IMG-LOGO
ਹੋਮ ਪੰਜਾਬ, ਰਾਸ਼ਟਰੀ, ਕੇਜਰੀਵਾਲ ਦੀ ਦੇਸ਼ ਦੀਆਂ 29 ਆਟੋ ਮੇਕਰ ਕੰਪਨੀਆਂ ਨੂੰ ਚਿੱਠੀ,...

ਕੇਜਰੀਵਾਲ ਦੀ ਦੇਸ਼ ਦੀਆਂ 29 ਆਟੋ ਮੇਕਰ ਕੰਪਨੀਆਂ ਨੂੰ ਚਿੱਠੀ, ‘‘ਕੀ ਪੁਰਾਣੀਆਂ ਗੱਡੀਆਂ ਵਿੱਚ ਈ-20 ਦੀ ਵਰਤੋਂ ਸੁਰੱਖਿਅਤ ਹੈ?

Admin User - Jul 08, 2026 11:47 PM
IMG

ਨਵੀਂ ਦਿੱਲੀ, 8 ਜੁਲਾਈ -

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦੇਸ਼ ਦੀਆਂ 29 ਆਟੋ ਨਿਰਮਾਤਾ ਕੰਪਨੀਆਂ ਨੂੰ ਚਿੱਠੀ ਲਿਖ ਕੇ ਇੱਕ ਹਫ਼ਤੇ ਵਿੱਚ ਸਪੱਸ਼ਟ ਕਰਨ ਦੀ ਮੰਗ ਕੀਤੀ ਹੈ ਕਿ ਕੀ ਪੁਰਾਣੀਆਂ ਗੱਡੀਆਂ ਵਿੱਚ ਈ-20 (20 ਫ਼ੀਸਦੀ ਐਥੇਨੌਲ ਬਲੈਂਡਡ ਪੈਟਰੋਲ) ਦੀ ਵਰਤੋਂ ਸੁਰੱਖਿਅਤ ਹੈ? ਉਨ੍ਹਾਂ ਨੇ ਸਰਕਾਰੀ ਪ੍ਰੈਸ ਕਾਨਫਰੰਸ ਵਿੱਚ ਪੁਰਾਣੀਆਂ ਗੱਡੀਆਂ ਵਿੱਚ ਈ-20 ਦੀ ਵਰਤੋਂ ਸੁਰੱਖਿਅਤ ਹੋਣ ਦਾ ਦਾਅਵਾ ਕਰਨ ਵਾਲੀ ਟੋਇਟਾ, ਹੀਰੋ ਅਤੇ ਮਾਰੂਤੀ ਨੂੰ ਵੱਖਰੀ ਚਿੱਠੀ ਲਿਖੀ ਹੈ। ਇਸ ਵਿੱਚ ਉਨ੍ਹਾਂ ਨੇ ਪੁੱਛਿਆ ਹੈ ਕਿ ਤੁਹਾਡਾ ਓਨਰ ਮੈਨੂਅਲ ਤਾਂ ਪੁਰਾਣੀਆਂ ਗੱਡੀਆਂ ਵਿੱਚ ਕਿਸੇ ਵੀ ਹਾਲਤ ਵਿੱਚ 10 ਫ਼ੀਸਦੀ ਐਥੇਨੌਲ ਬਲੈਂਡਡ ਪੈਟਰੋਲ ਦੀ ਇਜਾਜ਼ਤ ਨਹੀਂ ਦਿੰਦਾ। ਅਜਿਹੇ ਵਿੱਚ ਤਿੰਨੋਂ ਕੰਪਨੀਆਂ ਦੇਸ਼ ਨੂੰ ਲਿਖਤੀ ਰੂਪ ਵਿੱਚ ਦੱਸਣ ਕਿ ਕੀ ਪੁਰਾਣੀਆਂ ਗੱਡੀਆਂ ਵਿੱਚ ਈ-20 ਸੁਰੱਖਿਅਤ ਹੈ ਅਤੇ ਕੀ ਮਾਈਲੇਜ ਸਿਰਫ਼ 4-5 ਫ਼ੀਸਦੀ ਹੀ ਘੱਟ ਹੁੰਦੀ ਹੈ। ਨਾਲ ਹੀ, ਕੀ ਗੱਡੀ ਦੀ ਮਾਈਲੇਜ 5-10 ਫ਼ੀਸਦੀ ਤੋਂ ਜ਼ਿਆਦਾ ਘੱਟ ਹੋਈ ਜਾਂ ਕੋਈ ਪੁਰਜਾ ਖ਼ਰਾਬ ਹੋਇਆ ਤਾਂ ਤਿੰਨੋਂ ਕੰਪਨੀਆਂ ਖਪਤਕਾਰ ਨੂੰ ਹਰਜਾਨਾ ਦੇਣਗੀਆਂ?


