ਤਾਜਾ ਖਬਰਾਂ
ਦੇਸ਼ ਭਰ ਵਿੱਚ ਚੱਲ ਰਹੇ ਨੀਟ (NEET) ਪ੍ਰੀਖਿਆ ਵਿਵਾਦ ਦੀ ਅੱਗ ਅਜੇ ਸ਼ਾਂਤ ਵੀ ਨਹੀਂ ਸੀ ਹੋਈ ਕਿ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿੱਚ ਅਧਿਆਪਕ ਯੋਗਤਾ ਪ੍ਰੀਖਿਆ (TET) 2026 ਦਾ ਪ੍ਰਸ਼ਨ ਪੱਤਰ ਲੀਕ ਹੋਣ ਨਾਲ ਦੇਸ਼ ਦੇ ਸਿੱਖਿਆ ਜਗਤ ਵਿੱਚ ਇੱਕ ਵਾਰ ਫਿਰ ਭੂਚਾਲ ਆ ਗਿਆ ਹੈ। ਪ੍ਰੀਖਿਆ ਸ਼ੁਰੂ ਹੋਣ ਤੋਂ ਮਹਿਜ਼ 24 ਘੰਟੇ ਪਹਿਲਾਂ ਹੋਏ ਇਸ ਖ਼ੁਲਾਸੇ ਤੋਂ ਬਾਅਦ ਮਹਾਰਾਸ਼ਟਰ ਸਟੇਟ ਕੌਂਸਲ ਆਫ਼ ਐਗਜ਼ਾਮੀਨੇਸ਼ਨ (MSCE), ਪੁਣੇ ਨੇ 28 ਜੂਨ (ਐਤਵਾਰ) ਨੂੰ ਹੋਣ ਵਾਲੀ ਇਸ ਪ੍ਰੀਖਿਆ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰਦਿਆਂ ਅਗਲੇ ਨੋਟਿਸ ਤੱਕ ਮੁਲਤਵੀ ਕਰ ਦਿੱਤਾ ਹੈ। ਇਸ ਫੈਸਲੇ ਨਾਲ ਪ੍ਰੀਖਿਆ ਦੀ ਤਿਆਰੀ ਕਰ ਰਹੇ ਸੂਬੇ ਦੇ ਲਗਭਗ 4.28 ਲੱਖ ਉਮੀਦਵਾਰਾਂ ਨੂੰ ਗੰਭੀਰ ਮਾਨਸਿਕ ਠੇਸ ਪਹੁੰਚੀ ਹੈ।
ਪ੍ਰਾਪਤ ਵੇਰਵਿਆਂ ਅਨੁਸਾਰ, ਇਹ ਪ੍ਰੀਖਿਆ ਪੂਰੇ ਮਹਾਰਾਸ਼ਟਰ ਵਿੱਚ 1,028 ਨਿਰਧਾਰਤ ਕੇਂਦਰਾਂ 'ਤੇ ਕਰਵਾਈ ਜਾਣੀ ਸੀ ਅਤੇ ਨੀਟ ਵਿਵਾਦ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਪ੍ਰਬੰਧਾਂ ਦੇ ਦਾਅਵੇ ਕੀਤੇ ਗਏ ਸਨ। ਹਾਲਾਂਕਿ, ਭਿਵੰਡੀ ਪੁਲਿਸ ਨੂੰ ਸ਼ਨੀਵਾਰ ਸਵੇਰੇ ਇੱਕ ਖ਼ੁਫ਼ੀਆ ਸੂਚਨਾ ਮਿਲੀ, ਜਿਸ ਦੇ ਆਧਾਰ 'ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਕੁਝ ਸ਼ੱਕੀ ਵਿਅਕਤੀਆਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ।
ਇਸ ਤਲਾਸ਼ੀ ਦੌਰਾਨ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਕੁਝ ਅਜਿਹੇ ਦਸਤਾਵੇਜ਼ ਮਿਲੇ, ਜਿਨ੍ਹਾਂ ਵਿੱਚ ਦਰਜ ਸਵਾਲ ਐਤਵਾਰ ਨੂੰ ਹੋਣ ਵਾਲੀ ਟੀ.ਈ.ਟੀ. ਪ੍ਰੀਖਿਆ ਦੇ ਪ੍ਰਸ਼ਨ ਪੱਤਰ ਨਾਲ ਹੂ-ਬ-ਹੂ ਮੇਲ ਖਾਂਦੇ ਸਨ। ਸੂਬਾ ਪ੍ਰੀਖਿਆ ਕੌਂਸਲ ਦੇ ਉੱਚ ਅਧਿਕਾਰੀਆਂ ਨੇ ਜਦੋਂ ਮੌਕੇ 'ਤੇ ਪਹੁੰਚ ਕੇ ਇਨ੍ਹਾਂ ਸਵਾਲਾਂ ਦੀ ਅਸਲ ਪ੍ਰਸ਼ਨ ਪੱਤਰ ਨਾਲ ਜਾਂਚ ਕੀਤੀ, ਤਾਂ ਪੇਪਰ ਲੀਕ ਹੋਣ ਦੀ ਪੂਰੀ ਪੁਸ਼ਟੀ ਹੋ ਗਈ। ਇਸ ਸਬੰਧੀ ਭਿਵੰਡੀ ਪੁਲਿਸ ਸਟੇਸ਼ਨ ਵਿੱਚ ਸੰਗੀਨ ਧਾਰਾਵਾਂ ਤਹਿਤ ਐਫ਼.ਆਈ.ਆਰ. (FIR) ਦਰਜ ਕਰ ਲਈ ਗਈ ਹੈ।
