ਤਾਜਾ ਖਬਰਾਂ
ਦੱਖਣੀ ਅਮਰੀਕਾ ਦੇ ਵੈਨੇਜ਼ੁਏਲਾ ਵਿੱਚ 25 ਜੂਨ ਨੂੰ ਆਏ ਵਿਨਾਸ਼ਕਾਰੀ ਭੂਚਾਲਾਂ ਤੋਂ ਬਾਅਦ ਹਾਲਾਤ ਲਗਾਤਾਰ ਗੰਭੀਰ ਬਣੇ ਹੋਏ ਹਨ। ਹੁਣ ਤੱਕ 1,430 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ ਲਾਪਤਾ ਲੋਕਾਂ ਦੀ ਗਿਣਤੀ 68,900 ਤੋਂ ਪਾਰ ਹੋ ਗਈ ਹੈ। ਰਾਹਤ ਅਤੇ ਬਚਾਅ ਟੀਮਾਂ ਮਲਬੇ ਹੇਠ ਫਸੇ ਲੋਕਾਂ ਦੀ ਭਾਲ ਵਿੱਚ ਜੁਟੀਆਂ ਹੋਈਆਂ ਹਨ, ਪਰ ਅਧਿਕਾਰੀਆਂ ਦਾ ਮੰਨਣਾ ਹੈ ਕਿ ਮ੍ਰਿਤਕਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ।
ਇਸ ਦਰਮਿਆਨ ਦੇਸ਼ ਦੇ ਉੱਤਰੀ ਤੱਟੀ ਇਲਾਕਿਆਂ ਵਿੱਚ ਲਗਾਤਾਰ ਆਫਟਰਸ਼ਾਕ ਮਹਿਸੂਸ ਕੀਤੇ ਜਾ ਰਹੇ ਹਨ। ਰਾਜਧਾਨੀ ਕਰਾਕਸ ਅਤੇ ਮਾਰਾਕੇ ਵਿੱਚ ਵੀ 4.9 ਤੀਬਰਤਾ ਦੇ ਭੂਚਾਲ ਦੇ ਝਟਕੇ ਦਰਜ ਕੀਤੇ ਗਏ, ਜਿਸ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ।
ਸਭ ਤੋਂ ਵੱਧ ਤਬਾਹੀ ਲਾ ਗੁਆਇਰਾ ਸੂਬੇ ਵਿੱਚ ਹੋਈ ਹੈ, ਜਿੱਥੇ ਲੋਕ ਆਪਣੇ ਪਰਿਵਾਰਕ ਮੈਂਬਰਾਂ ਅਤੇ ਗੁਆਂਢੀਆਂ ਨੂੰ ਲੱਭਣ ਲਈ ਬੇਲਚਿਆਂ, ਰੱਸੀਆਂ, ਭਾਰੀ ਮਸ਼ੀਨਰੀ ਅਤੇ ਨੰਗੇ ਹੱਥਾਂ ਨਾਲ ਮਲਬਾ ਹਟਾ ਰਹੇ ਹਨ। ਇਸ ਭੂਚਾਲ ਵਿੱਚ 3,360 ਤੋਂ ਵੱਧ ਲੋਕ ਜ਼ਖਮੀ ਹੋਏ ਹਨ, ਜਦਕਿ ਸ਼ਨੀਵਾਰ ਨੂੰ ਕਰੀਬ 250 ਲੋਕਾਂ ਨੂੰ ਜ਼ਿੰਦਾ ਬਚਾਇਆ ਗਿਆ।
ਬਚਾਅ ਟੀਮਾਂ ਅਤੇ ਸਰੋਤਾਂ ਦੀ ਘਾਟ ਕਾਰਨ ਸਥਾਨਕ ਲੋਕ ਹੀ ਰਾਹਤ ਕਾਰਜਾਂ ਵਿੱਚ ਵੱਡੀ ਭੂਮਿਕਾ ਨਿਭਾ ਰਹੇ ਹਨ। ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੋਡਰਿਗਜ਼ ਨੇ ਲੋਕਾਂ ਨੂੰ ਲਾ ਗੁਆਇਰਾ ਵੱਲ ਬਿਨਾਂ ਲੋੜ ਯਾਤਰਾ ਨਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸੜਕਾਂ ਨੂੰ ਖੁੱਲ੍ਹਾ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਜੋ ਪੁਲਿਸ, ਫਾਇਰ ਬ੍ਰਿਗੇਡ ਅਤੇ ਸਿਵਲ ਸੁਰੱਖਿਆ ਦੀਆਂ ਟੀਮਾਂ ਪ੍ਰਭਾਵਿਤ ਇਲਾਕਿਆਂ ਤੱਕ ਤੇਜ਼ੀ ਨਾਲ ਪਹੁੰਚ ਸਕਣ।
ਮੀਡੀਆ ਰਿਪੋਰਟਾਂ ਅਨੁਸਾਰ, ਭੂਚਾਲ ਕਾਰਨ ਕਰਾਕਸ ਅਤੇ ਉੱਤਰੀ ਤੱਟੀ ਖੇਤਰਾਂ ਵਿੱਚ ਸੈਂਕੜੇ ਰਿਹਾਇਸ਼ੀ ਅਤੇ ਵਪਾਰਕ ਇਮਾਰਤਾਂ, ਕਈ ਹਸਪਤਾਲ ਅਤੇ ਸ਼ਾਪਿੰਗ ਸੈਂਟਰ ਢਹਿ ਗਏ ਹਨ। ਇਸ ਤੋਂ ਇਲਾਵਾ ਲਗਭਗ 1,000 ਹੋਰ ਬੁਨਿਆਦੀ ਢਾਂਚਿਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਲਾ ਗੁਆਇਰਾ, ਜਿੱਥੇ ਦੇਸ਼ ਦਾ ਮੁੱਖ ਬੰਦਰਗਾਹ ਅਤੇ ਸਿਮੋਨ ਬੋਲੀਵਰ ਅੰਤਰਰਾਸ਼ਟਰੀ ਹਵਾਈ ਅੱਡਾ ਸਥਿਤ ਹੈ, ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿੱਚ ਸ਼ਾਮਲ ਹੈ। ਇੱਥੇ ਹੁਣ ਤੱਕ 243 ਲੋਕਾਂ ਨੂੰ ਮਲਬੇ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ ਜਾ ਚੁੱਕਾ ਹੈ, ਜਦਕਿ ਬਚਾਅ ਮੁਹਿੰਮ ਲਗਾਤਾਰ ਜਾਰੀ ਹੈ।
Get all latest content delivered to your email a few times a month.