ਤਾਜਾ ਖਬਰਾਂ
ਪਹਿਲੇ ਵਿਸ਼ਵ ਯੁੱਧ ਦੌਰਾਨ ਬ੍ਰਿਟਿਸ਼ ਭਾਰਤੀ ਫੌਜ ਵਿੱਚ ਸੇਵਾ ਨਿਭਾਉਂਦੇ ਹੋਏ ਸ਼ਹੀਦ ਹੋਏ 9,909 ਪੰਜਾਬੀ ਸੈਨਿਕਾਂ ਨੂੰ ਇੱਕ ਸਦੀ ਤੋਂ ਵੱਧ ਸਮੇਂ ਬਾਅਦ ਆਖਿਰਕਾਰ ਉਹ ਮਾਣ ਅਤੇ ਪਛਾਣ ਮਿਲ ਗਈ ਹੈ, ਜਿਸ ਦੇ ਉਹ ਹੱਕਦਾਰ ਸਨ। ਰਾਸ਼ਟਰਮੰਡਲ ਯੁੱਧ ਕਬਰ ਕਮਿਸ਼ਨ (CWGC) ਨੇ ਆਪਣੇ ਇਤਿਹਾਸ ਦੇ ਸਭ ਤੋਂ ਵੱਡੇ ਰਿਕਾਰਡ ਸੁਧਾਰਾਂ ਵਿੱਚੋਂ ਇੱਕ ਕਰਦਿਆਂ ਇਨ੍ਹਾਂ ਸੈਨਿਕਾਂ ਦੇ ਨਾਮ ਅਧਿਕਾਰਕ ਯੁੱਧ ਰਿਕਾਰਡਾਂ ਵਿੱਚ ਸ਼ਾਮਲ ਕਰ ਦਿੱਤੇ ਹਨ। ਇਸ ਨਾਲ ਉਹ ਇਤਿਹਾਸਕ ਗਲਤੀ ਠੀਕ ਹੋਈ ਹੈ, ਜਿਸ ਕਾਰਨ ਇਹ ਸੈਨਿਕ ਦਹਾਕਿਆਂ ਤੱਕ ਸਰਕਾਰੀ ਸ਼ਰਧਾਂਜਲੀ ਤੋਂ ਵਾਂਝੇ ਰਹੇ।
ਇਹ ਇਤਿਹਾਸਕ ਉਪਲਬਧੀ ਪੰਜਾਬ ਰਜਿਸਟਰ ਪ੍ਰੋਜੈਕਟ ਰਾਹੀਂ ਸੰਭਵ ਹੋਈ, ਜੋ CWGC, ਯੂਕੇ ਪੰਜਾਬ ਹੈਰੀਟੇਜ ਐਸੋਸੀਏਸ਼ਨ (UKPHA) ਅਤੇ ਗ੍ਰੀਨਵਿਚ ਯੂਨੀਵਰਸਿਟੀ ਵਿਚਕਾਰ ਪੰਜ ਸਾਲਾਂ ਦੀ ਸਾਂਝੀ ਖੋਜ ਦਾ ਨਤੀਜਾ ਹੈ। ਇਸ ਦੌਰਾਨ ਲਾਹੌਰ ਅਜਾਇਬ ਘਰ ਵਿੱਚ ਸੰਭਾਲ ਕੇ ਰੱਖੇ ਲਗਭਗ 3.2 ਲੱਖ ਪੰਜਾਬੀ ਭਰਤੀ ਸੈਨਿਕਾਂ ਦੇ ਦੁਰਲੱਭ ਰਿਕਾਰਡਾਂ ਨੂੰ ਡਿਜ਼ੀਟਾਈਜ਼ ਕਰਕੇ ਵਿਸਥਾਰ ਨਾਲ ਜਾਂਚਿਆ ਗਿਆ।
ਖੋਜ ਦੌਰਾਨ ਪਤਾ ਲੱਗਿਆ ਕਿ ਪਹਿਲੇ ਵਿਸ਼ਵ ਯੁੱਧ ਦੌਰਾਨ ਭਾਰਤ ਦੇ ਅੰਦਰ ਗੈਰ-ਕਾਰਜਸ਼ੀਲ ਖੇਤਰਾਂ ਵਿੱਚ ਮਰਨ ਵਾਲੇ ਕਈ ਸੈਨਿਕਾਂ ਨੂੰ ਉਸ ਵੇਲੇ ਬ੍ਰਿਟਿਸ਼ ਭਾਰਤੀ ਸਰਕਾਰ ਦੇ ਫ਼ੈਸਲੇ ਕਾਰਨ "ਜੰਗੀ ਮ੍ਰਿਤਕ" ਦਾ ਦਰਜਾ ਨਹੀਂ ਮਿਲਿਆ ਸੀ। ਇਸ ਕਾਰਨ ਉਨ੍ਹਾਂ ਦੇ ਨਾਮ CWGC ਦੇ ਰਿਕਾਰਡਾਂ ਵਿੱਚ ਕਦੇ ਸ਼ਾਮਲ ਹੀ ਨਹੀਂ ਕੀਤੇ ਗਏ। ਹੁਣ ਇਸ ਪ੍ਰੋਜੈਕਟ ਨੇ ਉਹ ਗਲਤੀ ਸੁਧਾਰਦਿਆਂ 9,909 ਸੈਨਿਕਾਂ ਦੀ ਪਛਾਣ ਨੂੰ ਮੁੜ ਬਹਾਲ ਕੀਤਾ ਹੈ।
ਇਸ ਖੋਜ ਨਾਲ ਕਈ ਪਰਿਵਾਰਾਂ ਨੂੰ ਆਪਣੇ ਪੂਰਵਜਾਂ ਬਾਰੇ ਸੱਚਾਈ ਜਾਣਨ ਦਾ ਮੌਕਾ ਵੀ ਮਿਲਿਆ। ਲੈਸਟਰ ਦੇ ਡਾ. ਇੰਦਰ ਸਿੰਘ ਪਲਾਹੇ ਨੇ ਕਿਹਾ ਕਿ ਉਨ੍ਹਾਂ ਦੇ ਪੜਦਾਦਾ ਕੇਸਰ ਸਿੰਘ ਜੰਗ ਵਿੱਚ ਸ਼ਹੀਦ ਹੋ ਗਏ ਸਨ, ਪਰ ਉਨ੍ਹਾਂ ਦੀ ਕੁਰਬਾਨੀ ਨੂੰ ਕਦੇ ਅਧਿਕਾਰਕ ਮਾਨਤਾ ਨਹੀਂ ਮਿਲੀ। ਹੁਣ ਉਨ੍ਹਾਂ ਦਾ ਨਾਮ ਹਮੇਸ਼ਾ ਲਈ ਵਿਸ਼ਵ ਯੁੱਧ ਦੇ ਇਤਿਹਾਸ ਵਿੱਚ ਦਰਜ ਹੋ ਗਿਆ ਹੈ, ਜੋ ਪੂਰੇ ਪਰਿਵਾਰ ਲਈ ਮਾਣ ਦੀ ਗੱਲ ਹੈ।
ਇਸੇ ਤਰ੍ਹਾਂ ਇੰਗਲੈਂਡ ਦੀ ਪਹਿਲੀ ਸਿੱਖ ਮਹਿਲਾ ਰਗਬੀ ਖਿਡਾਰਨ ਮਨਜਿੰਦਰ ਨਾਗਰਾ ਨੇ ਦੱਸਿਆ ਕਿ ਉਨ੍ਹਾਂ ਦੇ ਪੜਦਾਦਾ ਜਗਤ ਸਿੰਘ ਨੂੰ ਵੀ ਹੁਣ ਇੱਕ ਸਦੀ ਬਾਅਦ CWGC ਵੱਲੋਂ ਅਧਿਕਾਰਕ ਤੌਰ 'ਤੇ ਮਾਨਤਾ ਮਿਲੀ ਹੈ। ਉਨ੍ਹਾਂ ਇਸ ਨੂੰ ਆਪਣੇ ਪਰਿਵਾਰ ਲਈ ਬਹੁਤ ਭਾਵੁਕ ਅਤੇ ਇਤਿਹਾਸਕ ਪਲ ਕਰਾਰ ਦਿੱਤਾ।