ਅਰਵਿੰਦ ਕੇਜਰੀਵਾਲ ਨੇ ਦੂਜੀ ਚਿੱਠੀ 26 ਹੋਰ ਕੰਪਨੀਆਂ ਨੂੰ ਲਿਖੀ ਹੈ ਅਤੇ ਉਨ੍ਹਾਂ ਨੂੰ ਸਾਫ਼ ਕਰਨ ਲਈ ਕਿਹਾ ਹੈ ਕਿ ਕੀ ਤੁਹਾਡੀਆਂ ਪੁਰਾਣੀਆਂ ਗੱਡੀਆਂ ਵਿੱਚ ਈ-20 ਦੀ ਵਰਤੋਂ ਸੰਭਵ ਹੈ? ਇਸ ਦੀ ਵਰਤੋਂ ਨਾਲ ਗੱਡੀ ਦੀ ਕਿੰਨੀ ਮਾਈਲੇਜ ਘਟੇਗੀ ਅਤੇ ਕਿੰਨਾ ਨੁਕਸਾਨ ਹੋਵੇਗਾ? ਕੀ ਕਿਸੇ ਗੱਡੀ ਦੀ ਮਾਈਲੇਜ ਘਟਣ ਜਾਂ ਕੋਈ ਪੁਰਜਾ ਖ਼ਰਾਬ ਹੋਣ 'ਤੇ ਆਟੋ ਕੰਪਨੀਆਂ ਖਪਤਕਾਰ ਨੂੰ ਮੁਆਵਜ਼ਾ ਦੇਣਗੀਆਂ? ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵੀਰਵਾਰ ਨੂੰ ਮੈਂ ਈ-20 ਪੈਟਰੋਲ ਬਾਰੇ ਖਪਤਕਾਰਾਂ ਦੀ ਰਾਏ ਜਾਣਨ ਲਈ ਕੁਝ ਪੈਟਰੋਲ ਪੰਪਾਂ, ਸਰਵਿਸ ਸੈਂਟਰਾਂ ਅਤੇ ਮਕੈਨਿਕਾਂ ਕੋਲ ਜਾਵਾਂਗਾ।


ਬੁੱਧਵਾਰ ਨੂੰ ਆਪ ਮੁੱਖ ਦਫ਼ਤਰ ਵਿਖੇ ਪਾਰਟੀ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਨਾਲ ਪ੍ਰੈਸ ਕਾਨਫਰੰਸ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੰਗਲਵਾਰ ਨੂੰ ਮੈਂ ਕਿਹਾ ਸੀ ਕਿ ਦੇਸ਼ ਦੀਆਂ ਸਾਰੀਆਂ ਪੈਟਰੋਲ ਅਧਾਰਤ ਟੂ-ਵ੍ਹੀਲਰ ਅਤੇ ਫੋਰ-ਵ੍ਹੀਲਰ ਬਣਾਉਣ ਵਾਲੀਆਂ ਆਟੋ ਮੈਨੂਫੈਕਚਰਰ ਕੰਪਨੀਆਂ ਨੂੰ ਮੈਂ ਚਿੱਠੀ ਲਿਖ ਕੇ ਬੋਲਾਂਗਾ ਕਿ ਉਹ ਆਪਣਾ ਸਟੈਂਡ ਕਲੀਅਰ ਕਰਨ ਕਿ ਕੀ ਉਨ੍ਹਾਂ ਦੀਆਂ ਪੁਰਾਣੀਆਂ ਗੱਡੀਆਂ ਵਿੱਚ ਈ-20 ਦੀ ਵਰਤੋਂ ਕੀਤੀ ਜਾ ਸਕਦੀ ਹੈ? ਬੁੱਧਵਾਰ ਨੂੰ ਮੈਂ 29 ਆਟੋ ਮੈਨੂਫੈਕਚਰਰ ਕੰਪਨੀਆਂ ਨੂੰ ਚਿੱਠੀ ਲਿਖ ਰਿਹਾ ਹਾਂ।


ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 29 ਵਿੱਚੋਂ ਤਿੰਨ ਕੰਪਨੀਆਂ ਨੂੰ ਵੱਖਰੀ ਚਿੱਠੀ ਲਿਖੀ ਹੈ ਅਤੇ ਬਾਕੀ 26 ਕੰਪਨੀਆਂ ਨੂੰ ਵੱਖਰੀ ਲਿਖੀ ਹੈ। ਇਹ ਤਿੰਨ ਕੰਪਨੀਆਂ ਮਾਰੂਤੀ, ਟੋਇਟਾ ਕਿਰਲੋਸਕਰ ਅਤੇ ਹੀਰੋ ਹਨ, ਜਿਨ੍ਹਾਂ ਨੇ 4 ਜੁਲਾਈ ਨੂੰ ਸਰਕਾਰੀ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ ਕਿ ਜੇਕਰ ਪੁਰਾਣੀਆਂ ਗੱਡੀਆਂ ਵਿੱਚ ਈ-20 ਦੀ ਵਰਤੋਂ ਕੀਤੀ ਜਾਵੇ, ਤਾਂ ਇਹ ਸੁਰੱਖਿਅਤ ਹੈ। ਸਿਰਫ਼ ਗੱਡੀ ਦੀ ਥੋੜ੍ਹੀ ਜਿਹੀ ਮਾਈਲੇਜ ਘਟਦੀ ਹੈ, ਤਿੰਨ-ਚਾਰ ਜਾਂ 5 ਫ਼ੀਸਦੀ, ਪਰ ਗੱਡੀ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਇਸ ਲਈ ਇਹਨਾਂ ਕੰਪਨੀਆਂ ਨੂੰ ਵੱਖਰੇ ਤੌਰ 'ਤੇ ਚਿੱਠੀ ਲਿਖੀ ਗਈ ਹੈ।


ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਟੋਇਟਾ, ਮਾਰੂਤੀ ਅਤੇ ਹੀਰੋ ਨੂੰ ਲਿਖੀ ਚਿੱਠੀ ਵਿੱਚ ਕਿਹਾ ਹੈ ਕਿ ਤੁਸੀਂ 4 ਜੁਲਾਈ ਨੂੰ ਸਰਕਾਰੀ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ ਕਿ ਪੁਰਾਣੀਆਂ ਗੱਡੀਆਂ ਵਿੱਚ ਈ-20 ਦੀ ਵਰਤੋਂ ਕੀਤੀ ਜਾ ਸਕਦੀ ਹੈ, 4-5 ਫ਼ੀਸਦੀ ਮਾਈਲੇਜ ਘੱਟ ਹੁੰਦੀ ਹੈ, ਪਰ ਗੱਡੀ ਨੂੰ ਨੁਕਸਾਨ ਨਹੀਂ ਹੁੰਦਾ। ਪਰ ਤੁਹਾਡਾ ਓਨਰ ਮੈਨੂਅਲ ਕਹਿੰਦਾ ਹੈ ਕਿ ਕਿਸੇ ਵੀ ਹਾਲਤ ਵਿੱਚ 2023 ਤੋਂ ਪਹਿਲਾਂ ਬਣੀਆਂ ਪੁਰਾਣੀਆਂ ਗੱਡੀਆਂ ਵਿੱਚ 10 ਫ਼ੀਸਦੀ ਤੋਂ ਜ਼ਿਆਦਾ ਐਥੇਨੌਲ ਬਲੈਂਡਡ ਪੈਟਰੋਲ ਦੀ ਵਰਤੋਂ ਨਹੀਂ ਹੋਣੀ ਚਾਹੀਦੀ। ਇਹਨਾਂ ਦੋਵਾਂ ਸਥਿਤੀਆਂ ਵਿੱਚ ਆਪਸੀ ਵਿਰੋਧਾਭਾਸ ਹੈ। ਇਹਨਾਂ ਕੰਪਨੀਆਂ ਵੱਲੋਂ ਜਾਰੀ ਓਨਰ ਮੈਨੂਅਲ, ਜੋ ਕਿ ਖਪਤਕਾਰ ਅਤੇ ਕੰਪਨੀ ਵਿਚਕਾਰ ਇੱਕ ਸਮਝੌਤਾ ਹੁੰਦਾ ਹੈ, ਉਹ ਕੁਝ ਹੋਰ ਕਹਿੰਦਾ ਹੈ ਅਤੇ ਕੰਪਨੀਆਂ ਦੇ ਨੁਮਾਇੰਦੇ ਸਰਕਾਰੀ ਪ੍ਰੈਸ ਕਾਨਫਰੰਸ ਵਿੱਚ ਜਾ ਕੇ ਕੁਝ ਹੋਰ ਕਹਿੰਦੇ ਹਨ।


ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਕੋਈ ਮਾਮੂਲੀ ਭੁੱਲ ਜਾਂ ਅਸੰਗਤੀ ਨਹੀਂ ਹੈ। ਇਹਨਾਂ ਕੰਪਨੀਆਂ ਦੀ ਅਸਲ ਸਥਿਤੀ ਕੀ ਹੈ, ਉਹ ਇਸ ਨੂੰ ਲਿਖਤੀ ਰੂਪ ਵਿੱਚ ਦੇਸ਼ ਦੇ ਸਾਹਮਣੇ ਜਨਤਕ ਕਰਨ। ਚਿੱਠੀ ਮਿਲਣ ਦੇ ਇੱਕ ਹਫ਼ਤੇ ਦੇ ਅੰਦਰ ਇਹ ਕੰਪਨੀਆਂ ਸਪੱਸ਼ਟ ਜਵਾਬ ਦੇਣ ਕਿ ਕੀ ਪੁਰਾਣੀਆਂ ਗੱਡੀਆਂ ਵਿੱਚ ਈ-20 ਪੈਟਰੋਲ ਵਰਤਿਆ ਜਾ ਸਕਦਾ ਹੈ? ਕੀ ਉਸ ਕਾਰਨ ਸਿਰਫ਼ 4-5 ਫ਼ੀਸਦੀ ਹੀ ਮਾਈਲੇਜ ਘੱਟ ਹੁੰਦੀ ਹੈ ਅਤੇ ਕੀ ਉਸ ਕਰਕੇ ਗੱਡੀ ਨੂੰ ਕੋਈ ਨੁਕਸਾਨ ਨਹੀਂ ਹੁੰਦਾ? ਜੇਕਰ ਅਜਿਹਾ ਹੈ ਤਾਂ ਉਹਨਾਂ ਨੂੰ ਦੋ ਸਵਾਲ ਪੁੱਛੇ ਗਏ ਹਨ ਕਿ ਜੇਕਰ ਕਿਸੇ ਦੀ 5 ਤੋਂ 10 ਫ਼ੀਸਦੀ ਤੋਂ ਜ਼ਿਆਦਾ ਮਾਈਲੇਜ ਘੱਟ ਹੋਈ, ਤਾਂ ਕੀ ਉਹ ਉਸ ਖਪਤਕਾਰ ਨੂੰ ਮੁਆਵਜ਼ਾ ਦੇਣਗੇ? ਜੇਕਰ ਈ-20 ਵਰਤਣ ਨਾਲ ਕਿਸੇ ਪੁਰਜੇ ਨੂੰ ਨੁਕਸਾਨ ਹੋਇਆ, ਤਾਂ ਕੀ ਉਸ ਖਪਤਕਾਰ ਨੂੰ ਪੁਰਜੇ ਦਾ ਹਰਜਾਨਾ ਦਿੱਤਾ ਜਾਵੇਗਾ?


ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 26 ਹੋਰ ਕੰਪਨੀਆਂ ਨੂੰ ਇੱਕ ਆਮ ਚਿੱਠੀ ਲਿਖੀ ਹੈ। ਇਸ ਵਿੱਚ ਲਿਖਿਆ ਹੈ ਕਿ ਉਹਨਾਂ ਦੇ ਪ੍ਰੋਡਕਟ ਨੂੰ ਕਈ ਲੋਕ ਵਰਤਦੇ ਹਨ। ਇਸ ਲਈ ਉਹ ਆਪਣਾ ਸਟੈਂਡ ਕਲੀਅਰ ਕਰਨ, ਕਿਉਂਕਿ ਇਸ ਸਮੇਂ ਈ-20 ਨੂੰ ਲੈ ਕੇ ਕਾਫ਼ੀ ਵਿਵਾਦ ਚੱਲ ਰਿਹਾ ਹੈ। ਉਹ ਆਪਣਾ ਸਟੈਂਡ ਕਲੀਅਰ ਕਰਨ ਕਿ ਕੀ ਉਨ੍ਹਾਂ ਦੀਆਂ 2023 ਤੋਂ ਪਹਿਲਾਂ ਦੀਆਂ ਪੁਰਾਣੀਆਂ ਗੱਡੀਆਂ ਵਿੱਚ ਈ-20 ਦੀ ਵਰਤੋਂ ਕੀਤੀ ਜਾ ਸਕਦੀ ਹੈ? ਕੀ ਉਸ ਕਾਰਨ ਮਾਈਲੇਜ ਘੱਟ ਹੋਵੇਗੀ? ਘੱਟ ਹੋਵੇਗੀ ਤਾਂ ਕਿੰਨੀ ਹੋਵੇਗੀ ਅਤੇ ਕੀ ਉਸ ਕਰਕੇ ਕੋਈ ਨੁਕਸਾਨ ਹੋਵੇਗਾ?


ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੇਕਰ ਇਹ ਕੰਪਨੀਆਂ ਕਹਿੰਦੀਆਂ ਹਨ ਕਿ ਈ-20 ਸੁਰੱਖਿਅਤ ਹੈ, ਤਾਂ ਕੀ ਮਾਈਲੇਜ ਵਿੱਚ ਕਮੀ ਦੇ ਨੁਕਸਾਨ ਦੀ ਉਹ ਭਰਪਾਈ ਕਰਨਗੀਆਂ ਅਤੇ ਕੀ ਪੁਰਜੇ ਦੇ ਨੁਕਸਾਨ ਦੀ ਉਹ ਭਰਪਾਈ ਕਰਨਗੀਆਂ? ਮੈਂ ਉਮੀਦ ਕਰਦਾ ਹਾਂ ਕਿ ਸਾਰੀਆਂ ਕੰਪਨੀਆਂ ਇਸ ਦਾ ਜਵਾਬ ਦੇਣਗੀਆਂ ਕਿਉਂਕਿ ਇਹ ਸਾਰੇ ਖਪਤਕਾਰਾਂ ਲਈ ਬਹੁਤ ਗੰਭੀਰ ਮਾਮਲਾ ਹੈ। ਮੈਨੂੰ ਉਮੀਦ ਹੈ ਕਿ ਇੱਕ ਹਫ਼ਤੇ ਦੇ ਅੰਦਰ ਸਾਰੀਆਂ ਕੰਪਨੀਆਂ ਇਸ ਦਾ ਜਵਾਬ ਦੇਣ, ਕਿਉਂਕਿ ਸਭ ਦੇ ਓਨਰ ਮੈਨੂਅਲ ਕੁਝ ਕਹਿੰਦੇ ਹਨ ਅਤੇ ਜਨਤਕ ਤੌਰ 'ਤੇ ਕੁਝ ਕੰਪਨੀਆਂ ਨੇ ਕੁਝ ਹੋਰ ਕਿਹਾ ਹੈ।


ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਵੀਰਵਾਰ ਨੂੰ ਮੈਂ ਕੁਝ ਪੈਟਰੋਲ ਪੰਪਾਂ, ਸਰਵਿਸ ਸੈਂਟਰਾਂ ਅਤੇ ਕੁਝ ਮਿਸਤਰੀਆਂ ਦੇ ਕੋਲ ਜਾਵਾਂਗਾ। ਮੈਂ ਲੋਕਾਂ ਨਾਲ ਗੱਲ ਕਰਾਂਗਾ ਕਿ ਉਹ ਕੀ ਕਹਿੰਦੇ ਹਨ। ਸਰਕਾਰ ਤਾਂ ਜ਼ਿੱਦ 'ਤੇ ਅੜੀ ਹੋਈ ਹੈ ਕਿ ਉਹ ਈ-20 ਸਾਰਿਆਂ ਉੱਤੇ ਥੋਪੇਗੀ। ਸਰਕਾਰ ਕਹਿੰਦੀ ਹੈ ਕਿ ਇਹ ਸੁਰੱਖਿਅਤ ਹੈ, ਇਸ ਨਾਲ ਕੁਝ ਨਹੀਂ ਹੁੰਦਾ, ਥੋੜ੍ਹੀ ਬਹੁਤ ਮਾਈਲੇਜ ਘੱਟ ਹੁੰਦੀ ਹੈ ਅਤੇ ਇਸ ਦੀ ਵਜ੍ਹਾ ਕਰਕੇ ਕੋਈ ਨੁਕਸਾਨ ਨਹੀਂ ਹੋ ਰਿਹਾ। ਪਰ ਜਨਤਾ ਕੀ ਕਹਿ ਰਹੀ ਹੈ, ਜਨਤਾ ਦਾ ਕੀ ਅਨੁਭਵ ਹੈ?


ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਵਿਚਾਲੇ ਇਹ ਲੋਕ ਜਨਤਾ ਨੂੰ ਐਂਟੀ-ਨੈਸ਼ਨਲ ਕਹਿਣਾ ਸ਼ੁਰੂ ਕਰ ਦਿੰਦੇ ਹਨ, ਕੋਈ ਲਾਬਿੰਗ ਕਹਿਣਾ ਸ਼ੁਰੂ ਕਰ ਦਿੰਦੇ ਹਨ। ਹੁਣ ਤਾਂ ਇਹ ਦੇਖ ਰਹੇ ਹਨ ਕਿ ਇਹਨਾਂ ਦੇ ਆਪਣੇ ਹੀ ਵੱਡੇ-ਵੱਡੇ ਬਲੌਗਰ ਅਤੇ ਵੱਡੇ-ਵੱਡੇ ਇਨਫਲੂਐਂਸਰ ਸੋਸ਼ਲ ਮੀਡੀਆ 'ਤੇ ਇਹਨਾਂ ਨੂੰ ਗਾਲ੍ਹਾਂ ਕੱਢ ਰਹੇ ਹਨ। ਇਸ ਤਰ੍ਹਾਂ 140 ਕਰੋੜ ਜਨਤਾ ਨੂੰ ਐਂਟੀ-ਨੈਸ਼ਨਲ ਅਤੇ ਅੱਤਵਾਦੀ ਬੋਲਣਾ ਸਹੀ ਨਹੀਂ ਹੈ। ਜਦੋਂ ਜਨਤਾ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਦੁਖੀ ਹੈ, ਤਾਂ ਇੱਕ ਜ਼ਿੰਮੇਵਾਰ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਜਨਤਾ ਦੀ ਆਵਾਜ਼ ਨੂੰ ਸੁਣੇ। ਇਹਨਾਂ ਦਾ ਇਹ ਫੈਸਲਾ ਵਿਗਿਆਨ, ਤਰਕ ਅਤੇ ਇੰਜੀਨੀਅਰਿੰਗ ਦੇ ਖ਼ਿਲਾਫ਼ ਹੈ। ਜ਼ਾਹਰ ਤੌਰ 'ਤੇ ਇਹ ਪਬਲਿਕ ਇੰਟਰਸਟ  ਵਿੱਚ ਤਾਂ ਨਹੀਂ ਹੈ। ਇਹ ਕਿਸਦੇ ਹਿੱਤ ਵਿੱਚ ਹੈ, ਇਹ ਅਜੇ ਅਸੀਂ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.