿੱਲੀ ਤੋਂ ਮੁੜ ਅੰਮ੍ਰਿਤਸਰ ਲਈ ਚਾਲੇ ਪਾਏ ਅਤੇ ਦੇਰ ਰਾਤ (ਸਮਾਂ ਮੰਗਲਵਾਰ ਤੜਕੇ 2:20 ਵਜੇ) ਜਹਾਜ਼ ਅੰਮ੍ਰਿਤਸਰ ਦੇ ਰਨਵੇਅ 'ਤੇ ਸੁਰੱਖਿਅਤ ਉਤਰਿਆ।
ਇਸ ਗੰਭੀਰ ਲਾਪ੍ਰਵਾਹੀ ਅਤੇ ਹਵਾਈ ਹਲਚਲ ਕਾਰਨ ਜਹਾਜ਼ ਵਿੱਚ ਸਵਾਰ ਯਾਤਰੀਆਂ ਨੂੰ ਭਾਰੀ ਮਾਨਸਿਕ ਤਣਾਅ ਅਤੇ ਲਗਭਗ ਚਾਰ ਘੰਟੇ ਦੀ ਦੇਰੀ ਦਾ ਸਾਹਮਣਾ ਕਰਨਾ ਪਿਆ। ਜਿਨ੍ਹਾਂ ਮੁਸਾਫ਼ਰਾਂ ਨੇ ਰਾਤ 10:30 ਵਜੇ ਅੰਮ੍ਰਿਤਸਰ ਉਤਰਨਾ ਸੀ, ਉਹ ਤੜਕਸਾਰ ਆਪਣੀ ਮੰਜ਼ਿਲ 'ਤੇ ਪਹੁੰਚ ਸਕੇ।
ਹਵਾਈ ਅੱਡੇ ਦੇ ਉੱਚ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਮਾਮਲਾ ਬੇਹੱਦ ਸੰਵੇਦਨਸ਼ੀਲ ਹੈ, ਕਿਉਂਕਿ ਇਹ ਦੋਵਾਂ ਦੇਸ਼ਾਂ ਦੀ ਹਵਾਈ ਸਰਹੱਦ ਨਾਲ ਜੁੜਿਆ ਹੋਇਆ ਸੀ। ਫਿਲਹਾਲ ਨਾਗਰਿਕ ਉਡਾਣ ਡਾਇਰੈਕਟੋਰੇਟ (DGCA) ਅਤੇ ਏਅਰਲਾਈਨਜ਼ ਵੱਲੋਂ ਇਸ ਤਕਨੀਕੀ ਖ਼ਰਾਬੀ ਦੇ ਅਸਲ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
Get all latest content delivered to your email a few times a month.