CWGC ਦੀ ਡਾਇਰੈਕਟਰ ਜਨਰਲ ਕਲੇਅਰ ਹੌਰਟਨ ਨੇ ਕਿਹਾ ਕਿ ਹਰ ਉਸ ਵਿਅਕਤੀ ਨੂੰ ਯਾਦ ਕਰਨਾ, ਜਿਸ ਨੇ ਕਾਮਨਵੈਲਥ ਦੀ ਸੇਵਾ ਕਰਦਿਆਂ ਆਪਣੀ ਜਾਨ ਨਿਛਾਵਰ ਕੀਤੀ, ਕਮਿਸ਼ਨ ਦਾ ਮੁੱਖ ਮਿਸ਼ਨ ਹੈ। ਉਨ੍ਹਾਂ ਕਿਹਾ ਕਿ ਇਹ 9,909 ਨਾਮ ਸਿਰਫ਼ ਅੰਕੜੇ ਨਹੀਂ, ਸਗੋਂ ਹਜ਼ਾਰਾਂ ਪਰਿਵਾਰਾਂ ਦੀਆਂ ਅਧੂਰੀਆਂ ਕਹਾਣੀਆਂ ਹਨ, ਜਿਨ੍ਹਾਂ ਨੂੰ ਹੁਣ ਇਨਸਾਫ਼ ਮਿਲਿਆ ਹੈ।
ਯੂਕੇ ਪੰਜਾਬ ਹੈਰੀਟੇਜ ਐਸੋਸੀਏਸ਼ਨ ਦੇ ਚੇਅਰਮੈਨ ਅਮਨਦੀਪ ਮਦਰਾ ਨੇ ਕਿਹਾ ਕਿ ਇਹ ਪ੍ਰੋਜੈਕਟ ਸਿਰਫ਼ ਇਤਿਹਾਸ ਨੂੰ ਦਰੁਸਤ ਕਰਨ ਦੀ ਕੋਸ਼ਿਸ਼ ਨਹੀਂ, ਸਗੋਂ ਉਨ੍ਹਾਂ ਸੈਨਿਕਾਂ ਨੂੰ ਉਹ ਸਨਮਾਨ ਵਾਪਸ ਦੇਣ ਦਾ ਯਤਨ ਹੈ, ਜੋ ਇੱਕ ਸਦੀ ਪਹਿਲਾਂ ਪ੍ਰਸ਼ਾਸਨਿਕ ਫ਼ੈਸਲਿਆਂ ਕਾਰਨ ਭੁਲਾ ਦਿੱਤੇ ਗਏ ਸਨ।
ਜ਼ਿਕਰਯੋਗ ਹੈ ਕਿ ਪਹਿਲੇ ਵਿਸ਼ਵ ਯੁੱਧ ਦੌਰਾਨ 14 ਲੱਖ ਤੋਂ ਵੱਧ ਭਾਰਤੀ ਸੈਨਿਕਾਂ ਨੇ ਸੇਵਾ ਨਿਭਾਈ ਸੀ, ਜਿਨ੍ਹਾਂ ਵਿੱਚ ਕਰੀਬ ਪੰਜ ਲੱਖ ਪੰਜਾਬ ਤੋਂ ਸਨ। ਹੁਣ ਪੰਜਾਬ ਰਜਿਸਟਰ ਪ੍ਰੋਜੈਕਟ ਰਾਹੀਂ ਇਨ੍ਹਾਂ ਵਿੱਚੋਂ ਹਜ਼ਾਰਾਂ ਭੁੱਲੇ-ਵਿਸਰੇ ਸੈਨਿਕਾਂ ਦੀ ਕੁਰਬਾਨੀ ਨੂੰ ਮੁੜ ਇਤਿਹਾਸ ਵਿੱਚ ਸਥਾਨ ਮਿਲਿਆ ਹੈ। CWGC ਨੇ ਇਹ ਵੀ ਐਲਾਨ ਕੀਤਾ ਹੈ ਕਿ ਇਹ ਨਵੇਂ ਰਿਕਾਰਡ ਹੁਣ ਜਨਤਾ ਲਈ ਆਨਲਾਈਨ ਉਪਲਬਧ ਹਨ, ਤਾਂ ਜੋ ਪਰਿਵਾਰ ਆਪਣੇ ਪੂਰਵਜਾਂ ਦੀ ਜਾਣਕਾਰੀ ਹਾਸਲ ਕਰ ਸਕਣ ਅਤੇ ਉਨ੍ਹਾਂ ਦੀ ਵਿਰਾਸਤ ਨੂੰ ਅੱਗੇ ਵਧਾ ਸਕਣ।
Get all latest content delivered to your email a few times a month.