ਇਸ ਤਾਜ਼ਾ ਘਟਨਾਕ੍ਰਮ ਨੇ ਇੱਕ ਵਾਰ ਫਿਰ ਸਿੱਖਿਆ ਵਿਭਾਗ ਦੀ ਅੰਦਰੂਨੀ ਕਾਰਜਪ੍ਰਣਾਲੀ 'ਤੇ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਨੀਟ ਪੇਪਰ ਲੀਕ ਦੇ ਪੈਟਰਨ ਵਾਂਗ, ਜਿੱਥੇ ਪੇਪਰ ਤਿਆਰ ਕਰਨ ਅਤੇ ਛਾਪਣ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਅੰਦਰੂਨੀ ਅਧਿਕਾਰੀਆਂ ਦੀ ਭੂਮਿਕਾ ਸ਼ੱਕ ਦੇ ਘੇਰੇ ਵਿੱਚ ਸੀ, ਇਸ ਮਾਮਲੇ ਵਿੱਚ ਵੀ ਬਿਨਾਂ ਕਿਸੇ ਉੱਚ-ਪੱਧਰੀ ਵਿਭਾਗੀ ਮਿਲੀਭੁਗਤ ਦੇ ਕੋਈ ਬਾਹਰੀ ਵਿਅਕਤੀ ਇੰਨੀ ਆਸਾਨੀ ਨਾਲ ਸਿਸਟਮ ਵਿੱਚ ਸੰਨ੍ਹ ਨਹੀਂ ਲਗਾ ਸਕਦਾ। ਦੱਸਣਯੋਗ ਹੈ ਕਿ ਮਹਾਰਾਸ਼ਟਰ ਵਿੱਚ ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਇਸ ਤੋਂ ਪਹਿਲਾਂ ਸਾਲ 2025 ਵਿੱਚ ਵੀ ਕੋਲਹਾਪੁਰ ਵਿਖੇ ਟੀ.ਈ.ਟੀ. ਪੇਪਰ ਲੀਕ ਹੋਣ ਦਾ ਮਾਮਲਾ ਸੁਰਖੀਆਂ ਵਿੱਚ ਰਿਹਾ ਸੀ।
ਮਹਾਰਾਸ਼ਟਰ ਸਟੇਟ ਕੌਂਸਲ ਆਫ਼ ਐਗਜ਼ਾਮੀਨੇਸ਼ਨ ਦੇ ਪ੍ਰਬੰਧਕਾਂ ਨੇ ਮਾਮਲੇ 'ਤੇ ਸਫ਼ਾਈ ਦਿੰਦਿਆਂ ਕਿਹਾ ਕਿ ਪ੍ਰੀਖਿਆਵਾਂ ਨੂੰ ਪੂਰੀ ਤਰ੍ਹਾਂ ਨਿਰਪੱਖ, ਪਾਰਦਰਸ਼ੀ ਅਤੇ ਨਕਲ-ਰਹਿਤ ਤਰੀਕੇ ਨਾਲ ਨੇਪਰੇ ਚਾੜ੍ਹਨਾ ਉਨ੍ਹਾਂ ਦੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਹੈ, ਜਿਸ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਇਸੇ ਕਾਰਨ ਪ੍ਰੀਖਿਆ ਨੂੰ ਮੁਲਤਵੀ ਕਰਨ ਦਾ ਔਖਾ ਫੈਸਲਾ ਲਿਆ ਗਿਆ ਹੈ।
ਕੌਂਸਲ ਨੇ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਗਲੇਰੀ ਜਾਣਕਾਰੀ ਅਤੇ ਪ੍ਰੀਖਿਆ ਦੀਆਂ ਨਵੀਆਂ ਤਾਰੀਖਾਂ ਬਾਰੇ ਅਪਡੇਟਸ ਹਾਸਲ ਕਰਨ ਲਈ ਵਿਭਾਗ ਦੀ ਅਧਿਕਾਰਤ ਵੈੱਬਸਾਈਟ 'ਤੇ ਨਜ਼ਰ ਰੱਖਣ। ਦੂਜੇ ਪਾਸੇ, ਪੁਲਿਸ ਪ੍ਰਸ਼ਾਸਨ ਨੇ ਦਾਅਵਾ ਕੀਤਾ ਹੈ ਕਿ ਲੀਕ ਦੇ ਇਸ ਪੂਰੇ ਰੈਕੇਟ ਅਤੇ ਮਾਸਟਰਮਾਈਂਡ ਦੀ ਪਛਾਣ ਕਰਨ ਲਈ ਛਾਪੇਮਾਰੀ ਜਾਰੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਸਖ਼ਤ ਕਾਨੂੰਨੀ ਸਜ਼ਾ ਦਵਾਈ ਜਾਵੇਗੀ।
Get all latest content delivered to your email a few times a month.