ਤਾਜਾ ਖਬਰਾਂ
ਭਾਰਤ ਵੱਲੋਂ ਗੁਆਂਢੀ ਮੁਲਕ ਭੂਟਾਨ ਨੂੰ ਈਥਾਨੋਲ ਮਿਲਾਵਟ ਵਾਲਾ ਪੈਟਰੋਲ ਸਪਲਾਈ ਕਰਨ ਅਤੇ ਭੂਟਾਨ ਵੱਲੋਂ ਉਸ ਨੂੰ ਨਕਾਰੇ ਜਾਣ ਦੀਆਂ ਚੱਲ ਰਹੀਆਂ ਖ਼ਬਰਾਂ 'ਤੇ ਹੁਣ ਕੇਂਦਰ ਸਰਕਾਰ ਨੇ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਕਰ ਦਿੱਤੀ ਹੈ। ਭਾਰਤੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਇਨ੍ਹਾਂ ਸਾਰੀਆਂ ਰਿਪੋਰਟਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਹੈ ਕਿ ਮੀਡੀਆ ਵਿੱਚ ਭੂਟਾਨ ਨੂੰ ਲੈ ਕੇ ਕੀਤੇ ਜਾ ਰਹੇ ਦਾਅਵੇ ਬਿਲਕੁਲ ਬੇਬੁਨਿਆਦ ਹਨ। ਸਰਕਾਰ ਮੁਤਾਬਕ ਦੋਵਾਂ ਦੇਸ਼ਾਂ ਵਿਚਾਲੇ ਅਜਿਹੇ ਕਿਸੇ ਬਾਲਣ ਦੀ ਸਪਲਾਈ ਨੂੰ ਲੈ ਕੇ ਕੋਈ ਵਿਵਾਦ ਨਹੀਂ ਹੈ।
ਪੈਟਰੋਲੀਅਮ ਮੰਤਰਾਲੇ ਨੇ ਸੋਸ਼ਲ ਮੀਡੀਆ ਪਲੇਟਫਾਰਮ 'X' (ਪਹਿਲਾਂ ਟਵਿੱਟਰ) 'ਤੇ ਇੱਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਲਿਖਿਆ, "ਦੇਸ਼ ਦੀਆਂ ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ (OMCs) ਵੱਲੋਂ ਭੂਟਾਨ ਨੂੰ 20 ਫ਼ੀਸਦੀ ਈਥਾਨੋਲ ਮਿਸ਼ਰਿਤ ਪੈਟਰੋਲ (E20) ਨਿਰਯਾਤ ਕਰਨ ਦਾ ਨਾ ਤਾਂ ਕੋਈ ਪ੍ਰਸਤਾਵ ਤਿਆਰ ਕੀਤਾ ਗਿਆ ਹੈ ਅਤੇ ਨਾ ਹੀ ਅਜਿਹੀ ਕੋਈ ਪੇਸ਼ਕਸ਼ ਗੁਆਂਢੀ ਮੁਲਕ ਅੱਗੇ ਰੱਖੀ ਗਈ ਹੈ।" ਇਸ ਦੇ ਨਾਲ ਹੀ ਮੰਤਰਾਲੇ ਨੇ ਆਮ ਲੋਕਾਂ ਅਤੇ ਮੀਡੀਆ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਅਫ਼ਵਾਹਾਂ 'ਤੇ ਯਕੀਨ ਨਾ ਕਰਨ ਅਤੇ ਸਿਰਫ਼ ਮੰਤਰਾਲੇ ਜਾਂ ਤੇਲ ਕੰਪਨੀਆਂ ਵੱਲੋਂ ਜਾਰੀ ਅਧਿਕਾਰਤ ਅੰਕੜਿਆਂ 'ਤੇ ਹੀ ਭਰੋਸਾ ਰੱਖਣ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕਈ ਕੌਮਾਂਤਰੀ ਅਤੇ ਰਾਸ਼ਟਰੀ ਮੀਡੀਆ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਭੂਟਾਨ ਨੇ ਭਾਰਤ ਸਰਕਾਰ ਦੇ E20 ਪੈਟਰੋਲ ਦੀ ਸਪਲਾਈ ਲੈਣ ਵਾਲੇ ਪ੍ਰਸਤਾਵ ਨੂੰ ਪ੍ਰਵਾਨ ਕਰਨ ਤੋਂ ਨਾਂਹ ਕਰ ਦਿੱਤੀ ਹੈ। ਉਨ੍ਹਾਂ ਰਿਪੋਰਟਾਂ ਵਿੱਚ ਦੱਸਿਆ ਗਿਆ ਸੀ ਕਿ ਭੂਟਾਨ ਨੇ ਆਪਣੇ ਪਹਾੜੀ ਭੂਗੋਲਿਕ ਖੇਤਰ ਦਾ ਹਵਾਲਾ ਦਿੰਦੇ ਹੋਏ ਈਥਾਨੋਲ ਵਾਲੇ ਬਾਲਣ ਨੂੰ ਆਪਣੇ ਵਾਹਨਾਂ ਲਈ ਅਣਢੁਕਵਾਂ ਮੰਨਿਆ ਹੈ। ਪਰ ਹੁਣ ਭਾਰਤ ਸਰਕਾਰ ਦੇ ਤਾਜ਼ਾ ਬਿਆਨ ਨੇ ਇਨ੍ਹਾਂ ਸਾਰੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ।
ਇਸ ਤੋਂ ਪਹਿਲਾਂ, ਗੁਆਂਢੀ ਮੁਲਕ ਦੇ ਪ੍ਰਮੁੱਖ ਅਖ਼ਬਾਰ 'ਦਿ ਭੂਟਾਨੀਜ਼' ਨੇ ਆਪਣੀ ਇੱਕ ਰਿਪੋਰਟ ਵਿੱਚ ਮਾਹਰਾਂ ਦੇ ਹਵਾਲੇ ਨਾਲ ਲਿਖਿਆ ਸੀ ਕਿ ਭੂਟਾਨ ਨੇ ਭਾਰਤ ਨੂੰ ਸਿਰਫ਼ ਪੁਰਾਣਾ ਯਾਨੀ ਨਿਯਮਤ (ਸਾਫ਼) ਪੈਟਰੋਲ ਹੀ ਭੇਜਦੇ ਰਹਿਣ ਦੀ ਗੁਜ਼ਾਰਿਸ਼ ਕੀਤੀ ਹੈ। ਰਿਪੋਰਟ ਵਿੱਚ ਤਕਨੀਕੀ ਤਰਕ ਦਿੱਤਾ ਗਿਆ ਸੀ ਕਿ ਈਥਾਨੋਲ ਵਿੱਚ ਹਵਾ ਦੀ ਨਮੀ ਨੂੰ ਬਹੁਤ ਤੇਜ਼ੀ ਨਾਲ ਸੋਖਣ ਦੀ ਸਮਰੱਥਾ ਹੁੰਦੀ ਹੈ। ਅਜਿਹੇ ਵਿੱਚ ਭੂਟਾਨ ਦੇ ਪੁਰਾਣੇ ਹੋ ਰਹੇ ਬਾਲਣ ਸਟੋਰੇਜ ਟੈਂਕਾਂ ਵਿੱਚ ਪਾਣੀ ਦੇ ਰਿਸਣ (Water Seepage) ਦਾ ਖ਼ਤਰਾ ਬਣਿਆ ਰਹਿੰਦਾ ਹੈ, ਜੋ ਪੈਟਰੋਲ ਦੀ ਗੁਣਵੱਤਾ ਨੂੰ ਖ਼ਰਾਬ ਕਰ ਸਕਦਾ ਹੈ। ਹਾਲਾਂਕਿ ਭਾਰਤ ਸਰਕਾਰ ਦੇ ਸਪੱਸ਼ਟੀਕਰਨ ਤੋਂ ਬਾਅਦ ਹੁਣ ਇਸ ਮਾਮਲੇ 'ਤੇ ਲੱਗੇ ਸਿਆਸੀ ਅਤੇ ਆਰਥਿਕ ਕਿਆਸਾਂ 'ਤੇ ਪੂਰੀ ਤਰ੍ਹਾਂ ਵਿਰਾਮ ਲੱਗ ਗਿਆ ਹੈ।
Get all latest content delivered to your email a few times a month.